Welcome to Canadian Punjabi Post
Follow us on

11

August 2022
ਪੰਜਾਬ

5 ਅਗਸਤ ਰੈਲੀ ਦੀਆਂ ਤਿਆਰੀਆਂ ਮੁਕੰਮਲ, ਲੋਕਾਂ ਵਿੱਚ ਅਥਾਹ ਜੋਸ਼ - ਪੰਜਾਬ ਵਿੱਚ ਤੇਜੀ ਨਾਲ ਗਊਆਂ ਵਿੱਚ ਫੈਲ ਰਹੀ ਹੈ ਭਿਆਨਕ ਬਿਮਾਰੀ : ਰਾਜੇਵਾਲ

August 04, 2022 07:31 AM

ਚੰਡੀਗੜ੍ਹ, 4 ਅਗਸਤ (ਪੋਸਟ ਬਿਊਰੋ): ਪੰਜ ਕਿਸਾਨ ਜਥੇਬੰਦੀਆਂ ਦੀ ਮੋਹਾਲੀ ਵਿੱਚ 5 ਅਗਸਤ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਸਾਰੇ ਪੰਜਾਬ ਵਿੱਚ ਇਸ ਰੈਲੀ ਲਈ ਅਥਾਹ ਜੋਸ਼ ਹੈ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ। ਉਨ੍ਹਾਂ ਕਿਹਾ ਕਿ ਇਸ ਸਮੇਂ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦੇ ਨਾਂ ਦੋ ਵੱਖੋ ਵੱਖਰੇ ਮੈਮੋਰੰਡਮ ਦਿੱਤੇ ਜਾਣਗੇ। ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਪੰਜਾਬ ਦੇ ਹਿੱਸੇ ਦਾ ਨਹਿਰੀ ਪਾਣੀ ਪੰਜਾਬ ਦੇ ਹਰ ਖੇਤ ਤੱਕ ਪੁੱਜਦਾ ਕਰੇ ਅਤੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਡੈਮ ਸੇਫਟੀ ਐਕਟ ਦਾ ਵਿਰੋਧ ਕਰੇ। ਜੇ ਇੰਜ ਨਾ ਕੀਤਾ ਤਾਂ ਸਾਡੇ ਡੈਮਾਂ, ਪਾਣੀ ਅਤੇ ਪਣਬਿਜਲੀ ਪ੍ਰੋਜੈਕਟਾਂ ਦਾ ਕੰਟਰੋਲ ਕੇਂਦਰ ਸਰਕਾਰ ਦੇ ਹੱਥ ਚਲਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਤੇ ਚੰਡੀਗੜ੍ਹ ਕਿਸੇ ਤਰ੍ਹਾਂ ਵੀ ਕੇਂਦਰ ਸਰਕਰ ਦੇ ਕੰਟਰੋਲ ਵਿੱਚ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਵਿੱਚ ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਕਰੇ। ਨੌਜਵਾਨਾਂ ਵਿੱਚ ਨਿਰਾਸ਼ਤਾ ਵੱਡੀ ਪੱਧਰ ਉੱਤੇ ਫੈਲ ਰਹੀ ਹੈ, ਸਾਰੇ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਹਨ।
ਰਾਜੇਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਦੀ ਕਿਸੇ ਵੀ ਸਰਕਾਰ ਨੇ ਪੰਜਾਬ ਨਾਲ ਇਨਸਾਫ ਨਹੀਂ ਕੀਤਾ। ਪੰਜਾਬ ਦੇ ਪਾਣੀਆਂ ਦੀ ਲੁੱਟ ਕੀਤੀ ਜਾਂਦੀ ਰਹੀ। ਪਾਣੀ ਸੰਵਿਧਾਨ ਦੀ ਸਟੇਟ ਲਿਸਟ ਵਿੱਚ 17 ਨੰਬਰ ਉੱਤੇ ਦਰਜ ਹੈ ਅਤੇ ਰਾਜਾਂ ਦਾ ਵਿਸ਼ਾ ਹੈ। ਕੇਂਦਰ ਵੱਲੋਂ ਵਾਰ ਵਾਰ ਪੰਜਾਬ ਤੋਂ ਪਾਣੀ ਖੋਹਣ ਲਈ ਗੈਰ ਸੰਵਿਧਾਨਕ ਫੈਸਲੇ ਕੀਤੇ ਗਏ। ਅੱਜ ਪੰਜਾਬ ਖੁਦ ਪਿਆਸਾ ਹੈ। ਇਸ ਲਈ ਇਸ ਰੈਲੀ ਵਿੱਚ ਪੰਜਾਬ ਦੇ ਪਾਣੀਆਂ ਦੇ ਸਾਰੇ ਫੈਸਲੇ ਰੱਦ ਕੀਤੇ ਜਾਣਗੇ ਅਤੇ ਕੇਂਦਰ ਸਰਕਾਰ ਨੂੰ ਅੰਦੋਲਨ ਕਰਨ ਲਈ ਨੋਟਿਸ ਦਿੱਤਾ ਜਾਵੇਗਾ। ਕੇਂਦਰ ਤੋਂ ਇਹ ਵੀ ਮੰਗ ਕੀਤੀ ਜਾਵੇਗੀ ਕਿ ਉਹ ਤਿੰਨ ਕਾਲੇ ਕਾਨੂੰਨਾਂ ਵਾਂਗ ਡੈਮ ਸੇਫਟੀ ਐਕਟ ਵੀ ਵਾਪਸ ਲਵੇੇ। ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਯੂ. ਟੀ. ਬਣਾਏ ਜਾਣ ਦਾ ਵੀ ਵਿਰੋਧ ਕੀਤਾ ਜਾਵੇਗਾ। ਕੇਂਦਰ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਜਾਤੀਵਾਦ ਅਤੇ ਧਾਰਮਿਕ ਕੱਟੜਵਾਦ ਦੀ ਰਾਜਨੀਤੀ ਬੰਦ ਕਰੇ, ਇਸ ਨਾਲ ਦੇਸ਼ ਦਾ ਸੰਘੀ ਢਾਂਚਾ ਬਰਬਾਦ ਹੋ ਜਾਵੇਗਾ। ਰਾਜੇਵਾਲ ਨੇ ਦੋਵਾਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਭਰੇ ਪੀਤੇ ਬੈਠੇ ਹਨ, ਸਰਕਾਰ ਇਸ ਅੱਗ ਨਾਲ ਨਾ ਖੇਡੇੇ। ਇਸ ਤੋਂ ਬਿਨਾਂ ਬੇਰੁਜ਼ਗਾਰੀ ਅਤੇ ਸੰਘੀ ਢਾਂਚੇ ਉੱਤੇ ਹਮਲਿਆਂ ਦਾ ਵਿਰੋਧ ਕੀਤਾ ਜਾਵੇਗਾ।
ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਗਊਆਂ ਨੂੰ ਰਾਜਸਥਾਨ ਵਾਂਗ ਭਿਆਨਕ ਬਿਮਾਰੀ ਨੇ ਘੇਰ ਲਿਆ ਹੈ। ਡੇਅਰੀ ਫਾਰਮਾਂ ਵਿੱਚ ਗਊਆਂ ਧੜਾਧੜ ਮਰ ਰਹੀਆਂ ਹਨ, ਪਰ ਪੰਜਾਬ ਦਾ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਅਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਬਿਮਾਰੀ ਦੇ ਬਚਾਅ ਅਤੇ ਇਲਾਜ ਲਈ ਤੁਰੰਤ ਹਰਕਤ ਵਿੱਚ ਆਵੇ। ਡਾਕਟਰਾਂ ਅਤੇ ਮਾਹਰਾਂ ਦੀਆਂ ਟੀਮਾਂ ਫੀਲਡ ਵਿੱਚ ਭੇਜੀਆਂ ਜਾਣ ਅਤੇ ਹੋਰ ਫਸਲਾਂ ਦੀ ਸਪੈਸ਼ਲ ਗਿਰਦਾਵਰੀ ਵਾਂਗ ਜਾਂਚ ਕਰਵਾ ਕੇ, ਜਿੱਥੇ ਵੀ ਗਊਆਂ ਦੀ ਮੌਤ ਹੋਈ ਹੈ, ਹਰ ਮਾਲਕ ਨੂੰ ਉਸਦਾ ਪੂਰਾ ਪੂਰਾ ਮੁਆਵਜਾ ਦਿੱਤਾ ਜਾਵੇ। ਇਸ ਰੈਲੀ ਨੂੰ ਪ੍ਰੇਮ ਸਿੰਘ ਭੰਗੂ, ਕਮਲਪ੍ਰੀਤ ਸਿੰਘ ਪੰਨੂੰ, ਬੋਘ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਟਾਂਡਾ ਵੀ ਸੰਬੋਧਨ ਕਰਨਗੇੇ

 

 

Have something to say? Post your comment