Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਨਜਰਰੀਆ

ਰੂਹ ਦੀ ਜੂਹ

August 29, 2022 05:30 PM

-ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ
2 ਦਸੰਬਰ 1976 ਨੂੰ ਮੈਨੂੰ ਅਧਿਆਪਕ ਦੀ ਨੌਕਰੀ ਵਾਸਤੇ ਇੰਟਰਵਿਊ ਕਾਰਡ ਆਇਆ। ਉਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਰੁਜ਼ਗਾਰ ਦਫ਼ਤਰਾਂ ਰਾਹੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਸੀ। ਆਰਜ਼ੀ ਅਧਿਆਪਕ ਦੀ ਨਿਯੁਕਤੀ ਦੇ ਅਧਿਕਾਰ ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਕੋਲ ਹੁੰਦੇ ਸਨ। ਮੇਰੇ ਇੰਟਰਵਿਊ ਕਾਰਡ ਵਿੱਚ ਵੀ ਮੈਨੂੰ ਹਾਈ ਸਕੂਲ ਦੇ ਮੁੱਖ ਅਧਿਆਪਕ ਦੇ ਦਫ਼ਤਰ ਵਿੱਚ 10 ਵਜੇ ਪਹੁੰਚਣ ਦੀ ਤਾਕੀਦ ਕੀਤੀ ਹੋਈ ਸੀ। ਦਸੰਬਰ ਮਹੀਨੇ ਦੀ ਸਵੇਰ ਵੇਲੇ ਹਨੇਰੇ ਹੀ ਮੇਰਾ ਦੋਸਤ ਰੂੜਾ (ਮਰਹੂਮ ਰੂੜ ਸਿੰਘ) ਸਾਈਕਲ ਉੱਤੇ ਮੈਨੂੰ ਕਲੇਰ ਪਿੰਡ ਛੱਡਣ ਆਇਆ। ਰਸਤੇ ਦੇ ਤਕਰੀਬ ਅੱਧ ਵਿਚਕਾਰੋਂ ਕੱਸੀ ਲੰਘਦੀ ਸੀ। ਇਹ ਰਾਹ ਤੋਂ ਵਾਹਵਾ ਉਚੀ ਸੀ। ਇਹ ਲੰਘ ਕੇ ਪਿਛਲੇ ਪਾਸੇ ਪਿੰਡ ਦਿਸਣੋਂ ਹਟ ਜਾਂਦਾ ਸੀ।‘‘ਰੋਕੀਂ ਯਾਰ ਸਾਈਕਲ।'' ਮੈਂ ਆਪਣੇ ਦੋਸਤ ਨੂੰ ਆਖਿਆ ਤੇ ਪਿੱਛੇ ਪਿੰਡ ਵੱਲ ਝਾਕਣ ਲੱਗ ਪਿਆ। ਮੈਨੂੰ ਪ੍ਰਿੰਸੀਪਲ ਤੇਜਾ ਸਿੰਘ ਦਾ ‘ਘਰ ਦਾ ਪਿਆਰ' ਲੇਖ ਯਾਦ ਆ ਰਿਹਾ ਸੀ ਤੇ ਮੈਂ ਉਸੇ ਤਰ੍ਹਾਂ ਵਾਹਵਾ ਚਿਰ ਆਪਣੇ ਪਿੰਡ ਨੂੰ ਨਿਹਾਰਦਾ ਰਿਹਾ। ਰੂੜਾ ਮੇਰੀ ਇਸ ‘ਬਚਗਾਨਾ ਹਰਕਤ' ਉੱਤੇ ਹੱਸ ਰਿਹਾ ਸੀ। ਮੈਂ ਨੌਕਰੀ ਉੱਤੇ ਜਾਣਾ ਸੀ ਅਤੇ ਇਸ ਨੌਕਰੀ ਸਕਦਾ ਮੇਰਾ ਸਮਾਜਿਕ ਅਤੇ ਆਰਥਿਕ ਤੌਰ ਉੱਤੇ ਕੁਝ ਚੰਗੇਰਾ ਹਾਲ ਹੋਣਾ ਸੀ, ਫਿਰ ਵੀ ਮੈਨੂੰ ਡੋਬ ਜਿਹੇ ਪੈਣ ਵਾਲਿਆਂ ਵਾਂਗ ਹੋ ਰਿਹਾ ਸੀ।
ਵੀਰਵਾਰ ਦਾ ਦਿਨ ਸੀ, ਗਿੱਦੜਬਾਹਾ ਦੇ ਹਾਈ ਸਕੂਲ ਵਿੱਚ ਮੈਂ ਅਧਿਆਪਕ ਲੱਗ ਗਿਆ ਅਤੇ ਦੋ ਰਾਤਾਂ ਦੇ ਉਥੇ ਠਹਿਰਾਓ ਤੋਂ ਬਾਅਦ ਸ਼ਨਿੱਚਰਵਾਰ ਸਾਰੀ ਛੁੱਟੀ ਪਿੱਛੋਂ ਬੜੇ ਉਦਰੇਵੇਂ ਵਾਲੇ ਮਨ ਨਾਲ ਪਿੰਡ ਵਾਪਸ ਆ ਰਿਹਾ ਸਾਂ। ਠੰਢੀ ਅਤੇ ਹਨੇਰੀ ਰਾਤ ਵਿੱਚ ਵੀ ਮੈਨੂੰ ਪਿੰਡ ਪਹੁੰਚਣ ਦਾ ਚਾਅ ਭਜਾ ਰਿਹਾ ਸੀ। ਕੇਵਲ ਤੀਸਰੇ ਦਿਨ ਰਾਤ ਨੂੰ ਘਰ ਪਹੁੰਚ ਕੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ, ਜਿਵੇਂ ਮੈਂ ਬੜਾ ਵੱਡਾ ਬਨਵਾਸ ਕੱਟ ਕੇ ਮੁੜਿਆ ਹੋਵਾਂ। ਮੈਨੂੰ ਯਾਦ ਹੈ, ਗਿੱਦੜਬਾਹਾ ਦੋਵੇਂ ਰਾਤਾਂ ਨੂੰ ਮੈ ਸ਼ਿਵ ਕੁਮਾਰ ਬਟਾਲਵੀ ਦੀ ‘ਬਨਵਾਸੀ' ਕਵਿਤਾ ਨੂੰ ਮੁੜ ਮੁੜ ਯਾਦ ਕਰਦਾ ਰਿਹਾ ਸਾਂ।
ਇਸ ਤਰ੍ਹਾਂ ਥੋੜ੍ਹਾ ਬਹੁਤਾ ਸਮਾਂ ਮੈਂ ਅਧਿਆਪਕ ਦੀ ਨੌਕਰੀ ਕਰਦਾ ਹੋਇਆ ਪਿੰਡੋਂ ਬਾਹਰ ਰਹਿੰਦਾ ਰਿਹਾ। ਇੱਕ ਵਾਰੀ ਪਿੰਡ ਦੇ ਨੇੜੇ ਬਦਲੀ ਕਰਵਾਉਣ ਦੇ ਲਾਲਚ ਵਿੱਚ ਹਫ਼ਤਾ ਭਰ ਸਕੂਲ ਨਹੀਂ ਗਿਆ, ਜਿਸ ਦਾ ਬਾਅਦ ਵਿੱਚ ਮੈਨੂੰ ਖ਼ਮਿਆਜ਼ਾ ਭੁਗਤਣਾ ਪਿਆ ਸੀ। ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਕਿ ਇੱਕ ਜਾਂ ਦੂਸਰੇ ਬਹਾਨੇ ਕਰਕੇ ਮੈਂ ਪਿੰਡ ਦੇ ਨੇੜੇ ਆਉਣ ਦੇ ਬਾਵਜੂਦ ਆਪਣੀ ਰਹਾਇਸ਼ ਫ਼ਰੀਦਕੋਟ ਰੱਖ ਲਈ। ਪਿੰਡ ਵਿੱਚ ਪਿੱਛੇ ਕੋਈ ਪਰਵਾਰਕ ਜੀਅ ਨਾ ਹੋਣ ਕਰਕੇ ਪਿੰਡ ਜਾਣਾ ਘੱਟ ਹੁੰਦਾ ਗਿਆ ਅਤੇ ਜਦੋਂ ਬਚਪਨ ਦੇ ਦੋਵੇਂ ਦੋਸਤ ਦੁਰਘਟਨਾ ਵਿੱਚ ਸਾਥ ਛੱਡ ਗਏ ਤਾਂ ਮੈਨੂੰ ਲੱਗਿਆ, ਪਿੰਡ ਵਿੱਚੋਂ ਮੇਰੀ ਜਿਵੇਂ ਰੂਹ ਨਿੱਕਲ ਗਈ ਹੋਵੇ। ਕਦੇ ਕਦਾਈਂ ਕਿਸੇ ਪਰਵਾਰਕ ਰੁਝੇਵੇਂ ਕਰਕੇ ਪਿੰਡ ਜਾਂਦਾ ਹਾਂ ਤਾਂ ਦੋ ਥਾਵਾਂ ਉੱਤੇ ਜ਼ਰੂਰ ਜਾਂਦਾ ਹਾਂ। ਪਿੰਡ ਦਾ ਸਕੂਲ ਅਤੇ ਪਿੰਡ ਦਾ ਛੱਪੜ, ਹਾਲਾਂਕਿ ਸਕੂਲ ਦੀ ਸਾਰੀ ਇਮਾਰਤ ਬਦਲ ਗਈ ਹੈ ਅਤੇ ਛੱਪੜ ਵੀ ਤਾਰੀਆਂ ਲਾ ਕੇ ਨਹਾਉਣ ਵਾਲਾ ਨਹੀਂ ਰਿਹਾ। ਜਦੋਂ ਪਿੰਡ ਵਿੱਚ ਇੱਕ ਕਲੱਬ ਵੱਲੋਂ ਕਰਾਏ ਗਏ ਖੋਡ ਮੁਕਾਬਲਿਆਂ ਦੇ ਅਖੀਰਲੇ ਦਿਨ ਕੀਤੇ ਜਾਣ ਵਾਲੇ ਸਮਾਗਮ ਵਿੱਚ ਮੈਨੂੰ ਸਨਮਾਨਿਤ ਕੀਤੇ ਜਾਣ ਵਾਸਤੇ ਸੱਦਿਆ ਗਿਆ ਸੀ ਤਾਂ ਮੇਰੇ ਅੰਦਰ ਵਿਸ਼ੇਸ਼ ਤਰ੍ਹਾਂ ਦਾ ਉਮਾਹ ਸੀ। ਇਹ ਸਮਾਗਮ ਪਿੰਡ ਦੇ ਸਕੂਲ ਵਿੱਚ ਸੀ। ਉਸ ਦਿਨ ਬੁਖ਼ਾਰ ਹੋਣ ਦੇ ਬਾਵਜੂਦ ‘ਜੋਗੜੇ ਤੋਂ ਸਿੱਧ' ਬਣਨ ਦੀ ਚਾਹਤ ਨਾਲ ਸਮਾਗਮ ਵਿੱਚ ਗਿਆ। ਦਸੱਵੀਂ ਤੱਕ ਦੇ ਆਪਣੇ ਜਮਾਤੀ ਜਸਵੀਰ ਨਾਲ ਸਕੂਲ ਦੇ ਕਮਰਿਆਂ ਤੇ ਥਾਵਾਂ ਨੂੰ ਨਿਹਾਰਦਾ ਰਿਹਾ। ਬੜਾ ਕੁਝ ਸਕੂਲ ਵੇਲੇ ਦਾ ਦੋਹਾਂ ਨੇ ਯਾਦ ਕੀਤਾ ਸੀ। ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਂ ਲੈ ਕੇ ਬੜੀਆਂ ਯਾਦਾਂ ਤਾਜ਼ਾ ਕੀਤੀਆਂ, ਪਰ ਸਿਵਾਇ ਸਾਡੀਆਂ ਯਾਦਾਂ ਦੇ ਇੱਥੇ ਹੋਰ ਕੁਝ ਵੀ ਨਹੀਂ ਸੀ। ਨਵੇਂ ਬਣੇ ਕਮਰੇ ਸਾਨੂੰ ਸਿਆਣ ਹੀ ਨਹੀਂ ਰਹੇ ਸਨ, ਸਾਨੂੰ ਆਵਾਜ਼ ਮਾਰ ਕੇ ਕਿਸ ਨੇ ਬੁਲਾਉਣਾ ਸੀ?
ਪਿੰਡ ਵਾਲਿਆਂ ਦੇ ਰੱਖੇ ਹੋਏ ਸਮਾਗਮ ਵਿੱਚ ਸਨਮਾਨਿਤ ਕਰਨ ਦੀ ਰਸਮ ਮਹਿਜ਼ ਮੋਮੈਂਟੋ ਤੋਂ ਅੱਗੇ ਜਦੋਂ ਕੁਝ ਵੀ ਮਹਿਸੂਸ ਨਾ ਹੋਈ ਤਾਂ ਮਨ ਵਿੱਚ ਬਚਪਨ ਦਾ ਉਹ ਸਾਰਾ ਕੁਝ ਯਾਦ ਆ ਗਿਆ ਜਦੋਂ ਪਿੰਡ ਵਿੱਚ ਮੈਂ ਅਣਗੌਲੇ ਪਰਵਾਰਾਂ ਵਿੱਚ ਹੋਇਆ ਕਰਦਾ ਸਾਂ ਤੇ ਇਸ ਦਿਨ ਵੀ ਕੁਝ ਅਜਿਹਾ ਵਿਹਾਰ ਸੀ। ਮਨ ਵਿੱਚ ਇਹ ਸੋਚ ਵਾਰ ਵਾਰ ਉਭਰ ਰਹੀ ਸੀ ਕਿ ਜਿਸ ਪਿੰਡ ਵਿੱਚ ਮੇਰੀ ਰੂਹ ਸੀ ਅਤੇ ਜਿਸ ਦੀ ਜੂਹ ਲੰਘ ਕੇ ਜਾਣਾ ਵੀ ਮੈਨੂੰ ਬਹੁਤ ਔਖਾ ਲੱਗਦਾ ਸੀ, ਉਸ ਵਿੱਚ ਮੈਂ ਉਵੇਂ ਹੀ ਅਣਗੌਲਿਆ ਸਾਂ, ਸ਼ਾਇਦ ਇਸੇ ਕਰਕੇ ਹੀ ਮੇਰਾ ਪਿੰਡ ਮੇਰੇ ਵਿੱਚੋਂ ਗਿਆ ਨਹੀਂ। ਸਮਾਜਿਕ ਤੇ ਆਰਥਿਕ ਤੌਰ ਉੱਤੇ ਅੱਗੇ ਲੰਘ ਜਾਣ ਦੇ ਬਾਵਜੂਦ ਪਿੰਡ ਵਾਸਤੇ ਮੈਂ ‘ਉਹੋ' ਹਾਂ। ਮੈਨੂੰ ਮੇਰੀ ਹੋਂਦ ਨੂੰ ਮੁੜ ਯਾਦ ਕਰਨਾ ਕੋਈ ਬਹੁਤਾ ਗਲਤ ਨਹੀਂ ਜਾਪਦਾ। ਇਸੇ ਕਰਕੇ ਹੀ ਤਾਂ ਮੇਰਾ ਪਿੰਡ ਮੇਰੇ ਵਾਸਤੇ ਓਪਰਾ ਨਹੀਂ ਬਣਿਆ।

 
Have something to say? Post your comment