ਪੁਣੇ, 21 ਮਈ (ਪੋਸਟ ਬਿਊਰੋ): ਪੁਣੇ ਹਾਦਸੇ ਦੇ ਮਾਮਲੇ 'ਚ ਪੁਲਸ ਨੇ ਮੰਗਲਵਾਰ ਨੂੰ ਨਾਬਾਲਿਗ ਮੁਲਜ਼ਮ ਦੇ ਪਿਤਾ ਵਿਸ਼ਾਲ ਅਗਰਵਾਲ ਨੂੰ ਛੱਤਰਪਤੀ ਸੰਭਾਜੀਨਗਰ (ਔਰੰਗਾਬਾਦ) ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਜਿਸ ਪਬ 'ਚ ਨਾਬਾਲਿਗ ਨੇ ਸ਼ਰਾਬ ਪੀਤੀ ਸੀ, ਉਸ ਦੇ ਮਾਲਕ ਅਤੇ ਮੈਨੇਜਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ, ਤਿੰਨਾਂ ਨੂੰ 24 ਮਈ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਵਿਸ਼ਾਲ ਅਗਰਵਾਲ ਸ਼ਹਿਰ ਦੇ ਮਸ਼ਹੂਰ ਬਿਲਡਰ ਹਨ।
19 ਮਈ ਨੂੰ, ਪੁਣੇ ਵਿੱਚ, ਇੱਕ ਨਾਬਾਲਿਗ ਨੇ ਆਪਣੀ ਪੋਰਸ਼ ਕਾਰ ਨਾਲ ਦੋ ਬਾਈਕ ਸਵਾਰ ਆਈਟੀ ਇੰਜੀਨੀਅਰਾਂ ਨੂੰ ਟੱਕਰ ਮਾਰ ਦਿੱਤੀ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਸ਼ੀ ਨਾਬਾਲਿਗ 12ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਆਪਣੇ ਦੋਸਤਾਂ ਨਾਲ ਪਾਰਟੀ ਕਰ ਕੇ ਵਾਪਿਸ ਆ ਰਿਹਾ ਸੀ। ਉਹ ਸ਼ਰਾਬ ਦੇ ਨਸ਼ੇ 'ਚ ਕਰੀਬ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾ ਰਿਹਾ ਸੀ।
ਹਾਦਸੇ ਵਿੱਚ ਜਾਨ ਗਵਾਉਣ ਵਾਲਾ ਨੌਜਵਾਨ ਅਨੀਸ਼ ਅਵਧੀਆ ਮੱਧ ਪ੍ਰਦੇਸ਼ ਦੇ ਉਮਰੀਆ ਜਿ਼ਲ੍ਹੇ ਦੇ ਬੀਰਸਿੰਘਪੁਰ ਦਾ ਰਹਿਣ ਵਾਲਾ ਸੀ ਅਤੇ ਲੜਕੀ ਅਸ਼ਵਨੀ ਕੋਸ਼ਟਾ ਜਬਲਪੁਰ ਦੀ ਰਹਿਣ ਵਾਲੀ ਸੀ। ਇੱਕ ਦੀ ਲਾਸ਼ ਕੱਲ੍ਹ (20 ਮਈ) ਅਤੇ ਦੂਜੇ ਦੀ ਅੱਜ (21 ਮਈ) ਨੂੰ ਉਨ੍ਹਾਂ ਦੇ ਘਰ ਪੁੱਜੀ। ਅਨੀਸ਼ ਦੇ ਚਾਚਾ ਅਖਿਲੇਸ਼ ਅਵਾਡੀਆ ਨੇ ਕਿਹਾ- ਇਹ ਹਾਦਸਾ ਨਹੀਂ ਬਲਕਿ ਕਤਲ ਹੈ। ਦੋਸ਼ੀ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਸੀ।
ਅਸ਼ਵਨੀ ਕੋਸ਼ਟਾ ਦੇ ਪਿਤਾ ਸੁਰੇਸ਼ ਕੋਸ਼ਟਾ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਇਸ ਤੋਂ ਸਬਕ ਸਿੱਖਣ। ਮੇਰੀ ਬੇਟੀ ਨੇ ਪੁਣੇ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉੱਥੇ ਨੌਕਰੀ ਮਿਲ ਹਈ ਸੀ। ਭਰਾ ਸਮਰਪ੍ਰੀਤ ਨੇ ਦੱਸਿਆ ਕਿ ਅਸ਼ਵਨੀ 6 ਸਾਲ ਤੋਂ ਪੁਣੇ 'ਚ ਸੀ, ਉਸ ਨੇ ਜਨਵਰੀ 'ਚ ਹੀ ਆਪਣਾ 24ਵਾਂ ਜਨਮਦਿਨ ਮਨਾਇਆ ਸੀ।