ਅੱਜਕਲ੍ਹ ਬਾਲੀਵੁਡ ਫ਼ਿਲਮ ਦਾ ਇੱਕ ਗੀਤ ਅਰਜਨ ਵੈਲੀ ਬਹੁਤ ਚਰਚਾ ਵਿੱਚ ਏ। ਪੂਰੇ ਭਾਰਤ ਵਿੱਚ ਭੁਪਿੰਦਰ ਬੱਬਲ ਦੇ ਗਾਏ ਇਸ ਠੇਠ ਪੰਜਾਬੀ ਗੀਤ ਦੀਆਂ ਪੂਰੀਆਂ ਧੁੰਮਾਂ ਪਈਆਂ ਹੋਈਆਂ ਨੇ । ਇਸ ਤੋਂ ਪਹਿਲਾਂ ਅਰਜਨ ਵੈਲੀ ਦਾ ਜ਼ਿਕਰ 1983 ਚ ਬਣੀ ਪੁਰਾਣੀ ਪੰਜਾਬੀ ਫ਼ਿਲਮ ਪੁੱਤ ਜੱਟਾਂ ਦੇ ਗੀਤ ਵਿੱਚ ਸੁਣਨ ਨੂੰ ਮਿਲਿਆ ਸੀ।
ਆਖਿਰ ਇਹ ਅਰਜਨ ਵੈਲੀ ਹੈ ਕੌਣ ਸੀ ?
ਅੱਜ ਇਸੇ ਬਾਰੇ ਜਾਣਕਾਰੀ ਲੈਂਦੇ ਹਾਂ ।
ਅਰਜਨ ਸਿੰਘ ਦਾ ਜਨਮ ਅੰਦਾਜ਼ਨ 1876 ਦੇ ਨੇੜੇ ਤੇੜੇ ਲੁਧਿਆਣਾ ਜਿਲ੍ਹੇ ਵਿੱਚ ਪਿੰਡ ਰੁੜਕਾ (ਨੇੜੇ ਡੇਹਲੋਂ)ਵਿੱਚ ਹੋਇਆ। ਅਰਜਨ ਸਵਾ ਛੇ ਫੁੱਟ ਦਾ ਜਵਾਨ ਗੱਭਰੂ ਸੀ ਤੇ ਕਿਸੇ ਦੀ ਧੌਂਸ ਨਹੀਂ ਮੰਨਦਾ , ਹੱਥ ਵਿੱਚ ਲੰਬੀ ਡਾਂਗ ਜਾਂ ਗੰਡਾਸਾ ਰੱਖਣ ਦਾ ਸ਼ੌਕੀਨ ਸੀ । ਜਾਇਦਾਦ ਖੁੱਲੀ ਸੀ ਤੇ ਗਰੀਬ ਬੰਦੇ ਦੀ ਮਦਦ ਕਰਨ ਵਾਲਾ ਸੀ ,
ਇੱਕ ਗਰੀਬ ਨਾਲ ਹੋ ਰਹੇ ਧੱਕੇ ਨੂੰ ਰੋਕਦਿਆਂ ਉਸ ਨੇ ਕਿਸੇ ਥਾਣੇਦਾਰ ਦੀ ਬਾਂਹ ਤੋੜ ਦਿੱਤੀ ਸੀ।
ਇਸ ਸੁਭਾਅ ਕਰਕੇ ਉਸ ਨੂੰ ਲੋਕ ਵੈਲੀ ਕਹਿਣ ਲੱਗ ਗਏ ਤੇ ਉਹ ਅਰਜਨ ਤੋਂ ਅਰਜਨ ਵੈਲੀ ਬਣ ਗਿਆ ਪਰ ਉਸ ਕਦੀ ਕਮਜ਼ੋਰ ਬੰਦੇ ਨਾਲ ਧੱਕਾ ਨਹੀਂ ਸੀ ਕੀਤਾ ।
1947 ਦੀ ਵੰਡ ਵੇਲੇ ਹੋਈ ਵੱਢ ਟੁੱਕ ਵਿੱਚ ਅਰਜਨ ਵੈਲੀ ਨੇ ਕਈ ਮੁਸਲਮਾਨ ਪਰਿਵਾਰਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਮਲੇਰਕੋਟਲਾ ਰਿਆਸਤ ਵਿੱਚ ਛੱਡ ਕੇ ਆਇਆ
ਇਨ੍ਹਾਂ ਵਿਚੋਂ ਇੱਕ ਉਹਨਾਂ ਦਾ ਮੁਸਲਮਾਨ ਦੋਸਤ ਰੱਲਾ ਤੇਲੀ ਵੀ ਸੀ ਜਿਸ ਨੂੰ ਪੂਰੀ ਸੁਰੱਖਿਆ ਨਾਲ ਉਸ ਮਲੇਰਕੋਟਲਾ ਪਹੁੰਚਾਇਆ ਤੇ ਉਸ ਦਾ ਸੋਨਾ ਚਾਂਦੀ ਆਪਣੇ ਕੋਲ ਅਮਾਨਤ ਵਜੋਂ ਹਿਫ਼ਾਜਤ ਨਾਲ ਰੱਖ ਲਿਆ ਜਿਸ ਨੂੰ ਬਾਅਦ ਵਿੱਚ ਉਸ ਦਾ ਮੁੰਡਾ ਸਰਦਾਰ ਖਾਨ ਆ ਕੇ ਲੈ ਗਿਆ ।
ਅਰਜਨ ਵੈਲੀ ਬਾਅਦ ਵਿਚ ਅੰਮ੍ਰਿਤਧਾਰੀ ਹੋ ਗਿਆ ਤੇ ਪੰਜਾਬੀ ਸੂਬਾ ਮੋਰਚੇ ਵੇਲੇ ਫਿਰੋਜ਼ਪੁਰ ਜੇਲ ਵਿੱਚ ਕੈਦ ਵੀ ਕੱਟੀ।
ਪੰਜਾਬ ਸਰਕਾਰ ਨੇ ਉਸ ਦੀਆਂ ਸੇਵਾਵਾਂ ਲਈ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ । ਲੋਕ ਭਲਾਈ ਲਈ ਪਿੰਡ ਵਿੱਚ ਅਗੇ ਵੱਧ ਕੇ ਕੱਮ ਕੀਤੇ ਤੇ ਉਹ ਸ਼ਬਦ ਗਾਇਨ ਕਰਦਿਆਂ ਹੋਈ ਛੋਟੇ ਬੱਚਿਆਂ ਨੂੰ ਰਿਓੜੀਆਂ ਵੰਡਦਾ ਹੁੰਦਾ ਸੀ। ਉਸ ਦੇ ਇਸ ਸੁਭਾਅ ਕਰਕੇ ਲੋਕ ਹੁਣ ਅਰਜਨ ਵੈਲੀ ਤੋਂ ਅਰਜਨ ਸਿੰਘ ਬਾਬਾ ਕਹਿਣ ਲੱਗ ਗਏ ਸਨ। ਉਨ੍ਹਾ ਆਖਰੀ ਸਾਹ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ 1968 ਵਿੱਚ ਲਾਏ ਜਦ ਉਹ ਗਦੂਦਾਂ ਦੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਦੇ ਮਨ੍ਹਾ ਕਰਨ ਤੋਂ ਬਾਵਜੂਦ ਬਾਹਰ ਨਿਕਲ ਗਏ ਜਿਥੇ ਅਵਾਰਾ ਪਸ਼ੂਆਂ ਦੇ ਭੇੜ ਚ ਫੇਟ ਵੱਜਣ ਕਰਕੇ ਉਨ੍ਹਾਂ ਦੇ ਟਾਂਕੇ ਖੁਲ੍ਹ ਗਏ ਤੇ ਖੂਨ ਰਿਸਣ ਨਾਲ ਉਹ ਅਕਾਲ ਚਲਾਣਾ ਕਰ ਗਏ ।
ਹੁਣ ਗੱਲ ਕਰਦੇ ਹਾਂ ਉਹਨਾਂ ਦੀ ਜਗਤ ਪ੍ਰਸਿੱਧ ਲੜਾਈ ਦੀ,ਜਿਸ ਦਾ ਜ਼ਿਕਰ ਜਗਜੀਤ ਚੂਹੜਚੱਕ ਨਿਰਦੇਸ਼ਿਤ ਫਿਲਮ “ਪੁੱਤ ਜੱਟਾਂ ਦੇ “ਦੇ ਗੀਤ ਵਿਚ ਪਹਿਲੀ ਵਾਰ ਹੋਇਆ। ਉਸ ਗੀਤ ਨੂੰ ਸੁਰਿੰਦਰ ਸ਼ਿੰਦਾ ਨੇ ਗਾਇਆ ਸੀ।
ਅੱਜ ਐਨੀਮਲ ਫਿਲਮ ਵਿੱਚ ਵੀ ਅਰਜਨ ਵੈਲੀ ਦੇ ਹਵਾਲੇ ਵਾਲਾ ਗੀਤ ਏ ।
ਉਹ ਲੜਾਈ ਜਗਰਾਵਾਂ ਦੀ ਰੋਸ਼ਨੀ ਵਾਲੇ ਮੇਲੇ ਉਤੇ ਮਿਥ ਕੇ ਹੋਈ ਸੀ ਜਿਸ ਵਿੱਚ ਅਰਜਨ ਵੈਲੀ ਨੇ ਆਪਣੇ ਦੋ ਦੋਸਤਾਂ ਮੋਦਨ ਕੌਂਕਿਆਂ ਦਾ ਤੇ ਮੁਨਸ਼ੀ ਡਾਂਗੋ ਵਾਲੇ ਨਾਲ ਰਲ਼ ਪੂਰੇ ਪੰਡੋਰੀ ਪਿੰਡ ਦੇ ਵੈਲੀਆਂ ਨੂੰ ਤਿੰਨੇ ਜਣਿਆ ਨੇ ਕੁੱਟ ਦਿੱਤਾ ਸੀ।
ਲੜਾਈ ਮਿਥ ਕੇ ਹੋਈ ਸੀ ਇਸ ਕਰਕੇ ਮੇਲੇ ਵਿਚ ਆਏ ਲੋਕ ਪਹਿਲਾਂ ਇਸ ਲੜਾਈ ਲਈ ਤਿਆਰ ਸੀ ਤੇ ਚਰਚਾ ਵਿੱਚ ਇਸੇ ਕਰਕੇ ਜਿਆਦਾ ਹੋਈ ਕਿ ਤਿਨ ਬੰਦਿਆਂ ਨੇ ਪੂਰੀ ਪੰਡੋਰੀ ਅੱਗੇ ਲਾ ਲਈ ।
ਇਹ ਸੀ ਅਰਜਨ ਵੈਲੀ ਦੀ ਦਾਸਤਾਨ । ਉਹਨਾਂ ਦੇ ਵਾਰਿਸ ਅੱਜਕਲ ਰੁੜਕਾ ਪਿੰਡ ਅਤੇ ਕੈਨੇਡਾ ਵਿੱਚ ਵੱਸਦੇ ਨੇ।
ਇਹ ਸਪਸ਼ਟ ਨਹੀਂ ਕਿ ਰੁੜਕਾ ਕਿਹਾ ਹੈ। ਡੇਹਲੋਂ ਨੇੜਲਾ ਜਾਂ ਮੁੱਲਾਂਪੁਰ ਲਾਗਲਾ। ਜੇ ਕਿਸੇ ਕੋਲ਼ ਇਸ ਤੋਂ ਵੱਧ ਜਾਂ ਵੱਖਰੀ ਜਾਣਕਾਰੀ ਹੋਵੇ ਤਾਂ ਜਾਣਕਾਰੀ ਸ਼ੇਅਰ ਕਰ ਸਕਦਾ ਹੈ।