ਵਾਸਿ਼ੰਗਟਨ, 7 ਅਗਸਤ (ਪੋਸਟ ਬਿਊਰੋ): ਅਮਰੀਕਾ ਵਿਚ ਨਿਆਂ ਵਿਭਾਗ ਨੇ ਈਰਾਨ ਨਾਲ ਜੁੜੇ ਇਕ ਪਾਕਿਸਤਾਨੀ ਵਿਅਕਤੀ ਨੂੰ ਅਮਰੀਕੀ ਨੇਤਾਵਾਂ ਦੀ ਹੱਤਿਆ ਦੀ ਸਾਜਿ਼ਸ਼ ਰਚਨ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਹੈ। ਇਸ ਨੂੰ ਟਰੰਪ ਨਾਲ ਵੀ ਜੋੜਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਨਾਲ 46 ਸਾਲਾ ਆਸਿਫ਼ ਮਰਚੈਂਟ ਨੇ 2020 ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਅਮਰੀਕੀ ਨੇਤਾਵਾਂ ਦੀ ਹੱਤਿਆ ਦੀ ਸਾਜਿ਼ਸ਼ ਰਚੀ ਸੀ।
ਮਰਚੈਂਟ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਉਹ ਅਮਰੀਕਾ ਜਾਣ ਤੋਂ ਪਹਿਲਾਂ ਕਈ ਦਿਨ ਈਰਾਨ ਵਿੱਚ ਰਿਹਾ ਸੀ। ਉਹ ਆਪਣੀ ਯੋਜਨਾ ਨੂੰ ਅੰਜ਼ਾਮ ਦੇਣ ਲਈ ਇਸ ਸਾਲ ਅਪ੍ਰੈਲ 'ਚ ਪਾਕਿਸਤਾਨ ਤੋਂ ਅਮਰੀਕਾ ਪਹੁੰਚਿਆ ਸੀ। ਇੱਥੇ ਪਹੁੰਚਣ ਤੋਂ ਬਾਅਦ ਉਸਨੇ ਨਿਊਯਾਰਕ ਵਿੱਚ ਇੱਕ ਕਾਤਲ ਨੂੰ ਕਿਰਾਏ 'ਤੇ ਲੈਣ ਦੀ ਕੋਸਿ਼ਸ਼ ਕੀਤੀ।
ਕਿਸੇ ਅਣਪਛਾਤੇ ਵਿਅਕਤੀ ਨੇ ਮਰਚੈਂਟ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਅਮਰੀਕਾ ਦੀ ਫੈਡਰਲ ਅਦਾਲਤ ਨੇ 16 ਜੁਲਾਈ ਨੂੰ ਉਸ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ ਸੀ।