ਫ਼ਰੀਦਕੋਟ, 7 ਫ਼ਰਵਰੀ (ਗਿਆਨ ਸਿੰਘ): ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਤਹਿਤ ਉਲੀਕੇ ਗਏ 30 ਦਿਨਾਂ ਲਗਾਤਾਰ ਪ੍ਰੋਗਰਾਮਾਂ ਵਿੱਚ ਪਹਿਲੇ ਦਿਨ ਆਉਣ ਵਾਲੀਆਂ ਤਰੁੱਟੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਦੂਰ ਕੀਤਾ।
ਬੁੱਧਵਾਰ ਤੜਕਸਾਰ ਹੀ ਰੱਖੀ ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕੈਂਪ ਵਿੱਚ ਆਈਆਂ ਊਣਤਾਈਆਂ ਨੂੰ ਇੱਕ-ਇੱਕ ਕਰਕੇ ਹਰ ਮਹਿਕਮੇ ਦੇ ਨੋਡਲ ਅਫਸਰ ਮੁਖੀਆਂ ਨਾਲ ਗੱਲ ਕਰਕੇ ਢੁੱਕਵੇਂ ਹੱਲ ਲਈ ਕਿਹਾ।
ਉਹਨਾਂ ਕਿਹਾ ਕਿ ਲੇਬਰ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਸਹੀ ਤਰੀਕੇ ਨਾਲ ਨਹੀਂ ਪੁੱਜ ਸਕਿਆ। ਇਸ ਲਈ ਉਹਨਾਂ ਇਸ ਮਹਿਕਮੇ ਵਿੱਚ ਮੁਲਾਜ਼ਮਾਂ ਦੀ ਕਮੀ ਤੇ ਚੱਲਦਿਆਂ ਹੋਰ ਕਰਮਚਾਰੀ ਲਗਾ ਕੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਕਿਸੇ ਇੱਕ ਕਾਊਂਟਰ ਤੇ ਲੋਕਾਂ ਦੀ ਜਿਆਦਾ ਭੀੜ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਹਰ ਕੈਂਪ ਵਿੱਚ ਹੈਲਪ ਡੈਸਕ ਹੋਣਾ ਲਾਜ਼ਮੀ ਹੋਵੇ ਜੋ ਆਉਣ ਵਾਲੇ ਲੋਕਾਂ ਨੂੰ ਇਹ ਦੱਸ ਸਕੇ ਕਿ ਉਹਨਾਂ ਦੀ ਅਰਜੀ ਕਿਸ ਮਹਿਕਮੇ ਨਾਲ ਸੰਬੰਧਿਤ ਹੈ ਅਤੇ ਉਹਨਾਂ ਨੇ ਕਿਹੜੇ ਕਾਊਂਟਰ ਤੇ ਜਾਣਾ ਹੈ।
ਇਸ ਤੋਂ ਇਲਾਵਾ ਟਰਾਂਸਪੋਟੇਸ਼ਨ ਸਬੰਧੀ ਅਤੇ ਪ੍ਰਾਪਤ ਕੀਤੀਆਂ ਸ਼ਿਕਾਇਤਾਂ ਨਿਬੇੜਨ ਅਤੇ ਲੰਬਿਤ ਪਈਆਂ ਦਰਖਾਸਤਾਂ ਦਾ ਲੇਖਾ ਜੋਖਾ ਰੱਖਣ ਦੀ ਵੀ ਵਿਭਾਗ ਦੇ ਮੁਖੀਆਂ ਨੂੰ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਦੱਸਿਆ ਕਿ ਇਨ੍ਹਾਂ ਲੱਗਣ ਵਾਲੇ ਕੈਂਪਾਂ ਦਾ ਸਮਾਂ ਸਵੇਰੇ 10 ਤੋਂ 12 ਅਤੇ ਦੁਪਹਿਰ 02 ਤੋਂ 04 ਵਜੇ ਤੱਕ ਦਾ ਕੀਤਾ ਗਿਆ ਹੈ ਤਾਂ ਜੋ ਲੋਕ ਸਮੇਂ ਸਿਰ ਆ ਕੇ ਆਪਣਾ ਕੰਮ ਕਰਵਾ ਸਕਣ।