ਓਟਵਾ, 28 ਨਵੰਬਰ (ਪੋਸਟ ਬਿਊਰੋ) : ਕੈਨੇਡਾ ਯੂਕਰੇਨ ਮੁਕਤ ਟਰੇਡ ਸਮਝੌਤੇ ਦੇ ਖਿਲਾਫ ਫੈਡਰਲ ਟੋਰੀਜ਼ ਵੱਲੋਂ ਵੋਟ ਕੀਤੇ ਜਾਣ ਤੋਂ ਬਾਅਦ ਐਮਪੀਜ਼ ਦੀ ਕਮੇਟੀ ਵੱਲੋਂ ਇਸ ਸਮਝੌਤੇ ਨੂੰ ਅਪਡੇਟ ਕਰਨ ਲਈ ਕਲਾਜ਼ ਦਰ ਕਲਾਜ਼ ਅਧਿਐਨ ਸੁ਼ਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਵੱਲੋਂ ਇਸ ਅਪਡੇਸ਼ਨ ਦਾ ਵਿਰੋਧ ਕੀਤੇ ਜਾਣ ਦੇ ਆਪਣੀ ਪਾਰਟੀ ਦੇ ਫੈਸਲੇ ਦਾ ਪੱਖ ਪੂਰਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਕੈਬਨਿਟ ਵੱਲੋਂ ਪੌਲੀਏਵਰ ਦੇ ਬਿਆਨ ਨੂੰ ਰੱਦ ਕਰ ਦਿੱਤਾ ਗਿਆ ਤੇ ਟੋਰੀਜ਼ ਉੱਤੇ ਕੁੱਝ ਰਿਪਬਲਿਕਨਾਂ ਦੇ ਨਕਸੇ਼ ਕਦਮ ਉੱਤੇ ਚੱਲਣ ਦਾ ਦੋਸ਼ ਲਾਇਆ ਗਿਆ। ਜਿ਼ਕਰਯੋਗ ਹੈ ਕਿ ਅਮਰੀਕੀ ਰਿਪਬਲਿਕਨ ਵੀ ਯੂਕਰੇਨ ਵਿਚਲੀ ਜੰਗ ਲਈ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦੇ ਉਲਟ ਹਨ।
ਇਸ ਸਮਝੌਤੇ ਬਾਰੇ ਜਿਸ ਟੈਕਸਟ ਉੱਤੇ ਗੱਲਬਾਤ ਹੋਈ ਉਸ ਉੱਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਉਸ ਸਮੇਂ ਸਹੀ ਪਾਈ ਸੀ ਜਦੋਂ ਉਹ ਸਤੰਬਰ ਵਿੱਚ ਓਟਵਾ ਦੇ ਦੌਰੇ ਉੱਤੇ ਆਏ ਸਨ। ਇਸ ਸਮਝੌਤੇ ਵਿੱਚ ਆਖਿਆ ਗਿਆ ਹੈ ਕਿ ਦੋਵੇਂ ਦੇਸ਼ ਕਾਰਬਨ ਪ੍ਰਾਈਸਿੰਗ ਨੂੰ ਹੱਲਾਸ਼ੇਰੀ ਦੇਣਗੇ। ਇਸੇ ਦਰਮਿਆਨ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਬੰਧ ਲਾਗੂ ਕੀਤਾ ਜਾਣਾ ਲਾਜ਼ਮੀ ਨਹੀਂ ਹੈ।
ਜਿ਼ਕਰਯੋਗ ਹੈ ਕਿ ਯੂਕਰੇਨ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕਾਰਬਨ ਪ੍ਰਾਈਸ ਦਾ ਪ੍ਰਬੰਧ ਹੈ ਤੇ ਇਸ ਦੇ ਅੰਬੈਸਡਰ ਇਹ ਆਖ ਰਹੇ ਹਨ ਕਿ ਕੈਨੇਡਾ ਵੀ ਇਸ ਸਬੰਧੀ ਬਿੱਲ ਪਾਸ ਕਰੇ। ਯੂਕਰੇਨ ਕੈਨੇਡੀਅਨ ਕਾਂਗਰਸ ਦੇ ਕੌਮੀ ਪ੍ਰੈਜ਼ੀਡੈਂਟ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਟੋਰੀਜ਼ ਆਪਣੀ ਸਥਿਤੀ ਨੂੰ ਇੱਕ ਵਾਰੀ ਮੁੜ ਵਿਚਾਰਨਗੇ।