ਚੰਡੀਗੜ੍ਹ, 18 ਅਗਸਤ (ਪੋਸਟ ਬਿਊਰੋ)- ਪੰਜਾਬ ਵਿੱਚ ‘ਬੇੜੀ ਤੇ ਬਰੇਤਾ' ਅਤੇ ‘ਪਰਦੇਸੀ ਰੁੱਖ' ਜਿਹੇ ਮਹਾਂ-ਕਾਵਿਕ ਨਾਵਲ ਲਿਖਣ ਵਾਲੇ ਨਾਵਲਕਾਰ ਮੋਹਨ ਕਾਹਲੋਂ ਦਾ ਕੱਲ੍ਹ ਕੋਲਕਾਤਾ ਵਿੱਚ ਦਿਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਮੋਹਨ ਕਾਹਲੋਂ ਨੇ ‘ਮਛਲੀ ਇੱਕ ਦਰਿਆ ਦੀ', ‘ਕਾਲੀ ਮਿੱਟੀ', ‘ਗੋਰੀ ਨਦੀ ਦਾ ਗੀਤ', ‘ਬਾਰਾਂਦਰੀ', ‘ਵੈਹ ਗਏ ਪਾਣੀ' ਜਿਹੇ ਯਾਦਗਾਰੀ ਨਾਵਲ ਲਿਖੇ। ਉਨ੍ਹਾ ਦਾ ਜਨਮ ਟੇਕਾ ਛੰਨੀਆਂ, ਤਸੀਲ ਸ਼ੱਕਰਗੜ੍ਹ, ਜ਼ਿਲਾ ਗੁਰਦਾਸਪੁਰ ਵਿੱਚ ਹੋਇਆ ਸੀ। ਵੰਡ ਵੇਲੇ ਸ਼ੱਕਰਗੜ੍ਹ ਤਹਿਸੀਲ ਪਾਕਿਸਤਾਨ ਵਿੱਚ ਚਲੀ ਗਈ ਤੇ ਉਨ੍ਹਾਂ ਦਾ ਪਰਵਾਰ ਭਾਰਤ ਆ ਗਿਆ।
ਵੰਡ ਦਾ ਦਰਦ ਕਾਹਲੋਂ ਦੇ ਸਾਰੇ ਨਾਵਲਾਂ ਵਿੱਚ ਸੀ ਜਿਸ ਦੀ ਵੱਡੀ ਪੱਧਰ ਉੱਤੇ ਤਰਜਮਾਨੀ ਉਨ੍ਹਾਂ ਦੇ ਨਾਵਲ ‘ਪਰਦੇਸੀ ਰੁੱਖ' ਵਿੱਚ ਹੋਈ। ‘ਬੇੜੀ ਤੇ ਬਰੇਤਾ', ਕਰੜੀ, ਰੁੱਖੀ, ਪਰ ਮੋਹ ਭਰੀ ਪੰਜਾਬੀ ਜ਼ਿੰਦਗੀ ਦਾ ਅਨੂਠਾ ਚਿਤਰਣ ਹੈ, ਇਸ ਨਾਵਲ ਦਾ ਰੂਸੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਤਰਜਮਾ ਹੋਇਆ। ਮੋਹਨ ਕਾਹਲੋਂ ਅਤੇ ਉਨ੍ਹਾਂ ਦੀ ਹਮਸਫਰ ਦੀਪ ਮੋਹਿੰਦੀ ਦੋਵਾਂ ਨੇ ਪੰਜਾਬੀ ਸਾਹਿਤ ਵਿੱਚ ਵੱਡਾ ਹਿੱਸਾ ਪਾਇਆ ਸੀ। ਉਹ ਕੁਝ ਸਾਲਾਂ ਤੋਂ ਆਪਣੇ ਪੁੱਤਰ ਰਾਜਪਾਲ ਸਿੰਘ ਕਾਹਲੋਂ ਕੋਲ ਕੋਲਕਾਤਾ ਵਿੱਚ ਰਹਿ ਰਹੇਸਨ।
ਰਾਵੀ ਦੀ ਪਿੱਠਭੂਮੀ ਵਿੱਚ ਲਿਖੇ ਨਾਵਲਾਂ ਵਿੱਚ ਮੋਹਨ ਕਾਹਲੋਂ ਨੇ ਉਸ ਇਲਾਕੇ ਅਤੇ ਓਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਲਵਾਨ ਭਾਸ਼ਾ ਵਿੱਚ ਚਿਤਰਿਆ। ਬਲਰਾਜ ਸਾਹਨੀ ਦਾ ਕਹਿਣਾ ਸੀ ਕਿ ਮੋਹਨ ਕਾਹਲੋਂ ਬੋਲੀ ਦਾ ਬਾਦਸ਼ਾਹ ਹੈ। ਡਾਕਟਰ ਹਰਚਰਨ ਸਿੰਘ ਨੇ ਲਿਖਿਆ ਸੀ ‘ਪਰਦੇਸੀ ਰੁੱਖ' ਵਿੱਚ ਦੋਵਾਂ ਪੰਜਾਬਾਂ ਦੀ ਸਾਂਝੀ ਧੜਕਣ ਹੈ।'' ਸ਼ਿਵ ਕੁਮਾਰ ਨੇ ‘ਮੱਛਲੀ ਇੱਕ ਦਰਿਆ ਹੈ' ਦੀ ਭੂਮਿਕਾ ਵਜੋਂ ਲਿਖੀ ਨਜ਼ਮ ਵਿੱਚ ਮੋਹਨ ਕਾਹਲੋਂ ਬਾਰੇ ਲਿਖਿਆ ਸੀ, ‘‘ਡੂੰਘੀ ਪੀੜ ਤੇ ਸੰਘਣੀ ਚੁੱਪ ਦਾ, ਉਹ ਇੱਕ ਭਰ ਵਹਿੰਦਾ ਦਰਿਆ ਹੈ।'' ਮੋਹਨ ਕਾਹਲੋਂ ਦੇ ਦਿਹਾਂਤ ਉੱਤੇ ਅਫਸੋਸ ਜ਼ਾਹਿਰ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਉਸ ਦੇ ਨਾਵਲ ਅਤੇ ਕਿਰਦਾਰ ਲਾਸਾਨੀ ਹਨ, ਉਨ੍ਹਾਂ ਨੇ ਪੰਜਾਬੀ ਨਾਵਲ ਨੂੰ ਨਵੀਂ ਦਿਸ਼ਾ ਅਤੇ ਮੌਲਿਕਤਾ ਦਿੱਤੀ ਅਤੇ ਪੰਜਾਬੀ ਨਾਵਲ ਨੂੰ ਜਜ਼ਬਾਤੀ ਜਿੱਲ੍ਹਣ ਵਿੱਚੋਂ ਕੱਢਿਆ। ਉਘੇ ਲੇਖਕ ਗੁਰਭਜਨ ਗਿੱਲ ਨੇ ਕਿਹਾ, ‘‘ਪੰਜਾਬੀ ਬੋਲੀ ਦਾ ਬੁਰਜ ਢਹਿ ਗਿਆ ਹੈ, ਉਸ ਨੇ ਪਹਿਲੀ ਆਲਮੀ ਜੰਗ ਵਿੱਚ ਮਾਰੇ ਗਏ ਪੰਜਾਬੀਆਂ ਦੇ ਦਰਦ ਨੂੰ ਚਿਤਰਿਆ।''