-ਡਿਪਟੀ ਕਮਿਸ਼ਨਰ ਨੇ ਵਲੰਟੀਅਰਾਂ ਨੂੰ ਆਈ ਕਾਰਡ ਅਤੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ
ਫਰੀਦਕੋਟ, 5 ਦਸੰਬਰ (ਗਿਆਨ ਸਿੰਘ): ਭਾਰਤ ਸਰਕਾਰ, ਐਨ.ਡੀ.ਐਮ.ਏ,ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਚੰਡੀਗੜ੍ਹ ਨੇ ਦੇਸ਼ ਭਰ ਵਿੱਚ ਹਰ ਕਿਸਮ ਦੀਆਂ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਆਫ਼ਤ ਪ੍ਰਬੰਧਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਦਾ ਆਯੋਜਨ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਕੀਤਾ ਗਿਆ ਸੀ। ਅੱਜ ਸਿਖਲਾਈ ਦੇ ਬਾਰਵੇਂ ਦਿਨ ਦੇ ਸਮਾਪਤੀ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਲਗਭਗ 200 ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਉਹ ਹਰ ਤਬਾਹੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਅਤੇ ਜ਼ਿਲ੍ਹੇ ਨੂੰ ਪੇਸ਼ ਆ ਰਹੀ ਹਰ ਚੁਣੌਤੀ ਨੂੰ ਦੂਰ ਕਰਨ ਵਿੱਚ ਸਹਾਇਤਾ ਕਰ ਸਕਣ।
ਡਿਪਟੀ ਕਮਿਸ਼ਨਰ ਨੇ 12 ਦਿਨ ਦੀ ਟਰੇਨਿੰਗ ਲੈਣ ਵਾਲੇ ਵਲੰਟੀਅਰਾਂ ਨੂੰ ਸਰਟੀਫਿਕੇਟ ਅਤੇ ਆਈ ਕਾਰਡ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਸਾਰੇ ਵਲੰਟੀਅਰਾਂ ਨੂੰ ਸੁਨੇਹਾ ਦਿੰਦੇ ਕਿਹਾ ਕਿ ਤੁਸੀਂ ਸਾਰੇ ਵਲੰਟੀਅਰ ਬਹੁਤ ਹੀ ਭਾਗੀਸ਼ਾਲੀ ਹੋ ਜਿਨ੍ਹਾਂ ਨੇ ਇਹ ਟਰੇਨਿੰਗ ਲਈ ਹੈ ਅਤੇ ਹੁਣ ਤੁਸੀਂ ਸਾਰੇ ਵਲੰਟੀਅਰ ਫਰੀਦਕੋਟ ਜਿ਼ਲ੍ਹੇ ਦੀ ਪਛਾਣ ਹੋ, ਜਿਹੜੇ ਜਿਲ੍ਹੇ ਦੀ ਪੇਸ਼ ਆ ਰਹੀ ਹਰ ਔਕੜ ਨੂੰ ਦੂਰ ਕਰਨਗੇ।
ਮੈਗਸੀਪਾ ਸੀਨੀਅਰ ਕੋਰਸ ਡਾਇਰੈਕਟਰ ਡਾ.ਪ੍ਰੋਫੈਸਰ ਜੋਗ ਸਿੰਘ ਭਾਟੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਫਰੀਦਕੋਟ ਜ਼ਿਲੇ ਦੇ ਵਲੰਟੀਅਰਾਂ ਦੇ ਸਿੱਖਣ ਦੇ ਜਜ਼ਬੇ ਨੂੰ ਸਲਾਮ ਕੀਤੀ । ਉਹਨਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਦੇ ਸਾਮ੍ਹਣੇ ਪੇਸ਼ ਆ ਰਹੀ ਹੁਣ ਹਰੇਕ ਆਪਦਾ ਨੂੰ ਤੁਸੀਂ ਡਟ ਕੇ ਸਾਹਮਣਾ ਕਰਨਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਜਿਨਾ ਦੇ ਸਹਿਯੋਗ ਸਦਕਾ ਇਹ ਟਰੇਨਿੰਗ ਸੰਭਵ ਹੋ ਸਕੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀ. ਸੀ. ਦਫਤਰ ਤੋ ਸੀਨੀਅਰ ਅਸਿਸਟੈਂਟ ਗੁਰਦੀਪ ਕੌਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ 12 ਦਿਨ ਇੰਸਟਰਕਟਰਾਂ ਦੀ ਬਹੁਤ ਸਹਾਇਤਾ ਕੀਤੀ ਅਤੇ ਇਸ ਟਰੇਨਿੰਗ ਨੂੰ ਨੇਪਰੇ ਚਾੜਿਆ। ਇਸ ਮੌਕੇ ਡੀ.ਆਰ.ਓ. ਸ਼੍ਰੀਮਤੀ ਲਵਪ੍ਰੀਤ ਕੌਰ, ਕਾਲਜ ਦੇ ਪ੍ਰੋਫੈਸਰ ਅਤੇ ਆਪਦਾ ਮਿੱਤਰ ਟੀਮ ਦੇ ਵਲੰਟੀਅਰ ਹਾਜ਼ਰ ਸਨ।