ਬਰੈਂਪਟਨ, (ਡਾ.ਝੰਡ) - ਪੀਸੀਐੱਚਐੱਸ ਦੇ ਸੀਨੀਅਰਜ਼ ਗਰੁੱਪ ਵਿਚ ਲੰਘੇ ਸ਼ੁੱਕਰਵਾਰ 24 ਮਈ ਨੂੰ ਸਿਹਤ ਸਬੰਧੀ ਦੋ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀ ਗਈਆਂ। ਪਹਿਲੀ ਜਾਣਕਾਰੀ ਦੰਦਾਂ ਦੀ ਸੰਭਾਲ ਬਾਰੇ 50 ਸੰਨੀਮੈਡੋ ਸਥਿਤ ‘ਫ਼ੈਮਿਲੀ ਡੈਂਟਿਸਟ’ ਦੀ ਡਾ. ਸ਼ਕੀਰਾ ਦਾਨੇਵਾਲੀਆ ਤੇ ਉਨ੍ਹਾਂ ਦੀ ਟੀਮ ਮੈਂਬਰ ਵੱਲੋਂ ਦਿੱਤੀ ਗਈ ਜਿਸ ਵਿਚ ਉਨ੍ਹਾਂ ਨੇ ਦੰਦਾਂ ਦੀ ਸਫ਼ਾਈ ਤੇ ਇਨ੍ਹਾਂ ਨੂੰ ਸੁਰੱਖ਼ਿਅਤ ਰੱਖਣ ਲਈ ਪੀਲ ਰੀਜਨ ਵੱਲੋਂ ਪਹਿਲਾਂ ਤੋਂ ਚਲਾਏ ਜਾ ਰਹੇ ਡੈਂਟਲ ਕੇਅਰ ਪ੍ਰੋਗਰਾਮ (ਪੀਡੀਸੀਪੀ) ਅਤੇ ਫ਼ੈੱਡਰਲ ਸਰਕਾਰ ਵੱਲੋਂ ਅਗਲੇ ਮਹੀਨੇ ਕੈਨੇਡਾ-ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ‘ਫ਼ੈੱਡਰਲ ਗੌਰਮਿੰਟ ਡੈਂਟਲ ਕੇਅਰ’ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਦੱਸਿਆ।
ਉਨ੍ਹਾਂ ਕਿਹਾ ਕਿ ਪੀਲ ਰੀਜਨ ਵਾਲੇ ਨੀਲੇ ਰੰਗ ਦੇ ਕਾਰਡ ਵਾਲੇ ਡੈਂਟਲ ਪ੍ਰੋਗਰਾਮ ਦਾ ਘੇਰਾ ਓਨਟਾਰੀਓ ਸੂਬੇ ਤੱਕ ਹੀ ਸੀਮਤ ਹੈ, ਜਦਕਿ ਨਵੇਂ ਆਰੰਭ ਕੀਤੇ ਜਾ ਰਹੇ ਫ਼ੈੱਡਰਲ ਸਰਕਾਰ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਗੁਲਾਬੀ ਰੰਗ (ਪਿੰਕ ਕਾਰਡ) ਵਾਲਾ ਵਿਅੱਕਤੀ ਕੈਨੇਡਾ ਵਿੱਚ ਕਿਸੇ ਵੀ ਥਾਂ ‘ਤੇ ਆਪਣੇ ਦੰਦਾਂ ਦਾ ਇਲਾਜ ਕਰਵਾ ਸਕਦਾ ਹੈ। ਦੰਦਾਂ ਦੀ ਸੰਭਾਲ ਤੇ ਇਲਾਜ ਦੇ ਇਸ ਪ੍ਰੋਗਰਾਮ ਵਿਚ ਦੰਦਾਂ ਦੀ ਸਫ਼ਾਈ ਤੋਂ ਲੈ ਕੇ ਖ਼ਰਾਬ ਦੰਦ-ਦਾੜ੍ਹ ਪੁਟਾਉਣਾ ਤੇਇਨ੍ਹਾਂ ਦੀ ਥਾਂ ‘ਤੇ ਨਵੇਂ ਦੰਦ-ਦਾੜਾਂ ਲਗਵਾਉਣਾ, ‘ਰੂਟ ਕੈਨਾਲ ਟਰੀਟਮੈਂਟ’ (ਆਰਸੀਟੀ) ਅਤੇ ਸਾਰੇ ਹੀ ਦੰਦ (ਡੈਂਚਰ) ਲਗਾਉਣਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਸਾਰੇ ਹੀ ਸੀਨੀਅਰਜ਼ ਨੂੰ ਡਾਕ ਰਾਹੀਂ ਇਹ ‘ਪਿੰਕ ਕਾਰਡ’ ਪਹੁੰਚ ਰਹੇ ਹਨ ਅਤੇ ਉਹ ਇਹ ਸਰਕਾਰ ਵੱਲੋਂ ਨਿਸਚਿਤ ਕੀਤੇ ਗਏ ਡੈਂਟਲ ਆਫ਼ਿਸਿਜ਼ ਦੇ ਡੈਂਟਿਸਟਾਂ ਕੋਲ ਦਰਜ ਕਰਵਾ ਕੇ ਅਗਲੇ ਇੱਕ-ਦੋ ਮਹੀਨਿਆਂ ਵਿੱਚ ਕੈਨੇਡਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ। ਇਹ ਪਿੰਕ ਕਾਰਡ ਨਾ ਮਿਲਣ ਦੀ ਹਾਲਤ ਵਿੱਚ‘ਸਰਵਿਸ ਕੈਨੇਡਾ’ ਨੂੰ 1 833-537-4342 ‘ਤੇ ਫ਼ੋਨ ਕੀਤਾ ਜਾ ਸਕਦਾ ਹੈ। ਪੀਲ ਰੀਜਨ ਦੇ ਨੀਲੇ ਰੰਗ ਦੇ ਕਾਰਡ ਲਈ 905-791-7800 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੂਸਰੀ ਜਾਣਕਾਰੀ ਪੀਸੀਐੱਚਐੱਸ ਦੀ ਸੈੱਟਲਮੈਂਟ ਕਾਊਂਸਲਰ ਜਸਦੀਪ ਸਿਹੋਤਾ ਵੱਲੋਂ ਲੋੜਵੰਦਾਂ ਨੂੰ ਮੁਹੱਈਆ ਕੀਤੇ ਜਾ ਰਹੇ ਸਹਾਇਤਾ ਸਾਧਨਾਂ ਬਾਰੇ ਵਿਸਤ੍ਰਿਤ ਪ੍ਰੈਜ਼ੈਂਟੇਸ਼ਨ ਦੇ ਰੂਪ ਵਿੱਚ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਓਨਟਾਰੀਓ ਏਰੀਏ ਦੇ ‘ਓਐੱਚਆਈਪੀ ਕਾਰਡ’ (ਓਹਿਪ ਕਾਰਡ) ਧਾਰਕ ਵਿਅੱਕਤੀ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ।ਇਨ੍ਹਾਂ ਵਿੱਚ ਮੈਨੂਅਲ ਵ੍ਹੀਲਚੇਅਰ ਤੇ ਵਾੱਕਰ, ਬੈਟਰੀ ਨਾਲ ਚੱਲਣ ਵਾਲੀ ਵ੍ਹੀਲਚੇਅਰ, ਕੁਸ਼ਨ, ਬੱਚਿਆਂ ਲਈ ਵਾੱਕਰ, ਆਦਿ ਉਪਕਰਣ ਸ਼ਾਮਲ ਹਨ। ਇਸ ਸਹਾਇਤਾ ਵਿਚ ਆਉਣ ਵਾਲਾ 75% ਖ਼ਰਚ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਅਤੇ ਬਾਕੀ ਦਾ 25% ਸਬੰਧਿਤ ਵਿਅੱਕਤੀ ਨੂੰ ਖ਼ੁਦ ਕਰਨਾ ਪੈਂਦਾ ਹੈ। ਬੈਟਰੀਆਂ ਬਦਲਣ ਦਾ ਖ਼ਰਚਾ ਵੀ ਉਸ ਵਿਅੱਕਤੀ ਨੂੰ ਪੱਲਿਉਂ ਹੀ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ 100% ਕੱਵਰੇਜ ਲਈ ‘ਓਨਟਾਰੀਓ ਵਰਕਸ’, ‘ਓਨਟਾਰੀਓ ਡਿਸਅਬਿਲਿਟੀ ਸੁਪੋਰਟ’ ਅਤੇ ‘ਅਸਿਸਟੈਂਟ ਫ਼ਾਰ ਚਿਲਡਰਨ’ ਵਰਗੇ ਪ੍ਰੋਗਰਾਮਾਂ ਲਈ ਸਬੰਧਿਤ ਦਫ਼ਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ‘ਹੋਮ ਐਂਡ ਵਹੀਕਲ ਮੌਡੀਫ਼ੀਕੇਸ਼ਨ ਪ੍ਰੋਗਰਾਮ’ (ਐੱਚਵੀਐੱਮਪੀ) ਲਈ ਸਬੰਧਿਤ ਵਿਅੱਕਤੀ ਦੀ ਸਲਾਨਾ ‘ਗਰੌਸ ਇਨਕਮ’ ਦੀ ਹੱਦ 35,000 ਡਾਲਰ ਤੱਕ ਦੀ ਹੈ। ਇਸ ਪ੍ਰੋਗਰਾਮ ਵਿੱਚ ਘਰਾਂ ਵਿਚ ਵਰਤੇ ਜਾਣ ਵਾਲੇ ਸਹਾਇਤਾ ਸਾਧਨਾਂ, ਜਿਵੇਂ ‘ਗੈਰਾਜਡੋਰ’, ਆਦਿ ਖੋਲ੍ਹਣ ਲਈ ਰੀਮੋਟ ਕੰਟਰੋਲ ਦੀ ਵੀ ਵਿਵਸਥਾ ਹੈ।
ਦੋ ਘੰਟੇ ਚੱਲੇ ਸੀਨੀਅਰਜ਼ ਦੇ ਇਸ ਪ੍ਰੋਗਰਾਮ ਦੌਰਾਨ 6 ਮਈ 1973 ਨੂੰ ਇਸ ਸੰਸਾਰ ਤੋਂ ਗਏ ‘ਬਿਰਹਾ ਦੇ ਸੁਲਤਾਨ’ ਸ਼ਿਵ ਕੁਮਾਰ ਬਟਾਲਵੀ ਅਤੇ 11 ਮਈ 2024 ਨੂੰ ਅਲਵਿਦਾ ਕਹਿ ਗਏ ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ ਅਤੇ ਮਹਿੰਦਰ ਸਿੰਘ ਕੁੰਦੀ ਵੱਲੋਂ ਸ਼਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ‘ਕਾਲੀਆ ਦੰਪਤੀ’ ਵੱਲੋਂ ਆਪਣੇ ਵਿਆਹ ਦੀ 63’ਵੀਂ ਵਰ੍ਹੇ-ਗੰਢ ‘ਤੇ ਸ਼ਾਨਦਾਰ ਚਾਹ-ਪਾਰਟੀ ਕੀਤੀ ਗਈ ਜਿਸ ਨੂੰ ਸਾਰੇ ਮੈਂਬਰਾਂ ਨੇ ਖ਼ੂਬ ਮਾਣਿਆ ਤੇ ਸੁਭਾਗ-ਜੋੜੀ ਨੂੰ ਲੰਮੀ ਤੇ ਤੰਦਰੁਸਤ ਉਮਰ ਦੀਆਂ ਸ਼ੁਭ-ਇੱਛਾਵਾਂ ਤੇ ਮੁਬਾਰਕਾਂ ਦਿੱਤੀਆਂ।