Welcome to Canadian Punjabi Post
Follow us on

11

August 2022
ਪੰਜਾਬ

ਸਾਬਕਾ ਮੰਤਰੀ ਰਾਜਾ ਵੜਿੰਗ ਨਿਸ਼ਾਨੇ ਉਤੇ ਜੈਪੁਰ ਦੀ ਕੰਪਨੀ ਤੋਂ ਉਤਰ ਪ੍ਰਦੇਸ਼ ਦੇ ਮੁਕਾਬਲੇ ਪਨਬਸ ਦੀਆਂ ਬੱਸਾਂ ਉੱਤੇ ਮਹਿੰਗੀਆਂ ਬਾਡੀਆਂ ਲਵਾਈਆਂ

June 24, 2022 05:23 PM

ਚੰਡੀਗੜ੍ਹ, 24 ਜੂਨ (ਪੋਸਟ ਬਿਊਰੋ)- ਜੈਪੁਰ (ਰਾਜਸਥਾਨ) ਤੋਂ ਪਨਬਸ ਬੱਸਾਂ ਦੀ ਬਾਡੀ ਲਵਾਉਣ ਦੇ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ਉੱਤੇ ਆ ਗਏ ਹਨ। ਉਨ੍ਹਾਂ ਦੇ ਟਰਾਂਸਪੋਰਟ ਮੰਤਰੀ ਹੋਣ ਵਲੇ ਟਰਾਂਸਪੋਰਟ ਵਿਭਾਗ ਨੇ ਜੈਪੁਰ ਦੀ ਜਿਸ ਕੰਪਨੀ ਤੋਂ 842 ਬੱਸਾਂ ਨੂੰ ਬਾਡੀਆਂ ਲੁਆਈਆਂ, ਉਸੇ ਕੰਪਨੀ ਨੇ ਉਤਰ ਪ੍ਰਦੇਸ਼ ਦੀਆਂ 148 ਬੱਸਾਂ ਨੂੰ ਦੋ ਲੱਖ ਰੁਪਏ ਪ੍ਰਤੀ ਬੱਸ ਘੱਟ ਰੇਟ ਉੱਤੇ ਬਾਡੀ ਲਾਈ ਹੋਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਸਰਕਾਰ ਵਿਚਾਰ ਕਰ ਰਹੀ ਹੈ ਕਿ ਇਸ ਕੇਸ ਦੀ ਵਿਭਾਗੀ ਜਾਂਚ ਕਰਵਾਈ ਜਾਵੇ ਜਾਂ ਵਿਜੀਲੈਂਸ ਨੂੰ ਜਾਂਚ ਸੌਂਪੀ ਜਾਵੇ। ਪਤਾ ਲੱਗਾ ਹੈ ਕਿ ਅਪਰ ਇੰਡੀਆ ਕੋਚ ਬਿਲਡਰ ਐਸੋਸੀਏਸ਼ਨ ਪੰਜਾਬ ਨੇ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਨਾਲ ਪਨਸਬ ਦੀਆਂ ਬੱਸਾਂ ਨੂੰ ਫੈਬਰੀਕੇਸ਼ਨ ਬਾਡੀ ਲਾਉਣ ਲਈ ਪੱਤਰ ਵਿਹਾਰ ਕੀਤਾ ਸੀ, ਪਰ ਟਰਾਂਸਪੋਰਟ ਵਿਭਾਗ ਨੇ ਏ ਆਈ ਐਸ 052 ਦੇ ਨਿਯਮ ਦੇ ਹਵਾਲੇ ਨਾਲ ਜੈਪੁਰ ਦੀ ਬੀ ਬੀ ਐਮ ਐਸ ਫੈਬਰੀਕੇਸ਼ਨ ਕੰਪਨੀ ਨੂੰ ਟੈਂਡਰ ਅਲਾਟ ਕਰ ਦਿੱਤਾ। ਅਪਰ ਇੰਡੀਆ ਕੋਚ ਬਿਲਡਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਖੁੱਲਰ ਨੇ ਟਰਾਂਸਪੋਰਟ ਵਿਭਾਗ ਨੂੰ ਭੇਜੇ ਪੱਤਰ ਵਿੱਚ ਹਵਾਲਾ ਦਿੱਤਾ ਹੈ ਕਿ 52 ਸੀਟਾਂ ਵਾਲੀ ਬੱਸ ਨੂੰ ਬਾਡੀ ਲਾਉਣ ਲਈ ਕੇਂਦਰ ਸਰਕਾਰ ਦੇ ਏ ਆਈ ਐਸ 052 ਅਤੇ ਪੰਜਾਬ ਸਰਕਾਰ ਦਾ 22ਬੀ ਨਿਯਮ ਇੱਕੋ ਹਨ। ਵਿਜੇ ਖੁੱਲਰ ਨੇ ਦੱਸਿਆ ਹੈ ਕਿ ਟਰਾਂਸਪੋਰਟ ਵਿਭਾਗ ਦੇ ਕੁਝ ਅਧਿਕਾਰੀ 2 ਬੀ ਨਿਯਮ ਹੇਠ ਪੰਜਾਬ ਦੇ ਬਾਡੀ ਬਿਲਡਰਾਂ ਨੂੰ ਟੈਂਡਰ ਭਰਨ ਲਈ ਰਾਜ਼ੀ ਹੋ ਗਏ, ਪਰ ਟੈਂਡਰ ਖੁੱਲ੍ਹਣ ਤੋਂ ਕੁਝ ਦਿਨ ਪਹਿਲਾਂ ਵਿਭਾਗ ਨੇ ਟੈਂਡਰ ਵਿੱਚ ਏ ਆਈ ਐਸ 52 ਦਾ ਹਵਾਲਾ ਦੇ ਕੇ ਸੋਧ ਕਰ ਦਿੱਤੀ ਤੇ ਟੈਂਡਰ ਦੀ ਤਰੀਕ ਵਧਾ ਦਿੱਤੀ ਸੀ। ਖੁੱਲਰ ਨੇ ਕਿਹਾ ਕਿ ਵਿਭਾਗ ਨੇ ਅਜਿਹਾ ਜੈਪੁਰ ਦੀ ਕੰਪਨੀ ਨੂੰ ਟੈਂਡਰ ਦੇਣ ਲਈ ਕੀਤਾ ਸੀ, ਜਿਸ ਕਾਰਨ ਪੰਜਾਬ ਦੇ ਬਾਡੀ ਬਿਲਡਰਾਂ ਨੇ ਰੋਸ ਵਜੋਂ ਬਾਈਕਾਟ ਕਰ ਦਿੱਤਾ ਸੀ।
ਜਿਵੇ ਖੁੱਲਰ ਦਾ ਕਹਿਣਾ ਹੈ ਕਿ ਬੀ ਐਮ ਐਮ ਐਸ ਫੈਬਰੀਕੇਟਰ ਕੰਪਨੀ ਨੇ ਪਨਬਸ ਦੀਆਂ 842 ਬੱਸਾਂ ਉੱਤੇ 10,18,000 ਰੁਪਏ ਅਤੇ ਯੂ ਪੀ ਐਸ ਆਈ ਆਰ ਟੀ ਸੀ (ਉਤਰ ਪ੍ਰਦੇਸ਼) ਦੀਆਂ 148 ਬੱਸਾਂ ਦੀ ਬਾਡੀ 8,41,000 ਰੁਪਏ ਦੀ ਲਾਈ ਹੈ। ਕਰੀਬ ਇੱਕ ਮਹੀਨੇ ਵਿੱਚ ਹੀ ਕੰਪਨੀ ਨੇ ਪੰਜਾਬ ਤੋਂ ਕਰੀਬ ਦੋ ਲੱਖ ਰੁਪਏ ਪ੍ਰਤੀ ਬੱਸ ਵਾਧੂ ਰਾਸ਼ੀ ਵਸੂਲ ਲਈ। ਖੁੱਲਰ ਦੇ ਦੱਸਣ ਅਨੁਸਾਰ ਜੈਪੁਰ ਦੀ ਕੰਪਨੀ ਨੇ ਪਨਬਸ ਦੀਆਂ ਬੱਸਾਂ ਨੂੰ ਯੂ ਪੀ ਦੀਆਂ ਬੱਸਾਂ ਦੇ ਮੁਕਾਬਲੇ ਘਟੀਆ ਮਟੀਰੀਅਲ ਲਾਇਆ ਹੈ। ਯੂ ਪੀ ਦੀਆਂ ਬੱਸਾਂ ਵਿੱਚ ਗਰੀਨ ਟੀਟਿੰਡ ਸ਼ੀਸ਼ੇ ਲਾਏ ਅਤੇ ਪਨਬਸ ਉੱਤੇ ਸਾਧਾਰਨ ਸ਼ੀਸ਼ੇ ਲਾਏ ਹਨ। ਪਨਬਸ ਦੀਆਂ ਬੱਸਾਂ ਦੇ ਸ਼ੀਸ਼ੇ ਦੇ ਪਿੱਛੇ ਲੋਹੇ ਦੀ ਜਾਲੀ ਵੀ ਨਹੀਂ ਲਾਈ ਗਈ।
ਵਰਨਣਯੋਗ ਹੈ ਕਿ ਵਿਜੀਲੈਂਸ ਪਹਿਲਾਂ ਹੀ ਕਾਂਗਰਸ ਦੇ ਦੋ ਸਾਬਕਾ ਜੰਗਲਾਤ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਉੱਤੇ ਭਿ੍ਰਸ਼ਟਾਚਾਰ ਦੇ ਕੇਸ ਦਰਜ ਕਰ ਚੁੱਕੀ ਹੈ ਤੇ ਧਰਮਸੋਤ ਜੁਡੀਸ਼ਲ ਹਿਰਾਸਤ ਲਈ ਨਾਭਾ ਜੇਲ੍ਹ ਵਿੱਚ ਬੰਦ ਹਨ। ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਉੱਤੇ ਪੁਲਸ ਨੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਓ ਪੀ ਸੋਨੀ ਤਿੰਨ ਗੁਣਾ ਮਹਿੰਗੇ ਸੈਨੇਟਾਈਜ਼ਰ ਖਰੀਦਣ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਰਡਾਰ ਉੱਤੇ ਹਨ।
ਤਾਜ਼ਾ ਮਾਮਲੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਬਾਡੀ ਲਾਉਣ ਬਾਰੇ 17 ਜਣਿਆਂ, ਜਿਨ੍ਹਾਂ ਵਿੱਚ ਅਧਿਕਾਰੀ ਅਤੇ ਤਕਨੀਕੀ ਸਟਾਫ ਸ਼ਾਮਲ ਹੈ, ਦੀ ਕਮੇਟੀ ਬਣੀ ਹੋਈ ਹੈ। ਜੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਉਹ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੰਤਰੀ ਕੋਲ ਫਾਈਲ ਆਉਣ ਤੋਂ ਪਹਿਲਾਂ ਕਈ ਅਧਿਕਾਰੀਆਂ ਵੱਲੋਂ ਪਾਸ ਕੀਤੀ ਜਾਂਦੀ ਹੈ। ਵੜਿੰਗ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ।

Have something to say? Post your comment