ਬਰਲਿੰਗਟਨ, 16 ਸਤੰਬਰ (ਪੋਸਟ ਬਿਊਰੋ) : ਬਰਲਿੰਗਟਨ ਦੇ ਇੱਕ ਘਰ ਵਿੱਚ ਲੱਗੀ ਅੱਗ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ੁੱਕਰਵਾਰ ਨੂੰ ਤੜ੍ਹਕੇ 1:15 ਵਜੇ ਦੇ ਨੇੜੇ ਤੇੜੇ ਹਾਈਵੇਅ 407 ਤੇ ਗੁਐਲਫ ਲਾਈਨ ਨੇੜੇ ਵਿੰਡਿੰਗ ਵੇਅ ਉੱਤੇ ਸਥਿਤ ਘਰ ਵਿੱਚ ਅੱਗ ਲੱਗਣ ਦੀ ਖਬਰ ਮਿਲਦੇ ਸਾਰ ਹੀ ਫਾਇਰ ਮਾਰਸ਼ਲ ਦੇ ਆਫਿਸ ਤੋਂ ਇੱਕ ਟੀਮ ਮੌਕੇ ਉੱਤੇ ਪਹੁੰਚੀ। ਫਾਇਰ ਅਮਲੇ ਦੇ ਮੈਂਬਰ ਜਦੋਂ ਮੌਕੇ ਉੱਤੇ ਪਹੁੰਚੇ ਤਾਂ ਘਰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਸੀ।ਹਾਲਟਨ ਪੁਲਿਸ ਨੇ ਦੱਸਿਆ ਕਿ ਇੱਕ ਬਜ਼ੁਰਗ ਪੁਰਸ਼ ਤੇ ਮਹਿਲਾ ਨੂੰ ਕਾਫੀ ਧੂੰਆਂ ਚੜ੍ਹ ਚੁੱਕਿਆ ਸੀ।
ਪੁਲਿਸ ਨੇ ਦੱਸਿਆ ਕਿ ਮਹਿਲਾ ਤਾਂ ਥੋੜ੍ਹੀ ਜਿਹੀ ਝੁਲਸ ਵੀ ਗਈ ਸੀ ਤੇ ਉਸ ਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ। ਅੱਗ ਉੱਤੇ ਕਾਬੂ ਪਾਉਣ ਲਈ 22 ਫਾਇਰਫਾਈਟਰ ਮੌਕੇ ਉੱਤੇ ਮੌਜੂਦ ਸਨ। ਖਬਰ ਲਿਖੇ ਜਾਣ ਤੱਕ ਅੱਗ ਉੱਤੇ ਕਾਬੂ ਪਾ ਲਿਆ ਗਿਆ ਸੀ। ਬਰਲਿੰਗਟਨ ਫਾਇਰ ਨੇ ਦੱਸਿਆ ਕਿ ਅੱਗ ਲਿਵਿੰਗ ਰੂਮ ਤੋਂ ਸੁ਼ਰੂ ਹੋਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।