ਰਣਬੀਰ ਕਪੂਰ ਦੀ ‘ਸ਼ਮਸ਼ੇਰਾ’ 22 ਜੁਲਾਈ ਨੂੰ ਰਿਲੀਜ਼ ਹੋਈ, ਜੋ ਬੁਰੀ ਤਰ੍ਹਾਂ ਫਲਾਪ ਸਾਬਤ ਹੋਈ। ਉਸ ਦੀ ‘ਬ੍ਰਹਮਾਸਤਰ’ 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਡਾਇਰੈਕਟਰ ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਵਾਲੀ ਰਣਬੀਰ ਕਪੂਰ ਦੀ ‘ਐਨੀਮਲ’ ਅਗਲੇ ਸਾਲ 11 ਅਗਸਤ ਨੂੰ ਰਿਲੀਜ਼ ਹੋਵੇਗੀ। ‘ਐਨੀਮਲ' ਵਿੱਚ ਅਨਿਲ ਕਪੂਰ, ਰਣਬੀਰ ਦੇ ਪਿਤਾ ਅਤੇ ਪਰਿਣੀਤੀ ਚੋਪੜਾ ਉਸ ਦੀ ਪਤਨੀ ਦੇ ਕਿਰਦਾਰ ਵਿੱਚ ਆਏਗੀ। ਇੱਕ ਮਹੱਤਵ ਪੂਰਨ ਕਿਰਦਾਰ ਵਿੱਚ ਬੌਬੀ ਦਿਓਲ ਵੀ ਆਉਣਗੇ। ਇਸ ਗੈਂਗਸਟਾਰ ਕਰਾਈਮ ਡਰਾਮਾ ਫਿਲਮ ਨੂੰ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼ ਪ੍ਰਣਯ ਰੈਡੀ ਵਾਂਗਾ ਦੀ ਭਦਰਕਾਲੀ ਫਿਲਮਜ਼ ਅਤੇ ਮੁਰਾਦ ਖੇਤਾਨੀ ਦੇ ਸਿਨੇ ਸਟੂਡੀਓ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ‘ਐਨੀਮਲ' ਅਜਿਹੇ ਉਲਝੇ ਹੋਏ ਰਿਸ਼ਤਿਆਂ ਦੀਆਂ ਪ੍ਰੇਸ਼ਾਨੀਆਂ ਉੱਤੇ ਆਧਾਰਤ ਹੈ, ਜਿਸ ਵਿੱਚ ਅਜਿਹਾ ਸਮਾਂ ਆਉਂਦਾ ਹੈ, ਜੋ ਲੀਡ ਐਕਟਰ ਨੂੰ ਐਨੀਮਲ ਵਰਗਾ ਵਿਹਾਰ ਕਰਨ ਨੂੰ ਮਜਬੂਰ ਕਰ ਦਿੰਦਾ ਹੈ। ਆਮਿਰ ਅਤੇ ਰਣਬੀਰ ਕਪੂਰ ਪਹਿਲੀ ਵਾਰ ਰਾਜ ਕੁਮਾਰ ਹਿਰਾਨੀ ਦੀ ਫਿਲਮ ‘ਪੀਕੇ’ ਵਿੱਚ ਨਜ਼ਰ ਆਏ ਸਨ। ਰਣਬੀਰ ਦਾ ਉਸ ਫਿਲਮ ਵਿੱਚ ਇੱਕ ਬੇਹੱਦ ਛੋਟਾ ਜਿਹਾ ਕੈਮਿਊ ਸੀ। ਆਮਿਰ ਦੇ ਪ੍ਰੋਡਕਸ਼ਨ ਹਾਊਸ ਦੁਆਰਾ ਬਣਾਈ ਜਾਣ ਵਾਲੀ ਫਿਲਮ ਦੀ ਸਕ੍ਰਿਪਟ ਰਣਬੀਰ ਨੂੰ ਪਸੰਦ ਆਈ ਹੈ। ਰਣਬੀਰ ਕਪੂਰ ਨੇ ਇਸ ਦਾ ਹਿੱਸਾ ਬਣਨ ਦੇ ਲਈ ਆਪਣੀ ਹਾਮੀ ਭਰ ਦਿੱਤੀ ਹੈ। ਅਗਲੇ ਸਾਲ ਦੇ ਅੱਧ ਤੱਕ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ। ਪੇਸ਼ ਹਨ ਰਣਬੀਰ ਕਪੂਰ ਨਾਲ ਗੱਲਬਾਤ ਦੇ ਅੰਸ਼ :
* ‘ਸ਼ਮਸ਼ੇਰਾ’ ਤੋਂ ਤੁਹਾਨੂੰ ਕਾਫੀ ਆਸਾਂ ਸਨ, ਪਰ ਦਰਸ਼ਕਾਂ ਨੇ ਫਿਲਮ ਵਿੱਚ ਕੁਝ ਖਾਸ ਦਿਲਚਸਪੀ ਨਹੀਂ ਲਈ। ਤੁਸੀਂ ਫਿਲਮ ਵਿੱਚ ਜੋ ਕਿਰਦਾਰ ਨਿਭਾਇਆ ਉਹ ਤੁਹਾਡੀ ਸਥਾਪਤ ਇਮੇਜ਼ ਦੇ ਉਲਟ ਸੀ। ਕੀ ਫਿਲਮ ਨੂੰ ਨਕਾਰੇ ਜਾਣ ਦੀ ਵਜ੍ਹਾ ਇਹੀ ਤਾਂ ਨਹੀਂ ਸੀ?
- ਮੈਨੂੰ ਲੱਗਦਾ ਹੈ ਕਿ ਮੈਂ ਟਾਈਪਕਾਸਟ ਹੋ ਰਿਹਾ ਸੀ। ਮੇਰੀ ਰੋਮਾਂਟਿਕ ਇਮੇਜ਼ ਬਣ ਗਈ ਸੀ। ਇੱਕ ਹੀ ਤਰ੍ਹਾਂ ਦੇ ਕਿਰਦਾਰ ਕਰਦੇ ਹੋਏ ਮੈਂ ਖੁਦ ਤੋਂ ਬੋਰ ਹੋਣ ਲੱਗਾ ਸੀ। ਦਰਸ਼ਕ ਵੀ ਮੇਰੇ ਤੋਂ ਬੋਰ ਨਾ ਹੋਣ, ਇਸ ਦੇ ਲਈ ਮੈਂ ਆਪਣੇ ਕੰਫਰਟ ਜ਼ੋਨ ਤੋਂ ਨਿਕਲ ਕੇ ਕੁਝ ਚੈਲੇਂਜਿੰਗ ਕਰਨਾ ਕਰਨਾ ਚਾਹੁੰਦਾ ਸੀ। ਹਰ ਕਿਸੇ ਨੂੰ ਮੇਰਾ ਕੰਮ ਅਤੇ ਕਿਰਦਾਰ ਪਸੰਦ ਆਇਆ ਹੈ।
* ਜਦ ਤੁਹਾਨੂੰ ਇਸ ਫਿਲਮ ਦਾ ਆਫਰ ਮਿਲਿਆ, ਤਦ ਤੁਹਾਡੀ ਸਭ ਤੋਂ ਪਹਿਲੀ ਪ੍ਰਤੀਕਿਰਿਆ ਕੀ ਸੀ?
-ਜ਼ਿਆਦਾਤਰ ਫਿਲਮਮੇਕਰਸ ਮੈਨੂੰ ਇਸ ਤਰ੍ਹਾਂ ਦੇ ਰੋਲ ਆਫਰ ਨਹੀਂ ਕਰਦੇ। ‘ਸ਼ਮਸ਼ੇਰਾ’ ਵਿੱਚ ਮੇਰਾ ਬਿਲਕੁਲ ਅਲੱਗ ਤਰ੍ਹਾਂ ਦਾ ਰੋਲ ਸੀ। 10 ਸਾਲ ਪਹਿਲਾਂ ਜੇ ਇਹ ਆਫਰ ਮੇਰੇ ਕੋਲ ਆਇਆ ਹੁੰਦਾ ਤਾਂ ਪੱਕਾ ਹੀ ਮੈਂ ਇਸ ਦੇ ਲਈ ਮਨ੍ਹਾ ਕਰ ਦਿੰਦਾ। ਮੈਨੂੰ ਪਹਿਲੀ ਵਾਰ ਡਬਲ ਰੋਲ ਆਫਰ ਹੋਇਆ ਸੀ ਤੇ ਸਕਰੀਨ ਉੱਤੇ ਡਬਲ ਰੋਲ ਕਰਨਾ ਮੇਰੇ ਲਈ ਖੁਸ਼ੀ ਦੀ ਗੱਲ ਸੀ ਇਸ ਲਈ ਮੈਂ ਤੁਰੰਤ ਹਾਂ ਦਿੱਤੀ ਸੀ।
*ਕੀ ਅੱਗੇ ਵੀ ਆਪਣੀ ਸਥਾਪਤ ਇਮੇਜ਼ ਦੇ ਉਲਟ ਇਸੇ ਤਰ੍ਹਾਂ ਦੇ ਰੋਲ ਕਰਦੇ ਰਹੋਗੇ?
-ਇੱਕ ਐਕਟਰ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਮੈਂ ਹਰ ਤਰ੍ਹਾਂ ਦੇ ਕਿਰਦਾਰ ਨਿਭਾਵਾਂ। ਮੈਂ ਵਿਲੇਨ ਦਾ ਰੋਲ ਵੀ ਕਰਨਾ ਚਾਹੁੰਦਾ ਹਾਂ। ਮੇਰਾ ਸੁਫਨਾ ਰਿਹਾ ਹੈ ਕਿ ਮੈਂ ਨੈਗੇਟਿਵ ਰੋਲ ਕਰਾਂ ਤੇ ਲੋਕ ਆਪਣੇ ਬੱਚਿਆਂ ਨੂੰ ਕਹਿਣ ਸੋ ਜਾ ਬੇਟਾ ਨਹੀਂ ਤਾਂ ਰਣਬੀਰ ਆ ਜਾਏਗਾ। ਸਾਡੀਆਂ ਫਿਲਮਾਂ ਹਮੇਸ਼ਾ ਹੀਰੋ ਦੀ ਸਾਈਡ ਲੈਂਦੀਆਂ ਹਨ, ਪਰ ਵਿਲੇਨ ਬਿਨਾਂ ਹੀਰੋ ਆਪਣੀ ਹੀਰੋਗਿਰੀ ਕਿਵੇਂ ਦਿਖਾ ਸਕੇਗਾ।
*ਕੋਈ ਵੀ ਐਕਟਰ ਇਸ ਇੰਡਸਟਰੀ ਵਿੱਚ ਜਦ ਆਪਣਾ ਪਹਿਲਾ ਕਦਮ ਰੱਖਦਾ ਹੈ, ਉਸ ਦੇ ਦਿਲੋ ਦਿਮਾਗ ਵਿੱਚ ਇੱਕ ਸਥਾਪਤ ਐਕਟਰ ਦੀ ਇਮੇਜ਼ ਹੁੰਦੀ ਹੈ ਜਿਸ ਦੀ ਤਰ੍ਹਾਂ ਦਾ ਐਕਟਰ ਉਹ ਬਣਨਾ ਚਾਹੁੰਦਾ ਹੈ। ਕੀ ਤੁਹਾਡੇ ਦਿਮਾਗ ਵਿੱਚ ਵੀ ਕੋਈ ਅਜਿਹੀ ਇਮੇਜ਼ ਸੀ?
- ਮੈਂ ਜਦ ਸਿਰਫ ਸੱਤ ਸਾਲ ਦਾ ਸੀ ਅਮਿਤਾਭ ਬੱਚਨ ਵਰਗਾ ਹੀਰੋ ਬਣਨਾ ਚਾਹੁੰਦਾ ਸੀ। ਜਦ ਥੋੜ੍ਹਾ ਹੋਰ ਵੱਡਾ ਹੋਇਆ, ਤਦ ਦੂਸਰਾ ਸ਼ਾਹਰੁਖ ਖਾਨ ਬਣਨ ਦਾ ਖਾਹਿਸ਼ ਹੋਣ ਲੱਗੀ। ਜਿਸ ਸਮੇਂ ਐਕਟਰ ਵਜੋਂ ਸ਼ੁਰੂਆਤ ਕੀਤੀ, ਉਸ ਵੇਲੇ ਹਿੰਦੀ ਫਿਲਮ ਇੰਡਸਟਰੀ ਦੇ ਇਹ ਹੀਰੋ ਮੇਰਾ ਅਸਲ ਜੀਵਨ ਦੇ ਹੀਰੋ ਸਨ, ਪਰ ਜਿਵੇਂ-ਜਿਵੇਂ ਮੇਰੀ ਐਕਟਿੰਗ ਪਾਰੀ ਅੱਗੇ ਵਧਦੀ ਗਈ, ਮੈਨੂੰ ਲੱਗਣ ਲੱਗਾ ਕਿ ਮੇਰੇ ਲਈ ਇਨ੍ਹਾਂ ਵਾਂਗ ਬਣ ਸਕਣਾ ਨਾਮੁਮਕਿਨ ਹੈ ਤੇ ਆਖਰ ਮੈਨੂੰ ਰਣਬੀਰ ਕਪੂਰ ਬਣ ਕੇ ਸੰਤੋਸ਼ ਕਰਨਾ ਪਿਆ।
*ਹਾਲ ਹੀ ਵਿੱਚ ਲਵ ਰੰਜਨ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਅੰਧੇਰੀ ਵਿੱਚ ਸੈੱਟ ਉੱਤੇ ਅੱਗ ਲੱਗ ਗਈ ਸੀ, ਜਿਸ ਵਿੱਚ ਦੋ ਜਣਿਆਂ ਦੀ ਜਾਨ ਵੀ ਚਲੀ ਗਈ। ਇਸ ਫਿਲਮ ਦੇ ਬਾਰੇ ਕੁਝ ਦੱਸੋ?
- ਇਸ ਫਿਲਮ ਦੇ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਦਿੱਲੀ ਵਿੱਚ ਕਰਨ ਦੇ ਬਾਅਦ ਦੂਸਰਾ ਸ਼ਡਿਊਲ ਮੁੰਬਈ ਵਿੱਚ ਸ਼ੁਰੂ ਹੋਇਆ ਸੀ ਕਿ ਇਹ ਹਾਦਸਾ ਹੋ ਗਿਆ। ਅਜੇ ਫਿਲਮ ਦਾ ਟਾਈਟਲ ਤੈਅ ਨਹੀਂ ਹੋਇਆ। ਇਸ ਵਿੱਚ ਮੇਰੇ ਨਾਲ ਸ਼ਰਧਾ ਕਪੂਰ ਹੈ। ਇਸ ਵਿੱਚ ਬੋਨੀ ਸਰ ਮੇਰੇ ਡੈਡੀ ਅਤੇ ਡਿੰਪਲ ਮੇਰੀ ਮੰਮੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।
* ਆਲੀਆ ਭੱਟ ਇਸ ਇੰਡਸਟਰੀ ਦੀ ਸ਼ਾਨਦਾਰ ਅਭਿਨੇਤਰੀ ਹੈ। ਜਦ ਆਲੀਆ ਤੇ ਤੁਸੀਂ ਵਿਆਹ ਕੀਤਾ, ਲੋਕਾਂ ਨੂੰ ਸ਼ੱਕ ਸੀ ਕਿ ਵਿਆਹ ਪਿੱਛੋਂ ਆਲੀਆ ਇੰਡਸਟਰੀ ਤੋਂ ਕਿਨਾਰਾ ਕਰ ਲਵੇਗੀ, ਪਰ ਵਿਆਹ ਪਿੱਛੋਂ ਉਨ੍ਹਾਂ ਦੀ ਐਕਟਿੰਗ ਪਾਰੀ ਪਹਿਲਾਂ ਵਾਂਗ ਜਾਰੀ ਰਹੀ। ਉਹ ਮਾਂ ਬਣਨ ਵਾਲੀ ਹੈ। ਕੀ ਉਨ੍ਹਾਂ ਦੇ ਮਾਂ ਬਣਨ ਦੇ ਬਾਅਦ ਵੀ ਕੰਮ ਕਰਦੀ ਰਹੇਗੀ?
- ਮੈਂ ਕਦੇ ਵੀ ਇਸ ਹੱਕ ਵਿੱਚ ਨਹੀਂ ਸੀ ਕਿ ਆਲੀਆ ਵਿਆਹ ਕਰਨ ਜਾਂ ਮਾਂ ਬਣਨ ਦੇ ਬਾਅਦ ਆਪਣੇ ਸੁਫਨਿਆਂ ਦਾ ਬਲਿਦਾਨ ਦੇਵੇ। ਆਲੀਆ ਅਤੇ ਮੈਂ ਪਿਛਲੇ ਕਾਫੀ ਸਮੇਂ ਤੋਂ ਇਸ ਮਸਲੇ ਉੱਤੇ ਲਗਾਤਾਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਕਿ ਮਾਤਾ-ਪਿਤਾ ਬਣਨ ਦੇ ਬਾਅਦ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਸਾਂਝੀਆਂ ਕਰਾਂਗੇ।