ਅੰਮ੍ਰਿਤਸਰ, 12 ਮਾਰਚ (ਪੋਸਟ ਬਿਊਰੋ)- ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰੀ ਦੀ ਪਿਛਲੇ 12 ਸਾਲਾਂ ਤੋਂ ਸੰਭਾਲ ਕਰ ਰਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ ਏ ਯੂ) ਦੀ ਟੀਮ ਵੱਲੋਂ ਡਾ. ਨਰਿੰਦਰਪਾਲ ਸਿੰਘ ਫਾਰਮਰ ਸਲਾਹਕਾਰ ਸੇਵਾ ਕੇਂਦਰ ਦੇ ਮੁਖੀ ਨੇ ਬੇਰੀਆਂ ਦੀ ਰਿਪੋਰਟ ਸ਼੍ਰੋਮਣੀ ਕਮੇਟੀ (ਐਸ ਜੀ ਪੀ ਸੀ) ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸੌਂਪੀ ਹੈ।
ਇਤਿਹਾਸਕ ਬੇਰੀਆਂ ਦੀ ਸੰਭਾਲ ਬਾਰੇ ਪੀ ਏ ਯੂ ਅਤੇ ਐਸ ਜੀ ਪੀ ਸੀ ਨੇ ਇਨ੍ਹਾਂ 12 ਸਾਲਾਂ 'ਚ ਰੂਟੀਨ ਵਿੱਚ 72 ਵਾਰ ਬੇਰੀਆਂ ਦੀ ਕਾਂਟ ਛਾਂਟ ਅਤੇ ਕੀੜਿਆਂ ਤੋਂ ਬਚਾਅ ਲਈ ਸਪਰੇਅ ਕੀਤੇ ਹਨ। ਪੀ ਏ ਯੂ ਵੱਲੋਂ ਪਿਛਲੇ 12 ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰੀ ਦੀ ਸੰਭਾਲ ਕੀਤੀ ਜਾ ਰਹੀ ਹੈ। ਇਸ ਬਾਰੇ 31 ਪੰਨਿਆਂ ਦੀ ਵਿਸ਼ੇਸ਼ ਰਿਪੋਰਟ ਇਸ ਵਿਭਾਗ ਵੱਲੋਂ ਕਮੇਟੀ ਦੇ ਮੁੱਖ ਸਕੱਤਰ ਨੂੰ ਸੌਂਪੀ ਗਈ, ਜਿਸ ਬਾਰੇ ਡਾ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਐਸ ਜੀ ਪੀ ਸੀ ਦੇ ਵਿਸ਼ੇਸ਼ ਯਤਨ ਨਾਲ ਇਤਿਹਾਸਕ ਬੇਰੀਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਪੀ ਏ ਯੂ ਲੁਧਿਆਣਾ ਨੂੰ 2006 ਵਿੱਚ ਸੌਂਪੀ ਗਈ ਸੀ। ਬੇਰੀਆਂ ਦੀ ਪੁਰਾਤਨਤਾ ਸਬੰਧੀ ਉਨ੍ਹਾਂ ਕਿਹਾ ਕਿ ਪ੍ਰਕਰਮਾ ਵਿੱਚ ਸਥਿਤ ਉਪਰੋਕਤ ਤਿੰਨੇ ਬੇਰੀਆਂ ਹੀ ਇਤਿਹਾਸ ਨਾਲ ਜੁੜੀਆਂ ਹਨ। ਸੰਨ 1574 ਵਿੱਚ ਬੇਰ ਬਾਬਾ ਬੁੱਢਾ ਸਾਹਿਬ ਵਿਖੇ ਬਾਬਾ ਬੁੱਢਾ ਜੀ ਵੱਲੋਂ ਬੈਠ ਕੇ ਸਰੋਵਰ ਦੀ ਸੇਵਾ ਕਰਵਾਈ ਗਈ ਅਤੇ ਇਸੇ ਬੇਰੀ ਦੇ ਤਣੇ ਦੇ ਆਕਾਰ ਤੋਂ ਅੰਦਾਜ਼ਾ ਲੱਗਦਾ ਹੈ ਕਿ ਇਹ 700 ਸਾਲ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਇਸ ਬੇਰੀ ਦਾ ਤਣਾ ਸਾਢੇ 9 ਫੁੱਟ ਅਕਾਰ ਦਾ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਦੁੱਖ ਭੰਜਨੀ ਬੇਰੀ ਅਤੇ ਲਾਚੀ ਬੇਰੀ ਦੇ ਅਕਾਰ ਤੋਂ ਉਨ੍ਹਾਂ ਦੀ ਪੁਰਾਤਨਤਾ ਦਾ ਅੰਦਾਜ਼ਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਬੇਰੀਆਂ ਦੀ ਸੰਭਾਲ ਦੇ ਨਾਲ ਕੀੜਿਆਂ ਦੇ ਹਮਲੇ ਤੋਂ ਬਚਾਉਣ ਲਈ ਸਪਰੇਅ ਕੀਤਾ ਜਾਂਦਾ ਹੈ ਅਤੇ ਪਾਣੀ ਦੇ ਛਿੜਕਾਅ ਨਾਲ ਇਸ ਬੇਰੀਆਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਹਰ ਸਾਲ ਬੇਰੀਆਂ ਨੂੰ ਭਰਵਾਂ ਫਲ ਲੱਗਦਾ ਹੈ ਅਤੇ ਦਰਸ਼ਨੀ ਡਿਓਢੀ ਦੇ ਨਾਲ ਸਥਿਤ ਬੇਰੀ ਨੂੰ ਛੋਟੇ ਅਕਾਰ ਦੇ ਲਾਚੀਆਂ ਵਰਗੇ ਬੇਰ ਲੱਗਦੇ ਹਨ।
ਇਸ ਮੌਕੇ ਡਾ. ਰੂਪ ਸਿੰਘ ਨੇ ਕਿਹਾ ਕਿ ਪੀ ਏ ਯੂ ਤੋਂ ਰਿਪੋਰਟ ਮੰਗੀ ਸੀ। ਰਿਪੋਰਟ ਅਨੁਸਾਰ 12 ਸਾਲਾਂ ਦੇ ਲੰਬੇ ਸਮੇਂ ਦੀ ਮਿਹਨਤ ਦਾ ਨਤੀਜਾ ਹੈ ਕਿ ਬੇਰੀਆਂ ਨੂੰ ਹਰ ਸਾਲ ਭਰਵਾਂ ਫਲ ਪੈ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਨੀ ਬੇਰ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਦੀ ਕਾਰ ਸੇਵਾ ਦੇ ਨਾਲ ਬੇਰੀ ਦੀ ਸੰਭਾਲ ਲਈ ਡਾਕਟਰਾਂ ਨੇ ਮਿੱਟੀ ਦਾ ਲੇਪ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੇਰ ਬਾਬਾ ਬੁੱਢਾ ਸਾਹਿਬ ਦੇ ਤਣੇ ਦਾ ਘੇਰਾ ਖੁੱਲ੍ਹਾ ਕਰਕੇ ਮਿੱਟੀ ਦਾ ਘੇਰਾ ਵਧਾਇਆ ਗਿਆ ਸੀ। ਇਸ ਤੋਂ ਬਾਅਦ ਲਾਚੀ ਬੇਰੀ ਦੇ ਤਣੇ ਦਾ ਘੇਰਾ ਖੁੱਲ੍ਹਾ ਕੀਤਾ ਗਿਆ ਸੀ।