Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਨਜਰਰੀਆ

ਆਖ਼ਰੀ ਕਿਸ਼ਤ-111 ਕੁਮੈਂਟਰੀ ਦਾ ਕੋਹਿਨੂਰ:ਜਸਦੇਵ ਸਿੰਘ

September 12, 2022 05:42 PM

-ਪ੍ਰਿੰ. ਸਰਵਣ ਸਿੰਘ
ਜੁਲਾਈ 2020 ਵਿਚਕਰੋਨਾ ਕਹਿਰ ਦੌਰਾਨ ‘ਪੰਜਾਬੀ ਖੇਡ ਸਾਹਿਤ’ਲੇਖ ਲੜੀ ਸ਼ੁਰੂ ਕਰਨ ਵੇਲੇ ਮੇਰੇ ਖ਼ਾਬ ਖਿ਼ਆਲ `ਚ ਵੀ ਨਹੀਂ ਸੀ ਕਿਇਹ 111 ਕਿਸ਼ਤਾਂ ਤਕ ਚਲੀ ਜਾਵੇਗੀ। ਉਦੋਂ ਵੀਹ ਪੱਚੀ ਕਿਸ਼ਤਾਂ ਸੋਚੀਆਂ ਸਨ ਜਿਨ੍ਹਾਂ ਦੀ ਕਿਤਾਬ ਬਣ ਸਕੇ। ਪਰ ਇਹਦੋ ਸਾਲ ਦੋ ਮਹੀਨੇ ਹਰਹਫ਼ਤੇ‘ਤਬਸਰਾ ਅੰਕ’ ਵਿਚ ਪੂਰੇ ਪੰਨੇ `ਤੇਲਗਾਤਾਰ ਛਪਦੀ ਗਈ। ਕਦੇ ਇਕ ਨਾਗਾਵੀ ਨਹੀਂ ਪਿਆ। ਅੱਜ ਆਖ਼ਰੀ ਕਿਸ਼ਤ ਨਾਲ ਇਹ ਲੰਮੀ ਲੇਖ ਲੜੀਸਮਾਪਤ ਕਰ ਰਿਹਾਂ। ਸ਼ੁਰੂ ਇਹ ਪਾਸ਼ ਦੀ ਵਾਰਤਕ ਦੇ ਪਰਾਂ `ਤੇ ਉਡਦੇ ਫਲਾਈਂਗ ਸਿੱਖ ਮਿਲਖਾ ਸਿੰਘ ਨਾਲ ਕੀਤੀ ਸੀ। ਇਹ ਸਪੱਸ਼ਟ ਕਰਨ ਲਈ ਕਿ ਸਵੈ-ਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦੌੜਾਕਮਿਲਖਾ ਸਿੰਘ ਨੇ ਨਹੀਂ, ਕਵੀ ਅਵਤਾਰ ਪਾਸ਼ ਨੇ ਲਿਖੀ ਸੀ। ਪਾਸ਼ ਜਿੰਨਾ ਵਧੀਆ ਕਵੀ ਸੀ ਓਨਾਹੀ ਵਧੀਆ ਵਾਰਤਕਕਾਰ ਵੀ ਸੀ। ਉਸ ਨੇ ਲਿਖਿਆ,“ਜਿ਼ੰਦਗੀ ਸ਼ਾਇਦ ਧਰਤੀ ਉਪਰ ਵਾਪਰਨ ਵਾਲੀ ਸਭ ਤੋਂ ਵੱਡੀ ਕਰਾਮਾਤ ਹੈ। ਅਸੰਖਾਂ ਤਾਰਿਆਂ, ਧਰਤੀਆਂ ਤੇ ਸੂਰਜਾਂ ਦੀ ਅਨੰਤ ਕਾਲ ਤੋਂ ਖੇਡੀ ਜਾ ਰਹੀ ਇਸ ਖੇਡ ਵਿੱਚ ਮਨੁੱਖ ਬੱਸ ਇੱਕ ਛੋਟਾ ਜਿਹਾ ਖਿਡਾਰੀ ਹੈ। ਮਨੁੱਖੀ ਦਿਲ ਦੀ ਇੱਕ ਇੱਕ ਧੜਕਣ ਵਿੱਚ ਓੜਕਾਂ ਦੀ ਤਾਕਤ, ਫੁਰਤੀ ਅਤੇ ਸੰਭਾਵਨਾਵਾਂ ਹਨ। ਕੁਦਰਤ ਦੇ ਇਸ ਭੇਦ ਨੂੰ ਸਮਝ ਕੇ ਮਨ ਵਿੱਚ ਵਸਾਉਣ ਵਾਲਾ ਵਿਅਕਤੀ ਜ਼ਰੂਰੀ ਨਹੀਂ ਕਿ ਮਿਲਖਾ ਸਿੰਘ ਹੀ ਹੋਵੇ, ਕੋਈ ਵੀ ਹੋਰ ਹੋ ਸਕਦਾ ਹੈ।”

 
ਇਸ ਪੁਸਤਕ ਦੇ ‘ਧੰਨਵਾਦੀ ਸ਼ਬਦ’ ਲਿਖਦਿਆਂਮਿਲਖਾ ਸਿੰਘ ਨੇ ਲਿਖਿਆ, “ਪਾਸ਼ ਅਤੇ ਤਰਸੇਮ ਪੁਰੇਵਾਲ ਦਾ ਧੰਨਵਾਦੀ ਹਾਂ, ਜਿਹਨਾਂ ਇਸ ਪੁਸਤਕ ਨੂੰ ਸਿਰੇ ਚੜ੍ਹਾਉਣ ਵਿੱਚ ਮੇਰਾ ਹੱਥ ਵਟਾਇਆ।”ਵਿਚਲੀ ਗੱਲ ਇਹ ਸੀ,ਮਿਲਖਾ ਸਿੰਘ ਨੇ ਆਪਣੇ ਜੀਵਨ ਬਾਰੇ ਅਖ਼ਬਾਰੀ ਤੇ ਮੂੰਹ ਜ਼ਬਾਨੀਮੈਟਰ ਦਿੱਤਾ, ਜਿਸ ਨੂੰ ਪਾਸ਼ ਨੇ ਕਲਾਮਈ ਵਾਰਤਕਵਿਚ ਗੁੰਦ ਕੇ ‘ਫਲਾਈਂਗ ਸਿੱਖ ਮਿਲਖਾ ਸਿੰਘ’ ਪੁਸਤਕ ਵਿਚ ਪੇਸ਼ ਕੀਤਾ।ਅਵਤਾਰ ਪਾਸ਼,ਪੁਸਤਕ ਲਿਖਣ ਦੇ ਦਿਲਚਸਪ ਵੇਰਵੇ ਨਾਲੋ-ਨਾਲ ਆਪਣੇ ਦੋਸਤ ਸ਼ਮਸ਼ੇਰਸੰਧੂ ਨਾਲ ਸਾਂਝੇ ਕਰਦਾ ਰਿਹਾ।ਬਾਅਦ ਵਿਚਸ਼ਮਸ਼ੇਰ ਨੇ ਉਹ ਮੇਰੇ ਨਾਲ ਸਾਂਝੇ ਕੀਤੇ। ਪਾਸ਼ ਦੇ ਕੁਝ ਤੱਤੇ ਸਾਥੀ ਇਸ ਨੂੰ ਭਾੜੇ ਦਾ ਕੰਮ ਕਹਿ ਕੇ ਭੰਡਦੇ ਵੀ ਰਹੇ, ਪਰ ਕੋਈ ਸਾਹਮਣੇ ਨਾ ਬੋਲਿਆ। ਜੇਕਰ ਪਾਸ਼,ਮੇਰੇ ਤੇ ਸ਼ਮਸ਼ੇਰ ਵਾਂਗ ਹੁਣ ਤਕ ਜਿਉਂਦਾ ਹੁੰਦਾ ਤਾਂ ਪਤਾ ਨਹੀਂ ਵਾਰਤਕ ਦੀਆਂ ਹੋਰ ਕਿੰਨੀਆਂ ਕਮਾਲ ਦੀਆਂਕਿਤਾਬਾਂ ਲਿਖਦਾ?
ਸ਼ਬਦਾਂ ਦੇ ਜਿਨ੍ਹਾਂ ਖਿਡਾਰੀਆਂ ਦਾ ਮੈਂ ਇਸ ਲੇਖ ਲੜੀ ਵਿਚ ਬਿਰਤਾਂਤ ਸਿਰਜਿਆ ਹੈ ਉਨ੍ਹਾਂ `ਚ ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਗਿਆਨੀ ਗੁਰਦਿੱਤ ਸਿੰਘ, ਓਲੰਪੀਅਨ ਬਲਬੀਰ ਸਿੰਘ, ਜੋਗਿੰਦਰ ਜੋਗੀ, ਬ੍ਰਿਗੇਡੀਅਰ ਲਾਭ ਸਿੰਘ, ਦਾਰਾ ਸਿੰਘ ਤੇ ਬਲਬੀਰ ਸਿੰਘ ਕੰਵਲ ਤੋਂ ਲੈ ਕੇ ਪ੍ਰੋ. ਕਰਮ ਸਿੰਘ, ਸੂਬਾ ਸਿੰਘ, ਬਲਿਹਾਰ ਰੰਧਾਵਾ, ਗੁਰਬਚਨ ਭੁੱਲਰ, ਵਰਿਆਮ ਸੰਧੂ, ਬਲਦੇਵ ਸੜਕਨਾਮਾ, ਨਰਿੰਦਰ ਕਪੂਰ, ਸਿੱਧੂ ਦਮਦਮੀ, ਅਵਤਾਰ ਬਿਲਿੰਗ, ਪਾਸ਼, ਗਾਸੋ, ਸੁਖਦੇਵ ਮਾਦਪੁਰੀ, ਜਗਦੇਵ ਜੱਸੋਵਾਲ, ਬਾਬੂ ਸਿੰਘ ਮਾਨ, ਗੁਰਮੇਲ ਮਡਾਹੜ, ਰਾਜਿੰਦਰਪਾਲ ਬਰਾੜ, ਗੁਰਬਖ਼ਸ਼ ਭੰਡਾਲ, ਗੁਰਭਜਨ ਗਿੱਲ, ਸ਼ਮਸ਼ੇਰ ਸੰਧੂ, ਅਸ਼ੋਕ ਭੌਰਾ, ਜੱਗੀ ਕੁੱਸਾ, ਨਿੰਦਰ ਘੁਗਿਆਣਵੀ, ਗੁਰਮੀਤ ਕੜਿਆਲਵੀ, ਅਮਰ ਸੂਫੀ, ਜਗਰੂਪ ਜਰਖੜ, ਲਾਭ ਸੰਧੂ, ਕੁਲਵੰਤ ਬੁਢਲਾਡਾ ਤੇ ਨਵਦੀਪ ਗਿੱਲ ਸਮੇਤ 111 ਕਲਮਕਾਰ ਸ਼ਾਮਲ ਹਨ। ਉਨ੍ਹਾਂ ਬਾਰੇ ਲਗਭਗ ਤਿੰਨ ਤਿੰਨ ਹਜ਼ਾਰ ਸ਼ਬਦਾਂ ਦੇ ਲੇਖ ਹਨ। ਸ਼ੁਕਰਗੁਜ਼ਾਰ ਹਾਂ ਪੱਤਰਕਾਰੀ ਦੇ ਚੈਂਪੀਅਨ ਜਤਿੰਦਰ ਪਨੂੰ ਦਾ, ਜਿਨ੍ਹਾਂ ਨੇ ਆਪਣੇ ਮੁੱਖਬੰਦ ਵਿਚ ਮੈਨੂੰ ਪੰਜਾਬੀਅਤ ਦਾ ਸਰਵਣ ਪੁੱਤਰ ਕਹਿ ਕੇ ਸਲਾਹਿਆ। ਮੈਂ ਧੰਨਵਾਦੀ ਹਾਂ ਉਨ੍ਹਾਂ ਸਭਨਾਂ ਦਾ ਜਿਨ੍ਹਾਂ ਨੇ ਮੈਨੂੰ ਕਰੋਨਾ ਕਾਲ ਵਿਚ ਆਹਰੇ ਲਾਈ ਰੱਖਿਆ ਅਤੇ 80-82 ਸਾਲ ਦੀ ਉਮਰੇ ਮੈਥੋਂ ‘ਪੰਜਾਬੀ ਖੇਡ ਸਾਹਿਤ’ ਦਾ ਇਤਿਹਾਸ ਲਿਖਵਾ ਲਿਆ।
*
ਆਖ਼ਰੀ ਕਿਸ਼ਤ`ਚਗੱਲ ਕਰਦੇ ਹਾਂ ‘ਕੁਮੈਂਟਰੀ ਦੇ ਕੋਹਿਨੂਰ’ਜਸਦੇਵ ਸਿੰਘ ਦੀ। ਉਸ ਦੀ ਹਰਮਨ ਪਿਆਰੀ ਆਵਾਜ਼ ਆਕਾਸ਼ ਬਾਣੀ ਤੇ ਦੂਰਦਰਸ਼ਨ ਤੋਂ ਅੱਧੀ ਸਦੀ ਗੂੰਜਦੀ ਰਹੀ। ਉਸ ਨੂੰ ‘ਬਾਬਾ-ਏ-ਕੁਮੈਂਟਰੀ’ਵੀ ਕਿਹਾ ਜਾਂਦੈ।ਉਹ ਪਰਲੋਕ ਸਿਧਾਰਨ ਦੇ ਬਾਵਜੂਦ ਮਾਤਲੋਕ ਵਿਚ ਅਜੇ ਵੀ ਜਿਊਂਦਾ ਹੈ। ਜਸਦੇਵ ਸਿੰਘ ਜਿਹੇ ਕੁਮੈਂਟੇਟਰ ਨਿੱਤ ਨਿੱਤ ਨਹੀਂ ਜੰਮਦੇ ਜਿਸ ਨੂੰ ਕਰੋੜਾਂ ਲੋਕਾਂ ਨੇ ਰੇਡੀਓ/ਟੀਵੀ ਤੋਂ ਸੁਣਿਆ ਤੇ ਪਸੰਦ ਕੀਤਾ। ਉਹਦੇ ਬੋਲ ਨੌਂ ਓਲੰਪਿਕ ਖੇਡਾਂ, ਅੱਠ ਵਿਸ਼ਵ ਹਾਕੀ ਕੱਪਾਂ, ਛੇ ਏਸਿ਼ਆਈ ਖੇਡਾਂ ਅਤੇ ਅਨੇਕਾਂ ਅੰਤਰਰਾਸ਼ਟਰੀ ਹਾਕੀ ਮੈਚਾਂ, ਅਥਲੈਟਿਕ ਮੀਟਾਂ, ਕ੍ਰਿਕਟਦੇ ਟੈਸਟ ਮੈਚਾਂ ਅਤੇ ਬੈਡਮਿੰਟਨਤੇ ਟੈਨਿਸ ਮੈਚਾਂ ਵਿਚ ਗੂੰਜੇ। ਉਸ ਨੇ ਦਰਜਨਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡ ਸਮਾਰੋਹਾਂ ਦੀਆਂਉਦਘਾਟਨੀ ਤੇ ਸਮਾਪਤੀ ਰਸਮਾਂ ਦਾ ਹੂਬਹੂ ਹਾਲ ਬਿਆਨ ਕੀਤਾ। ਭਾਰਤ ਦੇ 48 ਗਣਤੰਤਰ ਦਿਵਸ ਤੇ ਸੁਤੰਤਰਤਾ ਦਿਵਸਾਂ ਦਾ ਅੱਖੀਂ ਡਿੱਠਾ ਹਾਲ ਹਿੰਦ ਮਹਾਂਦੀਪ ਦੇ ਕਰੋੜਾਂ ਸਰੋਤਿਆਂ ਨੂੰ ਘਰੋ-ਘਰੀ ਸੁਣਾਇਆ। ਉਹਦੀ ਆਵਾਜ਼ ਇੰਡੋ-ਪਾਕਿਅਵਾਮ ਦੀ ਜਾਣੀ ਪਛਾਣੀ ਆਵਾਜ਼ ਸੀ। ਏਨੀ ਜਾਣੀ ਪਛਾਣੀ ਕਿ ਕਰਾਚੀ `ਚਉਸ ਨੂੰ ਇਕ ਅੰਨ੍ਹਾ ਬਜ਼ੁਰਗ ਸੜਕ ਪਾਰ ਕਰਨ ਲਈ ਸਹਾਰੇਦੀ ਉਡੀਕ ਕਰਦਾ ਦਿਸਿਆ। ਜਸਦੇਵ ਸਿੰਘ ਨੇ ਉਸ ਦਾ ਹੱਥ ਫੜ ਕੇ ਸੜਕ ਪਾਰ ਕਰਾਈ।ਜਸਦੇਵ ਸਿੰਘ ਸਲਾਮਾ ਲੇਕਮ ਬੁਲਾ ਕੇਜਾਣ ਲੱਗਾ ਤਾਂ ਉਹਦੀ ਆਵਾਜ਼ ਸੁਣ ਕੇ ਮੁਨਾਖਾ ਬਜ਼ੁਰਗਪੁੱਛਣ ਲੱਗਾ, “ਤੁਸੀਂ ਕਿਤੇ ਜਸਦੇਵ ਸਿੰਘ ਤਾਂ ਨਹੀਂ?” ਸੋ ਇਹ ਆਲਮ ਸੀ ਉਹਦੀ ਆਵਾਜ਼ ਦੇ ਦੂਜੇ ਮੁਲਕਾਂ ਵਿਚ ਵੀ ਜਾਣੀ ਪਛਾਣੀ ਹੋਣ ਦਾ!ਜਦੋਂ ਟੀਵੀ ਦਾ ਜੁਗ ਆਇਆ ਤਦ ਵੀ ਲੋਕ ਟੀਵੀ ਦੀ ਆਵਾਜ਼ ਬੰਦ ਕਰ ਕੇ ਰੇਡੀਓ ਤੋਂ ਜਸਦੇਵ ਸਿੰਘ ਦੀ ਕੁਮੈਂਟਰੀ ਸੁਣਦੇ ਸਨ।
ਉਹ ਵਿਸ਼ਵ ਪੱਧਰ ਦਾ ਕੁਮੈਂਟੇਟਰ ਹੋਣਨਾਲ ਲੇਖਕ ਵੀ ਬੜਾ ਵਧੀਆ ਸੀ। ਉਹਦੇ ਲੇਖ ‘ਧਰਮ ਯੁਗ’ ਤੇ ‘ਸਪਤਾਹਿਕ ਹਿੰਦੋਸਤਾਨ’ ਵਿਚਛਪਦੇ ਸਨ। ‘ਮੈਂ ਜਸਦੇਵ ਸਿੰਘ ਬੋਲ ਰਹਾਂ ਹੂੰ’ ਉਸ ਦੀ ਸਵੈ-ਜੀਵਨੀਹੈ। ਕੁਮੈਂਟਰੀ ਜਰੀਏ ਓਲੰਪਿਕ ਖੇਡਾਂ ਤੇ ਓਲੰਪਿਕ ਲਹਿਰ `ਚ ਅਹਿਮ ਯੋਗਦਾਨ ਪਾਉਣ ਕਰਕੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਉਸ ਨੂੰ ਸਿਓਲ ਦੀਆਂ ਓਲੰਪਿਕ ਖੇਡਾਂ-1988 ਸਮੇਂ ‘ਓਲੰਪਿਕ ਆਰਡਰ’ ਨਾਲ ਸਨਮਾਨਿਤ ਕੀਤਾ। ਇੰਟਰਨੈਸ਼ਨਲ ਮੈਚਾਂ, ਖ਼ਾਸ ਕਰਕੇ ਹਾਕੀ ਮੈਚਾਂ ਦੀ ਕੁਮੈਟਰੀ ਕਰਨ `ਚ ਉਹਦਾ ਕੋਈ ਸਾਨੀ ਨਹੀਂ ਸੀ। ਜਦ ਉਹ ਰੇਡੀਓ ਤੋਂ ਹਾਕੀ ਮੈਚਾਂ ਦੀ ਲੱਛੇਦਾਰ ਤੇ ਤੇਜ਼ਤਰਾਰ ਕੁਮੈਂਟਰੀ ਕਰ ਰਿਹਾ ਹੁੰਦਾ ਸੀ ਤਾਂ ਲੱਖਾਂ ਕਰੋੜਾਂ ਕੰਨ ਉਹਦੀ ਰਸੀਲੀ ਆਵਾਜ਼ ਸੁਣਦੇ ਸਨ। ਉਹਦੀ ਆਵਾਜ਼ ਗੇਂਦ ਦੇ ਨਾਲ-ਨਾਲ ਦੌੜਦੀ ਅਤੇ ਮੈਦਾਨ `ਚ ਮੁੜ੍ਹਕੋ-ਮੁੜ੍ਹਕੀ ਹੋਏ ਖਿਡਾਰੀਆਂ ਨਾਲ ਸਾਹੋ-ਸਾਹ ਹੁੰਦੀ। ਉਹਦੇ ਬੋਲਾਂ ਨਾਲ ਦੂਰ ਦੇ ਸਰੋਤਿਆਂ ਦੀਆਂ ਨਬਜ਼ਾਂ,ਸਟੇਡੀਅਮ `ਚ ਮੈਚ ਵੇਖਦੇ ਦਰਸ਼ਕਾਂ ਤੋਂ ਵੀ ਤੇਜ਼ ਹੁੰਦੀਆਂ ਰਹਿੰਦੀਆਂ। ਕੁਆਲਾਲੰਪੁਰ ਤੋਂ ਹਾਕੀ ਵਿਸ਼ਵ ਕੱਪ ਜਿੱਤ ਕੇ ਮੁੜੀ ਭਾਰਤੀ ਹਾਕੀ ਟੀਮ ਨਾਲ ਜਸਦੇਵ ਸਿੰਘ ਨੂੰ ਵੇਖ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਸੀ, “ਸਰਦਾਰ ਸਾਹਿਬ, ਆਪ ਨੇ ਤੋਂ ਹਮਾਰੇ ਦਿਲੋਂ ਕੀ ਧੜਕਣੇਂ ਬੜ੍ਹਾਅ ਦੀ ਥੀਂ।”
ਮੇਰੇ ਖੇਡ ਲੇਖਕ ਬਣਨ ਵਿਚ ਜਸਦੇਵ ਸਿੰਘ ਦੀ ਖੇਡ ਕੁਮੈਟਰੀ ਦਾ ਵੀ ਹੱਥ ਹੈ। ਉਹ ਮੈਥੋਂ ਨੌਂ ਸਾਲ ਵੱਡਾ ਸੀ। ਮੈਂ ਪਹਿਲੀ ਵਾਰ ਉਸ ਨੂੰ 1963 ਵਿਚ ਮਿਲਿਆ ਤੇ ਉਹਦੇ ਮੂੰਹੋਂ ਲਾਲ ਕਿਲੇ ਤੋਂ ਆਜ਼ਾਦੀ ਦਿਵਸ ਦੀ ਕੁਮੈਂਟਰੀ ਸੁਣੀ। ਉਦੋਂ ਮੈਂ ਦਿੱਲੀ ਦੇ ਖ਼ਾਲਸਾ ਕਾਲਜ ਵਿਚ ਪੜ੍ਹਦਾ ਸਾਂ ਤੇ ਖੇਡਾਂ ਖਿਡਾਰੀਆਂ ਬਾਰੇ ਲਿਖਣ ਲਈ ਪਰ ਤੋਲ ਰਿਹਾ ਸਾਂ। ਜਸਦੇਵ ਸਿੰਘ ਨੇ ਲਾਲ ਦਸਤਾਰ ਸਜਾਈ ਹੋਈ ਸੀ ਜੀਹਦੇ ਹੇਠ ਕੇਸਰੀ ਫਿਫਟੀ ਦਗ ਰਹੀ ਸੀ। ਫਿਕਸੋ ਨਾਲ ਜਮਾਈ ਦਾੜ੍ਹੀ, ਨਿੱਕੀਆਂ ਮੁੱਛਾਂ, ਖੱਬੀ ਗੱਲ੍ਹ `ਚ ਪੈਂਦਾ ਡੂੰਘ, ਜੇਬ `ਚ ਪੈੱਨ, ਖੱਬੇ ਹੱਥ ਸਟੀਲ ਦੀ ਚੇਨ ਵਾਲੀ ਘੜੀ, ਸੱਜੇ ਹੱਥ ਕੜਾ ਅਤੇ ਪਹਿਲੀ ਤੇ ਤੀਜੀ ਉਂਗਲ ਵਿਚ ਪਾਈਆਂ ਦੋ ਮੁੰਦਰੀਆਂ ਸਨ। ਉਹਦਾ ਗੋਰਾ ਗਦਮੀ ਰੰਗ ਤੇ ਭਖਿਆ ਹੋਇਆ ਮੂੰਹ-ਮੱਥਾ ਸੰਧੂਰੀ ਭਾਅ ਮਾਰ ਰਿਹਾ ਸੀ। ਚਮਕਦੀਆਂ ਅੱਖਾਂ ਤੇ ਫਰਕਦੇ ਬੁੱਲ੍ਹਾਂ ਉਤੇ ਮਿਨ੍ਹੀ ਮੁਸਕਾਨ ਤਾਰੀ ਸੀ ਜਿਨ੍ਹਾਂ `ਚੋਂ ਰਸੀਲੀ ਆਵਾਜ਼ ਕਿਸੇ ਪਹਾੜੀ ਚਸ਼ਮੇ ਦੇ ਫੁੱਟਣ ਵਾਂਗ ਵਹਿ ਰਹੀ ਸੀ।
ਉਸ ਨੇ ਚਾਂਦਨੀ ਚੌਕ ਵੱਲ ਗੁਰਦਵਾਰਾ ਸੀਸ ਗੰਜ ਸਾਹਿਬ ਦੇ ਗੁੰਬਦ, ਕਥਾ ਕੀਰਤਨ ਦੀਆਂ ਧੁਨਾਂ, ਗੌਰੀ ਸ਼ੰਕਰ ਤੇ ਆਰੀਆ ਸਮਾਜ ਮੰਦਰ `ਚਵਜਦੇ ਸੰਖ ਤੇ ਟੱਲਅਤੇ ਜਾਮਾ ਮਸਜਿਦ ਦੀ ਉੱਚੀ ਲੰਮੀਅਜਾਨ,ਸਭਨਾਂ ਦਾ ਸ਼ਰਧਾਮਈ ਸ਼ਬਦਾਂ `ਚ ਜਿ਼ਕਰ ਕੀਤਾ ਸੀ। ਲਾਲ ਕਿਲੇ ਦੀਆਂ ਬਾਹੀਆਂ `ਤੇ ਰੰਗ ਬਰੰਗੇ ਝੰਡਿਆਂ ਦਾ ਫਰਫਰਾਉਣਾ, ਪੰਛੀਆਂ ਦਾ ਉਡਣਾ, ਰੁੱਖਾਂ ਦਾ ਝੂੰਮਣਾ, ਬੱਦਲਾਂ ਦਾ ਤੈਰਨਾ ਤੇ ਮਿਨਾਰਾਂ ਉਤੇ ਤਿਰੰਗੇ ਦਾ ਲਹਿਰਾਉਣਾ, ਸਾਰੇ ਦ੍ਰਿਸ਼ ਰੇਡੀਓ ਤੋਂ ਕੁਮੈਂਟਰੀ ਕਰਦਿਆਂ ਪ੍ਰਤੱਖ ਵਿਖਾਏ ਸਨ। ਉਹਦੀ ਜ਼ਬਾਨ ਉਤੇ ਹਿੰਦੀ/ਉਰਦੂਦੀ ਬੋਲਬਾਣੀ ਆਪਣੀ ਮਾਂਬੋਲੀ ਪੰਜਾਬੀ ਵਾਂਗ ਹੀ ਚੜ੍ਹੀ ਹੋਈ ਸੀ। ਉਹਦੇ ਮੂੰਹੋਂ ਸੌਖੇ ਸਮਝ ਆਉਣ ਵਾਲੇ ਸ਼ਬਦ ਆਮੁਹਾਰੇ ਨਿਕਲ ਰਹੇ ਸਨ। ਉਸ ਦੀ ਆਵਾਜ਼ ਸਰੋਦੀ ਸੀ ਜਿਸ ਵਿਚ ਵੰਗਾਂ ਤੇ ਝਾਂਜਰਾਂ ਵਰਗੀ ਟੁਣਕਾਰ ਸੀ। ਉਸ ਨੇ ਮਰਨ ਤੋਂ ਪਹਿਲਾਂ ਕਿਹਾ ਸੀ: ਖ਼ਾਮੋਸ਼ੀਓਂ ਕੀ ਮੌਤ ਗਵਾਰਾ ਨਹੀਂ ਹੋਤੀ,ਸ਼ੀਸ਼ਾ ਹੂੰ ਟੂਟ ਕੇ ਭੀ ਖਣਕ ਛੋੜ ਜਾਊਂਗਾ!
ਜਸਦੇਵ ਸਿੰਘ ਦਾ ਜਨਮ ਇੰਜਨੀਅਰਾਂ ਦੇ ਸਿੱਖ ਪਰਿਵਾਰ ਵਿਚ ਓਵਰਸੀਅਰ ਭਗਵੰਤ ਸਿੰਘ ਦੇ ਘਰ ਮਾਤਾ ਰਜਵੰਤ ਕੌਰ ਦੀ ਕੁੱਖੋਂ 18 ਮਈ 1931 ਨੂੰ ਹੋਇਆ ਸੀ। ਉਦੋਂ ਉਹ ਰਾਜਸਥਾਨ `ਚ ਜੈਪੁਰ ਨੇੜੇ ਪਿੰਡ ਬੌਲੀ ਵਿਚ ਰਹਿੰਦੇ ਸਨ।ਉਸ ਨੇ ਮੁੱਢਲੀ ਸਿੱਖਿਆ ਚਾਕਸੂ ਦੇ ਸਕੂਲ `ਚੋਂ ਤੇ ਉਚੇਰੀ ਪੜ੍ਹਾਈਮਹਾਰਾਜਾ ਕਾਲਜ ਜੈਪੁਰ ਤੋਂ ਹਾਸਲ ਕੀਤੀ।ਉਹਦੀ ਪੜ੍ਹਾਈ ਦਾ ਮਾਧਿਅਮਬੇਸ਼ਕ ਉਰਦੂ ਸੀ ਪਰ ਆਲਾ ਦੁਆਲਾ ਜੈਪੁਰੀ ਹਿੰਦੀ ਨਾਲ ਲਬਰੇਜ਼ ਸੀ।ਉਸ ਨੇ ਸਤਾਰਾਂ ਸਾਲ ਦੀ ਉਮਰੇ, ਮਹਾਤਮਾ ਗਾਂਧੀ ਦੇ ਅੰਤਮ ਸਸਕਾਰ ਸਮੇਂਮੈਲਵਿਲ ਡੀਮੈਲੋ ਦੀ ਰੇਡੀਓ ਤੋਂ ਕੁਮੈਂਟਰੀਸੁਣੀ ਜਿਸ ਤੋਂ ਉਹ ਬੇਹੱਦ ਪ੍ਰਭਾਵਿਤ ਹੋਇਆ। ਉਦੋਂ ਤੋਂ ਹੀ ਉਹਦੇ ਮਨ ਵਿਚ ਰੇਡੀਓਕੁਮੈਂਟੇਟਰ ਬਣਨ ਦੀ ਤਮੰਨਾ ਜਾਗ ਪਈ। ਜਦ ਇਹ ਗੱਲ ਉਸ ਨੇ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ ਤਾਂ ਇੰਜਨੀਅਰ ਬਾਪ ਹੈਰਾਨ ਹੋਇਆ ਕਿ ਕੁਮੈਂਟਰੀ ਕਿਹੜੇ ਕੰਮਾਂ `ਚੋਂ ਕੰਮ ਹੋਇਆ?ਉਹਦੀ ਮਾਂ ਨੇਕਿਹਾ ਕਿ ਤੈਨੂੰਹਿੰਦੀ ਵੀ ਚੰਗੀ ਤਰ੍ਹਾਂ ਬੋਲਣੀ ਨੀ ਆਉਂਦੀ। ਕਿਵੇਂ ਕਰੇਂਗਾ ਰੇਡੀਓ ਤੋਂ ਕੁਮੈਂਟਰੀ?
ਕਾਲਜ ਦੀ ਪੜ੍ਹਾਈ ਪੂਰੀ ਕਰ ਕੇ ਜਸਦੇਵ ਸਿੰਘ ਆਲ ਇੰਡੀਆ ਰੇਡੀਓ ਜੈਪੁਰ ਦੀ ਨੌਕਰੀ ਲਈ ਇੰਟਰਵਿਊ ਦੇਣ ਗਿਆ ਤਾਂ ਪਹਿਲੀ ਵਾਰ ਜੁਆਬ ਮਿਲ ਗਿਆ। 1955 ਵਿਚ ਦੂਜੀ ਵਾਰ ਗਿਆ ਤਾਂ ਰੱਖ ਲਿਆ ਗਿਆ ਪਰ ਰੇਡੀਓ ਤੋਂ ਕੁਮੈਂਟਰੀ ਕਰਨ ਦਾ ਕੋਈ ਮੌਕਾ ਨਾ ਮਿਲਿਆ। ਫਿਰ ਉਹ ਜੈਪੁਰ ਦੇ ਕਾਲਜਾਂ ਤੇ ਹੋਰ ਖੇਡ ਸਮਾਗਮਾਂ ਵਿਚ ਸ਼ੌਕੀਆ ਕੁਮੈਂਟਰੀ ਕਰਨ ਦਾ ਸ਼ੌਕ ਪਾਲਦਾ ਰਿਹਾ। 1960 ਵਿਚ ਉਸ ਨੂੰ ਜੈਪੁਰ ਦੇ ਇਕ ਫੁੱਟਬਾਲ ਮੈਚ ਦੀ ਕੁਮੈਂਟਰੀ ਕਰਨ ਲਈ ਉਚੇਚਾ ਬੁਲਾਇਆ ਗਿਆ। ਫਿਰ ਤਾਂ ਚੱਲ ਸੋ ਚੱਲ ਹੋ ਗਈ। ਉਹਦੀ ਆਵਾਜ਼ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕੰਨੀਂ ਪਈ ਤਾਂ ਉਸ ਨੇ ਜਸਦੇਵ ਸਿੰਘ ਦੀ ਬਦਲੀ ਜੈਪੁਰ ਤੋਂ ਦਿੱਲੀ ਕਰਵਾ ਲਈ।1963 ਤੋਂ ਉਹ ਆਲ ਇੰਡੀਆ ਰੇਡੀਓ ਤੋਂ ਆਜ਼ਾਦੀ ਤੇ ਗਣਤੰਤਰ ਦਿਵਸ ਦੀ ਕੁਮੈਂਟਰੀ ਕਰਨ ਵਾਲਾ ਪੱਕਾ ਕੁਮੈਂਟੇਟਰ ਬਣ ਗਿਆ। ਜਿਵੇਂ 1948 ਵਿਚ ਮਹਾਤਮਾਂ ਗਾਂਧੀ ਦੇ ਸੰਸਕਾਰ ਸਮੇਂ ਮੈਲਵਿਲ ਡੀਮੈਲੋ ਨੇ ਕੁਮੈਂਟਰੀ ਕੀਤੀ ਸੀ ਉਵੇਂ 1964 ਵਿਚ ਪੰਡਤ ਨਹਿਰੂ ਦੇ ਸੰਸਕਾਰ ਸਮੇਂ ਜਸਦੇਵ ਸਿੰਘ ਨੇ ਕੁਮੈਂਟਰੀ ਕੀਤੀ। ਉਸ ਦੀ ਦਰਦ ਭਰੀ ਜਜ਼ਬਾਤੀ ਆਵਾਜ਼ ਨੇਕਰੋੜਾਂ ਲੋਕਾਂ ਦੀਆਂ ਅੱਖਾਂ `ਚ ਹੰਝੂ ਲਿਆ ਦਿੱਤੇ। ਫਿਰ ਉਸ ਨੂੰ 1964 ਦੀਆਂ ਓਲੰਪਿਕ ਖੇਡਾਂ, 1966 ਦੀਆਂ ਏਸਿ਼ਆਈ ਖੇਡਾਂ ਤੇ 1971 ਦੇ ਵਰਲਡ ਹਾਕੀ ਕੱਪ ਤੋਂ ਲੈ ਕੇ ਵਿਸ਼ਵ ਭਰ ਦੇ ਵੱਡੇ ਖੇਡ ਈਵੈਂਟ ਕਵਰ ਕਰਨ ਦੇ ਮੌਕੇ ਮਿਲਣ ਲੱਗੇ ਤੇ ਚਾਰ ਚੁਫੇਰੇ ਜਸਦੇਵ-ਜਸਦੇਵ ਹੋ ਗਈ।
ਮੈਨੂੰ 1966 ਦੇ ਦਿਨ ਯਾਦ ਆ ਰਹੇ ਹਨ। ਉਦੋਂ ਮੈਂ ਖ਼ਾਲਸਾ ਕਾਲਜ ਦਿੱਲੀ ਵਿਚ ਪੰਜਾਬੀ ਦਾ ਲੈਕਚਰਾਰ ਸਾਂ। ਪੰਜਾਬੀ ਕਵੀ ਪਰਹਿੰਦੀ ਦਾ ਪ੍ਰੋਫ਼ੈਸਰਡਾ. ਹਰਿਭਜਨ ਸਿੰਘ ਉਸੇ ਕਾਲਜ ਵਿਚ ਹਿੰਦੀ ਵਿਭਾਗ ਦਾ ਮੁਖੀ ਸੀ। ਉਹ ਮੈਨੂੰ ‘ਜੱਟਾ’ ਕਹਿ ਕੇ ਬੁਲਾਉਂਦਾਸੀ। ‘ਆਰਸੀ’ ਰਸਾਲੇ ਵਿਚ ਖਿਡਾਰੀਆਂ ਬਾਰੇ ਛਪਦੇ ਮੇਰੇ ਲੇਖ ਪੜ੍ਹ ਕੇ ਤੇ ਕਾਲਜ ਦੀ ਅਥਲੈਟਿਕ ਮੀਟ ਉਤੇ ਮੇਰੀ ਕੁਮੈਂਟਰੀ ਸੁਣ ਕੇ ਇਕ ਦਿਨ ਕਹਿਣ ਲੱਗਾ, “ਜੱਟਾ, ਤੈਨੂੰ ਖੇਡਾਂ ਖਿਡਾਰੀਆਂ ਬਾਰੇ ਗੱਲ ਕਰਨੀ ਆਉਂਦੀ ਐ। ਜੇ ਤੂੰ ਇਹੋ ਕੁਝ ਹਿੰਦੀ ਵਿਚ ਬੋਲੇਂ ਤੇ ਲਿਖੇਂ ਤਾਂ ਖੇਡਾਂ ਦੀ ਕੁਮੈਂਟਰੀ ਕਰਨ ਲਈ ਜਸਦੇਵ ਸਿੰਘ ਵਾਂਗ ਹਵਾਈ ਜਹਾਜ਼ਾਂ `ਤੇ ਚੜ੍ਹ ਸਕਦੈਂ। ਦੇਸ਼ ਵਿਦੇਸ਼ ਬੱਲੇ-ਬੱਲੇ ਕਰਵਾ ਸਕਦੈਂ। ਹੁਣ ਤੂੰ ਸਾਈਕਲ ਸਵਾਰ ਐਂ, ਫਿਰ ਕਾਰਸਵਾਰ ਬਣ ਸਕਦੈਂ।”
ਸਲਾਹ ਸਿਆਣੀ ਸੀ ਤੇ ਮੌਕੇ ਦੀ ਵੀ,ਪਰ ਮੈਂ ਮੰਨੀ ਨਹੀਂ ਸੀ। ਮੈਂ ਆਪਣਾ ਘੋੜਾ ਪੰਜਾਬੀ ਵਿਚ ਹੀ ਦਬੱਲੀ ਰੱਖਿਆ। ਪੱਚੀ ਛੱਬੀਖੇਡ ਪੁਸਤਕਾਂ ਲਿਖੀਆਂ ਗਈਆਂ ਤੇ ਦੇਸ ਪਰਦੇਸ ਦੇ ਸੈਆਂਕਬੱਡੀ ਮੇਲਿਆਂ `ਤੇ ਕੁਮੈਂਟਰੀ ਕਰਨ ਦੇ ਮੌਕੇ ਮਿਲਦੇ ਗਏ।ਪੰਜਾਬੀ ਵਿਚ ਹੀ ਲਿਖਦਿਆਂ/ਬੋਲਦਿਆਂ ਮੈਨੂੰ ਪੰਜਾਬੀ ਪਿਆਰਿਆਂ ਨੇ ਐਨਾ ਮਾਣ ਸਤਿਕਾਰ ਦਿੱਤਾ ਕਿ ਕਾਰਦੀ ਸਵਾਰੀ ਛੱਡਹਵਾਈ ਜਹਾਜ਼ਾਂ `ਤੇ ਚੜ੍ਹਾਉਣ ਦੀ ਕੋਈ ਕਸਰਨਹੀਂ ਛੱਡੀ।ਪੰਜਾਹ ਸੱਠ ਹਵਾਈ ਅੱਡਿਆਂ ਤੋਂ ਚੜ੍ਹਿਆ ਉਤਰਿਆ ਹਾਂ ਜਿਸ ਲਈਮੈਂ ਪੰਜਾਬੀ ਪਿਆਰਿਆਂ ਦਾ ਸ਼ੁਕਰਗੁਜ਼ਾਰ ਹਾਂ।
ਜਸਦੇਵ ਸਿੰਘ ਕੇਵਲ ਮੈਚ ਹੀ ਨਹੀਂ ਸੀ ਵਿਖਾਉਂਦਾ, ਉਹ ਖੇਡ ਮੈਦਾਨ ਦਾ ਆਲਾ ਦੁਆਲਾ,ਖੇਡ ਦੇ ਨਿਯਮ, ਸਟੇਡੀਅਮ ਦੀਆਂ ਕੰਧਾਂ `ਤੇ ਲਹਿਰਾਉਂਦੇ ਪਰਚਮ, ਕਪਾਹ ਦੀਆਂ ਫੁੱਟੀਆਂ ਵਾਂਗ ਖਿੜੀਧੁੱਪ, ਨੀਲਾ ਅੰਬਰ, ਖੇਡ ਮੈਦਾਨ ਦਾ ਹਰਿਆ ਭਰਿਆਘਾਹ, ਚੜ੍ਹਦਾ ਚੰਨ ਤੇ ਛਿਪਦਾ ਸੂਰਜ, ਸਭ ਕੁਝ ਵਿਖਾਉਂਦਾ ਸੀ। ਉਹ ਆਪਣੀ ਕੁਮੈਂਟਰੀ ਵਿਚ ਦਰਸ਼ਕਾਂ ਦੀ ਰੌਣਕ, ਪੰਛੀਆਂ ਦੀ ਚਹਿਚਹਾਟ, ਤਾੜੀਆਂ ਦਾ ਸ਼ੋਰ ਤੇ ਟੀਮਾਂ ਦੇ ਹਮਾਇਤੀਆਂ ਦੀਆਂਹੱਲਾਸ਼ੇਰੀਆਂ ਵੀ ਭਰ ਦਿੰਦਾ ਸੀ। ਆਵਾਜ਼ ਦਾ ਉਤਰਾਅ, ਚੜ੍ਹਾਅ ਤੇ ਠਹਿਰਾਅ, ਗੋਲ ਹੋਣ ਉਤੇ ਆਵਾਜ਼ ਦੀ ਬੁਲੰਦੀ, ਮੈਚ ਜਿੱਤਣ ਵੇਲੇ ਦਾ ਜਲੌਅ ਤੇ ਹਾਰਨ ਵੇਲੇ ਦੀ ਨਮੋਸ਼ੀ ਨੂੰ ਬਿਆਨ ਕਰਨ ਅਤੇ ਗੋਲ ਹੁੰਦਾ ਰਹਿ ਜਾਣ `ਤੇ ‘ਲੇਕਿਨ’ ਕਹਿਣ ਦਾ ਜਸਦੇਵ ਸਿੰਘੀ ਅੰਦਾਜ਼, ਅਜਿਹਾ ਕਲਾਤਮਿਕ ਸੀ ਜੋ ਬਿਆਨੋ ਬਾਹਰਾ ਹੈ।ਹਾਕੀ ਮੈਚ ਦੀ ਕੁਮੈਂਟਰੀ ਕਰਦਿਆਂ ਉਹ ਅਕਸਰ ਇੰਜ ਬੋਲਦਾ: ਅਜੀਤਪਾਲ ਨੇ ਬਾਲ ਬਲਬੀਰ ਸਰਵਸਿਜ਼ ਕੋ ਦੀ... ਆਗੇ ਬਲਬੀਰ ਰੇਲਵੇ ਤਿਆਰ, ਉਸ ਨੇ ਬਾਲ ਰੋਕੀ ਔਰ ਗੇਂਦ ਬਲਬੀਰ ਪੁਲੀਸ ਪਾਸ ਪਹੁੰਚੀ, ਲੋ ਗੇਂਦ ਡੀ ਮੇਂ ਦਾਖਲ ਹੋਈ, ਲੈਫਟ ਸੇ ਹਰਚਰਨਨੇ ਪਕੜੀ, ਬਾਲ ਫਿਰਬਲਬੀਰ ਪਾਸ, ਫੁੱਲਬੈਕ ਕੋ ਡਾਜ ਕੀਆ, ਗੋਲ ਕੀਪਰ ਆਗੇ ਨਿਕਲਾ, ਔਰ ਯੇ ਗੋਲ!ਉਹਦੀ ਕੁਮੈਂਟਰੀ ਦੀ ਰਫਤਾਰ ਬਾਲ ਨਾਲੋਂ ਵੀ ਤੇਜ਼ ਹੁੰਦੀ ਜਿਸ ਨੂੰ ਸਰੋਤੇ ਸਾਹ ਰੋਕ ਕੇ ਸੁਣਦੇ।ਕੁਮੈਂਟਰੀ ਦਾ ਉਹ ਬਾਦਸ਼ਾਹਨਹੀਂ, ਸ਼ਹਿਨਸ਼ਾਹ ਸੀ।
*
ਮੈਨੂੰ ਨਵੀਂ ਦਿੱਲੀਦੀਆਂ ਏਸਿ਼ਆਈ ਖੇਡਾਂ-1982 ਵੀ ਯਾਦ ਆ ਗਈਆਂ ਹਨ। ਉਹ ਮੈਂ ‘ਪੰਜਾਬੀ ਟ੍ਰਿਬਿਊਨ’ ਲਈ ਕਵਰ ਕੀਤੀਆਂ ਸਨ। ਉਥੇ ਮੈਨੂੰ ਜਸਦੇਵ ਸਿੰਘ ਨੂੰ ਮਿਲਣ ਦੇ ਖੁੱਲ੍ਹੇ ਮੌਕੇ ਮਿਲੇ। ਬੜਾ ਨਫ਼ੀਸ ਤੇ ਮਿਲਾਪੜਾ ਸੱਜਣ ਸੀ। ਕੁਮੈਂਟਰੀ ਭਾਵੇਂ ਹਿੰਦੀ `ਚ ਕਰਦਾ ਸੀ ਪਰ ਸਾਡੇ ਨਾਲ ਗੱਲਾਂ ਕਰਨ ਵੇਲੇ ਤੁਰਤ ਪੰਜਾਬੀ ਦਾ ਗੇਅਰ ਪਾ ਲੈਂਦਾ। ਯਮਲੇ ਜੱਟ ਤੇ ਸੁਰਿੰਦਰ ਕੌਰ ਦੀ ਆਵਾਜ਼ ਨੂੰ ਸਲਾਹੁੰਦਾ। ਲਤਾ ਮੰਗੇਸ਼ਕਰ ਦੀਆਂ ਗੱਲਾਂ ਕਰਦਾ। ਯਾਦਗਾਰੀ ਟੋਟਕੇ ਸੁਣਾਉਂਦਾ। ਉਥੇ ਉਸ ਨੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਦੀਆਂ ਰਸਮਾਂ ਦੀ ਕੁਮੈਂਟਰੀ ਕਰਨ ਨਾਲ ਭਾਰਤੀ ਹਾਕੀ ਮੈਚਾਂ ਦੀ ਕੁਮੈਂਟਰੀ ਵੀ ਕਰਨੀ ਸੀ। ਜਿੱਦਣ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਕੀ ਦਾ ਫਾਈਨਲ ਮੈਚ ਹੋਇਆ ਸਾਰੀ ਦਿੱਲੀ ਥਾਏਂ ਖੜ੍ਹ ਗਈ ਸੀ। ਲੋਕ ਟੀਵੀਆਂ ਮੂਹਰੇ ਟਿਕਟਿਕੀ ਲਾਈ ਬੈਠੇ ਸਨ ਜਾਂ ਰੇਡੀਓ ਸੁਣ ਰਹੇ ਸਨ। ਬਹੁਤਿਆਂ ਨੇ ਟਰਾਂਜ਼ੀਸਟਰ ਕੰਨਾਂ ਨੂੰ ਲਾ ਰੱਖੇ ਸਨ। ਮੈਚ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀਨੈਸ਼ਨਲ ਸਟੇਡੀਅਮ ਕਿਨਾਰਿਆਂ ਤਕ ਭਰ ਚੁੱਕਾ ਸੀ। ਭਾਰਤੀ ਖੇਡ ਅਧਿਕਾਰੀਆਂ ਨੂੰ ਮੈਚ ਜਿੱਤ ਲੈਣ ਦੀ ਪੂਰੀ ਆਸ ਸੀ। ਪੰਜ ਮਿੰਟ ਪਹਿਲਾਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਉਪ ਰਾਸ਼ਟਰਪਤੀ ਮੁਹੰਮਦ ਹਦਾਇਤਉੱਲਾ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਲੋਕ ਸਭਾ ਦੇ ਸਪੀਕਰ ਬਲਰਾਮ ਜਾਖੜ ਸਾਡੇ ਪ੍ਰੈਸ ਬੌਕਸ ਦੇ ਲਾਗੇ ਹੀ ਬਿਰਾਜਮਾਨ ਹੋ ਚੁੱਕੇ ਸਨ।
ਫਿਲਮੀ ਹੀਰੋ ਅਮਿਤਾਭ ਬੱਚਨ ਦਰਸ਼ਕਾਂ ਦਾ ਧਿਆਨ ਬਦੋਬਦੀ ਖਿੱਚ ਰਿਹਾ ਸੀ। ਪ੍ਰੈੱਸ ਬੌਕਸ ਵਿਚ ਮੇਰੀ ਸੀਟ ਜਸਦੇਵ ਸਿੰਘ ਦੇ ਪਿੱਛੇ ਸੀ। ਦਰਸ਼ਕਾਂ ਦੇ ਰੌਲੇ-ਰੱਪੇ `ਚ ਜਸਦੇਵ ਸਿੰਘ ਪਾਣੀ ਦਾ ਗਿਲਾਸ ਮੰਗ ਰਿਹਾ ਸੀ ਪਰ ਏਨੀ ਭੀੜ `ਚ ਪਾਣੀ ਕਿਤੋਂ ਮਿਲ ਨਹੀਂ ਸੀ ਰਿਹਾ। ਪੌਣੇ ਤਿੰਨ ਵਜੇ ਸਭ ਗੇਟ ਬੰਦ ਹੋ ਗਏ ਸਨ। ਅੰਦਰ ਦੇ ਅੰਦਰ ਤੇ ਬਾਹਰ ਦੇ ਬਾਹਰ ਰੋਕ ਦਿੱਤੇ ਗਏ ਸਨ। ਜਸਦੇਵ ਸਿੰਘ ਨੂੰ ਹਾਲਾਂ ਤਕ ਖਿਡਾਰੀਆਂ ਦੇ ਨਾਵਾਂ ਦੀ ਸੂਚੀ ਨਹੀਂ ਸੀ ਮਿਲੀ ਤੇ ਉਹ ਪ੍ਰਬੰਧਕਾਂ ਨੂੰ ਕੋਸ ਰਿਹਾ ਸੀ। ਫਿਰ ਉਹ ਪਾਕਿਸਤਾਨ ਦੇ ਕੁਮੈਂਟੇਟਰ ਇਸਲਾਹੁਦੀਨ ਕੋਲ ਗਿਆ ਤੇ ਉਹਦੇ ਕੋਲੋਂ ਖਿਡਾਰੀਆਂ ਦੀ ਸੂਚੀ ਲੈ ਕੇ ਆਇਆ। ਇਸਲਾਹੁਦੀਨ ਅੱਡ ਖ਼ਫ਼ਾ ਹੋਇਆ ਬੈਠਾ ਸੀ। ਉਹਦੀ ‘ਹੈਲੋ-ਹੈਲੋ’ ਦਾ ਰੇਡੀਓ ਪਾਕਿਸਤਾਨ ਵੱਲੋਂ ਜਵਾਬ ਨਹੀਂ ਸੀ ਆ ਰਿਹਾ ਤੇ ਉਹ ਮੱਥੇ `ਤੇ ਹੱਥ ਮਾਰਦਾ ਭਾਰਤੀ ਟੈਕਨੀਸ਼ਨਾਂ ਵੱਲ ਘੂਰੀਆਂ ਵੱਟ ਰਿਹਾ ਸੀ। ਉਧਰ ਸਟੈਂਡਾਂ ਉਤੇ ਦਰਸ਼ਕਾਂ ਦੀ ਹਾਤ-ਹੂਤ ਦਾ ਏਨਾ ਸ਼ੋਰ ਸੀ ਜਿਵੇਂ ਸਟੇਡੀਅਮ `ਚ ਭੁਚਾਲ ਆ ਗਿਆ ਹੋਵੇ। ਜਸਦੇਵ ਸਿੰਘ ਨਾਲ ਦੀ ਨਾਲ ਦਰਸ਼ਕਾਂ ਦੇ ਰਉਂ ਦਾ ਨਜ਼ਾਰਾ ਪੇਸ਼ ਕਰੀ ਜਾ ਰਿਹਾ ਸੀ।ਉਧਰ ਖੇਡਾਂ ਦੀ ਸੰਚਾਲਣ ਕਮੇਟੀ ਦੇ ਪ੍ਰਧਾਨ ਬੂਟਾ ਸਿੰਘ ਨੇ ਦਰਸ਼ਕਾਂ ਨੂੰ ਤਿਰੰਗੀਆਂ ਝੰਡੀਆਂ ਦੇ ਥੱਬੇ ਵੰਡਵਾਦਿੱਤੇ ਸਨ।
ਮੈਚ ਸ਼ੁਰੂ ਹੋਇਆ ਤਾਂ ਸਾਰਾ ਸਟੇਡੀਅਮ ਤਿਰੰਗੇ ਰੰਗ ਵਿਚ ਰੰਗਿਆ ਗਿਆ। ਜਦੋਂ ਭਾਰਤ ਦੇ ਖਿਡਾਰੀ ਗੇਂਦ ਲੈ ਕੇ ਅੱਗੇ ਵਧਦੇ ਤਾਂ ਤਿਰੰਗੀਆਂ ਝੰਡੀਆਂ ਨਾਲ ਸ਼ੋਰ ਦੀਆਂ ਲਹਿਰਾਂ ਅਕਾਸ਼ੀਂ ਜਾ ਚੜ੍ਹਦੀਆਂ। ਚੌਥੇ ਮਿੰਟ `ਚ ਹੀ ਭਾਰਤੀ ਟੀਮ ਦੇ ਕਪਤਾਨ ਜ਼ਫਰ ਇਕਬਾਲ ਨੇ ਗੋਲ ਕੀਤਾ ਤਾਂ ਹਜ਼ਾਰਾਂ ਕਿਲਕਾਰੀਆਂ ਵੱਜੀਆਂ। ਪਰ 17ਵੇਂ ਮਿੰਟ `ਚ ਜਦੋਂਕਲੀਮਉੱਲਾ ਨੇ ਗੋਲ ਲਾਹਿਆ ਤਾਂ ਪੌੜੀਆਂ ਉਤਲਾ ਸ਼ੋਰਗੁਲ ਸੌਂ ਗਿਆ ਤੇ ਭਾਰਤੀ ਟੀਮ ਦੀ ਵੀ ਜਿਵੇਂ ਫੂਕ ਨਿਕਲ ਗਈ। 19ਵੇਂ ਮਿੰਟ `ਚ ਪਾਕਿਸਤਾਨ ਦੀ ਟੀਮ ਨੇ ਇਕ ਹੋਰ ਗੋਲ ਕੀਤਾ ਤਾਂ ਜਾਣੋ ਦਰਸ਼ਕਾਂ ਦੇ ਮਾਪੇ ਹੀ ਮਰ ਗਏ ਤੇ ਤਿਰੰਗੀਆਂ ਝੰਡੀਆਂ ਬੁੱਕਲਾਂ `ਚ ਲੁਕੋ ਲਈਆਂ ਗਈਆਂ। ਜਸਦੇਵ ਸਿੰਘ ਨੇ ਧੌਣ ਪਿੱਛੇ ਘੁਮਾ ਕੇ ਸਾਨੂੰ ਕਿਹਾ, “ਮੈਂ ਸਰਦਾਰ ਬੂਟਾ ਸਿੰਘ ਨੂੰ ਪਹਿਲਾਂ ਈ ਆਖਿਆ ਸੀ ਕਿ ਆਪਾਂ ਹੋਸਟ ਆਂ, ਆਪਾਂ ਨੂੰ ਝੰਡੀਆਂ ਵੰਡਣਾ ਸ਼ੋਭਾ ਨਹੀਂ ਦਿੰਦਾ।”ਉਸ ਨੇ ਇਹ ਵੀ ਕਿਹਾ, “ਆਮ ਵੇਖਿਆ ਗਿਐ ਕਿ ਜਦੋਂ ਭਾਰਤ ਪਾਕਿਸਤਾਨ ਸਿਰ ਪਹਿਲਾ ਗੋਲ ਕਰੇ ਤਾਂ ਅਕਸਰ ਹਾਰਦੈ।”
ਜਿਵੇਂ-ਜਿਵੇਂ ਮੈਚ ਅੱਗੇ ਵਧਿਆ ਪਾਕਿਸਤਾਨੀ ਖਿਡਾਰੀ ਹੋਰਉਤੇ ਚੜ੍ਹਦੇ ਗਏ। ਉਨ੍ਹਾਂ ਨੇ ਉਪ੍ਰੋਥਲੀ ਸੱਤ ਗੋਲ ਕੀਤੇ। ਭਾਰਤੀ ਟੀਮ ਨੂੰ ਉਹਦੇ ਹੀ ਘਰ `ਚ ਏਨੀ ਸ਼ਰਮਨਾਕ ਹਾਰ ਦਿੱਤੀ ਜਿਸ ਨੂੰ ਭਾਰਤੀ ਖਿਡਾਰੀ ਡਰਾਉਣੇ ਸੁਫ਼ਨੇ ਵਾਂਗ ਕਦੇ ਵੀ ਭੁੱਲ ਨਹੀਂ ਸਕਣਗੇ। ਉੱਦਣ ਜਸਦੇਵ ਸਿੰਘ ਨੂੰ ਮੈਂ ਡਾਢਾ ਉਦਾਸ ਵੇਖਿਆ। ਮੇਰੀ ਬਦਕਿਸਮਤੀ ਹੈ ਕਿ ਉਸ ਤੋਂ ਬਾਅਦ ਮੈਂ ਜਸਦੇਵ ਸਿੰਘ ਦੇ ਦਰਸ਼ਨ ਨਾ ਕਰ ਸਕਿਆ। ਦੇਸ਼ ਲਈ ਉਸ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਦੇ ਰਾਸ਼ਟਰਪਤੀ ਨੇ 1985 ਵਿਚ ਉਸ ਨੂੰ ਪਦਮ ਸ੍ਰੀ ਤੇ 2008 ਵਿਚ ਪਦਮ ਭੂਸ਼ਨ ਦੇ ਪੁਰਸਕਾਰ ਦਿੱਤੇ।
85ਵੇਂ ਸਾਲ ਦੀ ਉਮਰ ਤੋਂ ਉਹ ਭੁੱਲਣਰੋਗ ਦਾ ਸਿ਼ਕਾਰ ਹੋ ਗਿਆ ਸੀ ਅਤੇ ਪਾਰਕਿਨਸਨ ਦਾ ਮਰੀਜ਼ ਵੀ। ਉਹਦੇ ਹੱਥ ਕੰਬਣ ਲੱਗ ਪਏ ਸਨ ਪਰ ਆਵਾਜ਼ ਸਥਿਰ ਸੀ। ਉਸ ਨੇ ਚੁਰਾਸੀ ਕੱਟ ਲਈ ਸੀ ਤੇ 87ਵੇਂ ਸਾਲ `ਚ ਪਹੁੰਚ ਗਿਆ ਸੀ। ਉਹ ‘ਲਿਵਿੰਗ ਲੀਜਿ਼ੰਡ’ ਸੀ। ਉਸ ਦੀ ਪਤਨੀ ਕ੍ਰਿਸ਼ਨਾ ਜਸਦੇਵ ਸਿੰਘ, ਪਤੀ ਦੀ ਸੇਵਾ ਸੰਭਾਲ ਵਿਚ ਲੱਗੀ ਹੋਈ ਸੀ। ਪੁੱਤਰ ਗੁਰਦੇਵ ਸਿੰਘ ਤੇ ਧੀ ਵੀ ਹਾਜ਼ਰ ਸਨ। ਗੁਰਦੇਵ ਸਿੰਘ ਨੇ ਆਪਣੇ ਪਿਤਾ ਦੀ ਕੁਮੈਂਟਰੀ ਦਾ ਬੈਟਨ ਉਹਦੇ ਜਿਉਂਦੇ ਜੀਅ ਫੜ ਲਿਆ ਸੀ। ਦਿੱਲੀ ਦਾ ਮੀਡੀਆ ਜਸਦੇਵ ਸਿੰਘ ਦੀ ਖ਼ਬਰਸਾਰ ਲੈਂਦਾ ਰਹਿੰਦਾ ਸੀ ਪਰ ਜਿਵੇਂ ਕਹਿੰਦੇ ਹਨ, ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ। ਆਖ਼ਰ ਉਮਰ ਦੀ ਡੋਰ ਟੁੱਟ ਹੀ ਗਈ। 25 ਸਤੰਬਰ 2018 ਨੂੰ ‘ਕੁਮੈਂਟਰੀ ਦਾ ਬਾਬਾ ਬੋਹੜ’ 87 ਸਾਲਾਂ ਦੇ ਸ਼ਾਨਾਂਮੱਤੇ ਜੀਵਨ ਦਾ ਆਖ਼ਰੀ ਸਾਹ ਲੈ ਕੇ ਆਪਣੀ ਪਤਨੀ, ਪੁੱਤਰ ਤੇ ਧੀ ਦੇ ਭਰੇ ਪਰਿਵਾਰ ਅਤੇ ਆਪਣੇ ਲੱਖਾਂ ਕਰੋੜਾਂ ਪਰਸੰਸਕਾਂ ਨੂੰ ਅਲਵਿਦਾ ਕਹਿ ਗਿਆ। ਮੁਹੰਮਦ ਇਕਬਾਲ ਦਾ ਇਹ ਸਿ਼ਅਰ ਉਹਦੇ ਉਤੇ ਪੂਰਾ ਢੁੱਕਦਾ ਹੈ:
ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਕੀ ਕੁਝ ਲੋਕ ਐਡੇ ਵੱਡੇ ਮਹਾਨ ਵੀ ਹੋ ਸਕਦੇ ਹਨ? ਘਪਲੇਬਾਜ਼ਾਂ ਦੀ ਚਰਚਾ ਕਰਦਾ ਹੈ ਭਾਰਤ ਦਾ ਲੋਕਤੰਤਰ, ਘਪਲੇ ਹੁੰਦੇ ਨਹੀਂ ਰੋਕਦਾ “ਆ ਗਿਆ ‘ਪੰਨੂੰ ਵੈਦ’ ਕੰਪਿਊਟਰ-ਰੋਗੀਆਂ ਦਾ ...” ਚੋਣਾਂ ਨੂੰ ਕਿਲ੍ਹਿਆਂ ਉੱਤੇ ਕਬਜਿ਼ਆਂ ਦੀਆਂ ਰਾਜਿਆਂ ਵਾਲੀਆਂ ਜੰਗਾਂ ਦਾ ਰੂਪ ਦੇਣਾ ਚੰਗਾ ਨਹੀਂ ਹੁੰਦਾ ਜਸਵੰਤ ਸਿੰਘ ਕੰਵਲ ਦੇ 105ਵੇਂ ਜਨਮ ਦਿਵਸ `ਤੇ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਪੁਸਤਕ ਵਰਿਆਮ ਸਿੰਘ ਸੰਧੂ ਨੂੰ ਭੇਟ ਕਰਦਿਆਂ ਭੀੜਾਂ ਦੀ ਭਾਜੜ ਵਿੱਚ ਮਰਦੇ ਲੋਕ ਤੇ ਚਿੰਤਾ ਸਿਰਫ ਮੁਆਵਜ਼ੇ ਦੇਣ ਦੇ ਐਲਾਨਾਂ ਤੱਕ ਸੀਮਤ! ਰਮਿੰਦਰ ਰੰਮੀ ਦੀ ਕਾਵਿ-ਪੁਸਤਕ ‘ਤੇਰੀ ਚਾਹਤ’ ਮੇਰੀ ਨਜ਼ਰ ‘ਚ ... ਕਹਿਣ ਨੂੰ ਤਾਂ ਲੋਕਤੰਤਰ, ਪਰ ਅਸਲ ਵਿੱਚ ਲੋਕਤੰਤਰੀ ਸਰਕਸ ਬਣ ਚੁੱਕਾ ਹੈ ਭਾਰਤ ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ