ਓਂਟਾਰੀਓ, 16 ਸਤੰਬਰ (ਪੋਸਟ ਬਿਊਰੋ): ਪੋਰਟ ਡੋਵਰ, ਓਂਟਾਰੀਓ ਕੋਲ ਸ਼ਨੀਵਾਰ ਦੁਪਹਿਰ ਨੂੰ ਪੰਜ ਵਾਹਨਾਂ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਓਂਟਾਰਯੋ ਪ੍ਰੋਵਿਨਸ਼ੀਅਲ ਪੁਲਿਸ (OPP) ਨੇ ਦੱਸਿਆ ਕਿ ਬਲੂਲਾਈਨ ਰੋਡ ਅਤੇ ਹਾਈਵੇ 6 ਦੇ ਚੁਰਾਸਤੇ ਕੋਲ ਹੋਈ ਟੱਕਰ ਵਿੱਚ ਤਿੰਨ ਮੋਟਰਸਾਈਕਲ, ਇੱਕ ਪਿਕਅਪ ਟਰੱਕ ਅਤੇ ਇੱਕ ਐੱਸਯੂਵੀ ਸ਼ਾਮਿਲ ਸੀ।
14 ਸਤੰਬਰ ਨੂੰ ਸ਼ਾਮ ਕਰੀਬ 4:55 ਵਜੇ ਪੁਲਿਸ ਨੂੰ ਟੱਕਰ ਦੀ ਸੂਚਨਾ ਮਿਲੀ। ਨਾਰਫਾਕ ਕਾਊਂਟੀ ਫਾਇਰ ਅਤੇ ਪੈਰਾਮੇਡਿਕ ਸਰਵਿਸੇਜ ਦੇ ਮੈਂਬਰ ਵੀ ਸਹਾਇਤਾ ਲਈ ਪਹੁੰਚੇ। ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਵਿੱਚ ਸਵਾਰ 33 ਸਾਲਾ ਸੁਡਬਰੀ ਨਿਵਾਸੀ ਦੀ ਘਟਨਾ ਸਥਾਨ `ਤੇ ਹੀ ਮੌਤ ਹੋ ਗਈ। ਉਸ ਮੋਟਰਸਾਈਕਲ ਦੇ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਟਰਾਮਾ ਸੈਂਟਰ ਲਿਜਾਇਆ ਗਿਆ। ਦੂਜੇ ਮੋਟਰਸਾਈਕਲ ਚਾਲਕ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ।
ਪੁਲਿਸ ਨੇ ਦੁਰਘਟਨਾ ਵਿੱਚ ਸ਼ਾਮਿਲ ਲੋਕਾਂ ਦੇ ਨਾਮ , ਉਮਰ ਜਾਂ ਹੋਰ ਪਹਿਚਾਣ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਹਾਈਵੇ 6 ਫਿਜੇਂਟ ਟਰੇਲ/ਬਲੂ ਲੇਕ ਏਵੇਨਿਊ ਅਤੇ ਪੋਰਟ ਰਾਇਰਜ਼ ਰੋਡ ਨੌਂ ਘੰਟਿਆਂ ਤੱਕ ਬੰਦ ਰਿਹਾ। ਓਪੀਪੀ ਨੇ ਕਿਹਾ ਕਿ ਦੁਰਘਟਨਾ ਦੀ ਜਾਂਚ ਜਾਰੀ ਹੈ।