ਸ਼ਾਹਪੁਰਾ, 20 ਮਈ (ਪੋਸਟ ਬਿਊਰੋ): ਰਾਜਸਥਾਨ ਦੇ ਸ਼ਾਹਪੁਰਾ ਜਿ਼ਲੇ ਦੇ ਕੋਟਰੀ 'ਚ 14 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਅਤੇ ਉਸ ਨੂੰ ਜਿਉਂਦਾ ਸਾੜਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਬਹੁਚਰਚਿਤ ਮਾਮਲੇ 'ਚ ਭੀਲਵਾੜਾ ਪੋਕਸੋ ਕੋਰਟ-2 ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ, ਜਿਸ 'ਚ ਦੋਹਾਂ ਦੋਸ਼ੀਆਂ ਕਾਲੂ ਅਤੇ ਕਾਹਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ 18 ਮਈ ਨੂੰ ਭੀਲਵਾੜਾ ਪੋਕਸੋ ਅਦਾਲਤ ਨੇ ਕਾਲੂ ਅਤੇ ਕਾਹਨਾ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦੋਂਕਿ ਸੱਤ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਸੋਮਵਾਰ ਤੱਕ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਅੱਜ ਦੀ ਸੁਣਵਾਈ ਦੌਰਾਨ ਪੀੜਤਾ ਦੇ ਮਾਪੇ ਵੀ ਅਦਾਲਤ ਵਿੱਚ ਹਾਜ਼ਰ ਸਨ। ਫੈਸਲਾ ਸੁਣਦਿਆਂ ਪੀੜਤਾ ਦੀ ਮਾਂ ਨੇ ਕਿਹਾ ਕਿ ਅੱਜ ਸਾਨੂੰ ਇਨਸਾਫ਼ ਮਿਲਿਆ ਹੈ। ਜਿਨ੍ਹਾਂ ਸੱਤ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਦੋਵਾਂ ਦੋਸ਼ੀਆਂ ਦੀ ਪਤਨੀ, ਮਾਂ, ਭੈਣ ਅਤੇ ਹੋਰ ਸ਼ਾਮਿਲ ਹਨ।
ਸਰਕਾਰੀ ਵਕੀਲ ਮਹਾਵੀਰ ਕਿਸ਼ਨਾਵਤ ਨੇ ਕਿਹਾ ਕਿ ਨਾਬਾਲਿਗ ਲੜਕੀ ਨੂੰ ਪਿਛਲੇ ਸਾਲ ਅਗਸਤ 'ਚ ਸਮੂਹਿਕ ਬਲਾਤਕਾਰ ਤੋਂ ਬਾਅਦ ਕੋਲੇ ਦੀ ਭੱਠੀ 'ਚ ਜਿਉਂਦਾ ਸਾੜ ਦਿੱਤਾ ਗਿਆ ਸੀ। ਪੁਲਿਸ ਨੇ ਇੱਕ ਮਹੀਨੇ ਦੇ ਅੰਦਰ 473 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਇਸ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਅਦਾਲਤ ਨੇ ਵੀ ਇਸ ਕਤਲ ਨੂੰ ਘਿਨੌਣਾ ਅਪਰਾਧ ਮੰਨਿਆ ਹੈ।
ਮਹਾਵੀਰ ਕਿਸਨਾਵਤ ਨੇ ਕਿਹਾ ਕਿ ਦੋਵਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਦੋਸ਼ੀ ਕਾਲੂ ਨੇ ਉਸ ਨਾਲ ਦੋ ਵਾਰ ਬਲਾਤਕਾਰ ਕੀਤਾ ਸੀ। ਕੁੱਟਮਾਰ ਤੋਂ ਬਾਅਦ ਉਸ ਨੂੰ ਮਰਿਆ ਸਮਝ ਕੇ ਭੱਠੀ ਵਿਚ ਸੁੱਟ ਦਿੱਤਾ ਸੀ।