ਮਾਲੇ, 8 ਮਈ (ਪੋਸਟ ਬਿਊਰੋ): ਭਾਰਤ ਨੇ ਮਾਲਦੀਵ ਤੋਂ ਆਪਣੇ 51 ਸੈਨਿਕਾਂ ਨੂੰ ਵਾਪਿਸ ਬੁਲਾ ਲਿਆ ਹੈ। ਮਾਲਦੀਵ ਦੇ ਰਾਸ਼ਟਰਪਤੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਨ੍ਹਾਂ ਨੇ ਮਾਲਦੀਵ 'ਚ ਬਾਕੀ ਭਾਰਤੀ ਸੈਨਿਕਾਂ ਦੇ ਬਾਰੇ 'ਚ ਕੋਈ ਖੁਲਾਸਾ ਨਹੀਂ ਕੀਤਾ ਹੈ।
ਮਾਲਦੀਵ ਤੋਂ ਭਾਰਤੀ ਸੈਨਿਕਾਂ ਦੀ ਵਾਪਸੀ ਦੀ ਸੂਚਨਾ ਅਜਿਹੇ ਸਮੇਂ 'ਚ ਆਈ ਹੈ ਜਦੋਂ ਰਾਸ਼ਟਰਪਤੀ ਮੁਈਜ਼ੂ ਵੱਲੋਂ ਦਿੱਤੀ ਗਈ ਸਮਾਂ ਸੀਮਾ 'ਚ ਸਿਰਫ ਦੋ ਦਿਨ ਬਚੇ ਹਨ। ਇਸ ਤੋਂ ਇਕ ਦਿਨ ਬਾਅਦ 9 ਮਈ ਨੂੰ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਅਮੀਰ ਭਾਰਤ ਦੌਰੇ 'ਤੇ ਆ ਰਹੇ ਹਨ।
ਇਸ ਤੋਂ ਪਹਿਲਾਂ ਮਾਲਦੀਵ ਨੇ ਜਾਣਕਾਰੀ ਦਿੱਤੀ ਸੀ ਕਿ ਭਾਰਤੀ ਸੈਨਿਕਾਂ ਦੇ ਦੋ ਬੈਚ ਦੇਸ਼ ਛੱਡ ਚੁੱਕੇ ਹਨ। ਹਾਲਾਂਕਿ, ਉਸ ਸਮੇਂ ਵੀ ਦੇਸ਼ ਛੱਡਣ ਵਾਲੇ ਸੈਨਿਕਾਂ ਦੀ ਸਹੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ। ਦਰਅਸਲ, ਮਾਲਦੀਵ ਦੀ ਮੌਜੂਦਾ ਸਰਕਾਰ ਨੇ ਭਾਰਤੀ ਸੈਨਿਕਾਂ ਨੂੰ 10 ਮਈ ਤੱਕ ਮਾਲਦੀਵ ਛੱਡਣ ਦੀ ਸਮਾਂ ਸੀਮਾ ਦਿੱਤੀ ਹੈ।
ਮਾਲਦੀਵ ਦੇ ਰਾਸ਼ਟਰਪਤੀ ਦਫ਼ਤਰ ਦੀ ਬੁਲਾਰਾ ਹਿਨਾ ਵਲੀਦ ਨੇ ਸੋਮਵਾਰ ਨੂੰ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਮਾਲਦੀਵ ਦੇ ਦੋ ਪਲੇਟਫਾਰਮਾਂ 'ਤੇ ਮੌਜੂਦ 51 ਭਾਰਤੀ ਫੌਜੀ ਵਾਪਿਸ ਭਾਰਤ ਪਰਤ ਆਏ ਹਨ। ਬਾਕੀ ਫੌਜੀ ਵੀ 10 ਮਈ ਤੱਕ ਭਾਰਤ ਪਰਤ ਆਉਣਗੇ।