ਚੰਡੀਗੜ੍ਹ, 29 ਫਰਵਰੀ (ਪੋਸਟ ਬਿਊਰੋ): ਪੰਜਾਬ ਦੇ ਲੁਧਿਆਣਾ ਦੇ ਥਾਣਾ ਕੋਤਵਾਲੀ ਪੁਲਿਸ ਨੇ ਨਗਰ ਨਿਗਮ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਇਸ ਕੇਸ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸਮੇਤ 60 ਕਾਂਗਰਸੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਅਮਿਤ ਕੁਮਾਰ ਵਾਸੀ ਸ਼ਾਹੀ ਮੁਹੱਲਾ ਲੁਧਿਆਣਾ ਨੇ ਦੱਸਿਆ ਕਿ ਉਹ ਨਗਰ ਨਿਗਮ ਜ਼ੋਨ-ਈ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਹਾਂ। ਬੀਤੇ ਮੰਗਲਵਾਰ ਸਵੇਰੇ ਸਾਢੇ 11 ਵਜੇ ਮੈਂ ਨਗਰ ਨਿਗਮ ਦੇ ਗੇਟ ‘ਤੇ ਤਾਇਨਾਤ ਸੀ, ਇਸ ਦੌਰਾਨ ਕਾਂਗਰਸੀ ਆਗੂਆਂ ਨੇ ਨਿਗਮ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਧੱਕਾਮੁੱਕੀ ਕੀਤੀ।
ਜਦੋਂ ਮੈਂ ਉਨ੍ਹਾਂ ਨੂੰ ਰੋਕਿਆ ਤਾਂ ਸਾਰਿਆਂ ਨੇ ਮੈਨੂੰ ਘੇਰ ਲਿਆ। ਜਿਸ ਤੋਂ ਬਾਅਦ ਕਾਂਗਰਸੀਆਂ ਵੱਲੋਂ ਦਫਤਰ ਨੂੰ ਤਾਲਾ ਲਗਾ ਦਿੱਤਾ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਚੌਕੀਦਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਯਾਨੀ ਬੁੱਧਵਾਰ ਨੂੰ ਲੁਧਿਆਣਾ () ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਕਾਂਗਰਸੀਆਂ ਵਿਚਾਲੇ ਝਗੜਾ ਹੋ ਗਿਆ ਸੀ।