ਤਲਅਵੀਵ, 4 ਦਸੰਬਰ (ਪੋਸਟ ਬਿਊਰੋ): ਇਜ਼ਰਾਈਲ-ਹਮਾਸ ਯੁੱਧ ਹੌਲੀ-ਹੌਲੀ ਹੋਰ ਖੇਤਰਾਂ ਵਿੱਚ ਵੀ ਫੈਲ ਰਿਹਾ ਹੈ। ਖਬਰਾਂ ਮੁਤਾਬਕ ਐਤਵਾਰ ਨੂੰ ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ 'ਚ ਤਿੰਨ ਜਹਾਜ਼ਾਂ 'ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਨ੍ਹਾਂ 'ਚੋਂ 2 ਇਜ਼ਰਾਇਲੀ ਜਹਾਜ਼ ਦੱਸੇ ਜਾਂਦੇ ਹਨ। ਉਨ੍ਹਾਂ ਦੇ ਨਾਮ ਯੂਨਿਟੀ ਐਕਸਪਲੋਰਰ ਅਤੇ ਨੰਬਰ ਨਾਈਨ ਹਨ। ਇਸ ਤੋਂ ਇਲਾਵਾ ਯਮਨ ਦੇ ਹੋਡੇਦਾ ਬੰਦਰਗਾਹ ਤੋਂ 101 ਕਿਲੋਮੀਟਰ ਦੂਰ ਇਕ ਜਹਾਜ਼ ਦੇ ਕੰਟੇਨਰ ਦੇ ਨੁਕਸਾਨੇ ਜਾਣ ਦੀ ਵੀ ਖ਼ਬਰ ਹੈ।
ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਲਾਲ ਸਾਗਰ 'ਚ ਉਸ ਦੇ ਜੰਗੀ ਬੇੜੇ 'ਤੇ ਹਮਲਾ ਕਰਨ ਜਾ ਰਹੇ 3 ਡਰੋਨਾਂ ਨੂੰ ਡੇਗ ਦਿੱਤਾ ਹੈ। ਇਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹੂਤੀ ਵਿਦਰੋਹੀਆਂ ਦੇ ਹਮਲੇ ਕਰੀਬ 5 ਘੰਟੇ ਤੱਕ ਜਾਰੀ ਰਹੇ। ਇਹ ਸਵੇਰੇ 10 ਵਜੇ ਸ਼ੁਰੂ ਹੋਏ। ਪਿਛਲੇ ਮਹੀਨੇ ਹੂਤੀ ਬਾਗੀਆਂ ਨੇ ਤੁਰਕੀ ਤੋਂ ਭਾਰਤ ਆ ਰਹੇ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ। ਹੂਤੀ ਦਾ ਕਹਿਣਾ ਹੈ ਕਿ ਉਹ ਇਜ਼ਰਾਈਲੀ ਜਹਾਜ਼ਾਂ 'ਤੇ ਹਮਲੇ ਜਾਰੀ ਰੱਖਣਗੇ।