ਫ਼ਰੀਦਕੋਟ, 1 ਦਸੰਬਰ (ਗਿਆਨ ਸਿੰਘ): ਬੀਤੇ ਦਿਨ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸੱਦੇ ਤੇ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਦੇ ਵਿਦਿਆਰਥੀ ਅਤੇ ਅਧਿਆਪਕ ਟੂਰ ਦੇ ਰੂਪ ’ਚ ਵਿਧਾਨ ਸਭਾ ਦੇ ਸਰਦ ਰੁੱਤ ਦੇ ਸਮਾਗਮ ਦੀ ਕਾਰਵਾਈ ਦੇਖਣ ਚੰਡੀਗੜ ਵਿਖੇ ਗਏ।
ਇਸ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਦੇਖਿਆ ਗਿਆ। ਵਿਧਾਨ ਸਭਾ ਦੀ ਕਾਰਵਾਈ ਦੇਖਣ ਤੋਂ ਬਾਅਦ ਵਿਧਾਨ ਸਭਾ ਦੀ ਇਮਾਰਤ ਦਾ ਡਿਜ਼ਾਈਨ, ਲਾਇਬ੍ਰੇਰੀ, ਗੈਲਰੀ ਵੀ ਦੇਖੀ ਗਈ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਖਤ ਮਿਹਨਤ ਕਰਕੇ ਉੱਚੇ ਆਹੁਦਿਆਂ ਤੇ ਪਹੁੰਚਣ ਦੀ ਪ੍ਰੇਰਨਾ ਦਿੱਤੀ।
ਉਨ੍ਹਾਂ ਕਿਹਾ ਸਖ਼ਤ ਮਿਹਨਤ ਨਾਲ ਅਸੀਂ ਜੀਵਨ ਸੰਵਾਰ, ਨਿਖਾਰ ਤੇ ਸ਼ਿੰਗਾਰ ਸਕਦੇ ਹਾਂ। ਇਸ ਟੂਰ ਨੂੰ ਹਰੀ ਝੰਡੀ ਦੇ ਕੇ ਢੀਮਾਂਵਾਲੀ ਤੋਂ ਚੰਡੀਗੜ੍ਹ ਨੂੰ ਸਰਪੰਚ ਗੁਰਜੀਤ ਕੌਰ ਨੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਬੱਚਿਆਂ ਟੂਰ ਦੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਵਿੱਦਿਅਕ ਟੂਰ ’ਚ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਦੇ 21 ਵਿਦਿਆਰਥੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਦੇ 21 ਵਿਦਿਆਰਥੀਆਂ ਸ਼ਾਮਿਲ ਸਨ।
ਇਸ ਵਿੱਦਿਅਕ ਟੂਰ ’ਚ ਵਿਦਿਆਰਥੀਆਂ ਦੀ ਅਗਵਾਈ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਦੇ ਮੁੱਖ ਅਧਿਆਪਕ ਰਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਮਚਾਕੀ ਮੱਲ ਸਿੰਘ ਦੇ ਇੰਚਾਰਜ਼ ਲੈਕਚਰਾਰ ਮਨਜਿੰਦਰ ਕੌਰ, ਅਧਿਆਪਕ ਗਗਨਦੀਪ ਸਿੰਘ, ਹਰਜਸਦੀਪ ਸਿੰਘ, ਗੁਰਪ੍ਰੀਤ ਸਿੰਘ, ਲਵਕਰਨ ਸਿੰਘ, ਨਵਪ੍ਰੀਤ ਸਿੰਘ, ਰਾਜ ਕੁਮਾਰ, ਗੁਰਬਾਜ ਸਿੰਘ, ਲਖਵਿੰਦਰ ਸਿੰਘ, ਕੁਲਦੀਪ ਕੁਮਾਰ ਨੇ ਕੀਤੀ। ਵਿੱਦਿਅਕ ਟੂਰ ਤੋਂ ਵਾਪਸ ਪਰਤੇ ਵਿਦਿਆਰਥੀਆਂ ਨੇ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ, ਆਪਣੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਅਮਲੀ ਗਿਆਨ ’ਚ ਵਾਧਾ ਕਰਦੇ ਹਨ।