ਜਲੰਧਰ, 21 ਜੂਨ (ਪੋਸਟ ਬਿਊਰੋ)- ਸੁੱਚੀ ਪਿੰਡ ਰੋਡ ਉੱਤੇ ਫਲਿਪਕਾਰਟ ਕੋਰੀਅਰ ਕੰਪਨੀ ਵਿੱਚੋਂ ਲੁਟੇਰਿਆਂ ਨੇ ਗਨ ਪੁਆਇੰਟ ਉੱਤੇ ਲੈ ਕੇ ਪੰਜ ਲੱਖ ਰੁਪਏ ਲੁੱਟ ਲਏ ਅਤੇ ਜਾਂਦੇ-ਜਾਂਦੇ ਕੰਪਨੀ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਦੇ ਡੀ ਵੀ ਆਰ ਨਾਲ ਲੈ ਗਏ,ਪਰ ਉਹ ਆਸਪਾਸ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਏ।
ਪੀੜਤ ਅਕਸ਼ਿਤ ਨੇ ਦੱਸਿਆ ਕਿ ਉਹ ਰਾਤ ਦਫਤਰ ਵਿੱਚ ਇਕੱਲਾ ਬੈਠਾ ਸੀ ਅਤੇ ਓਥੇ ਕੁਲੈਕਸ਼ਨ ਦੇ ਪੰਜ ਲੱਖ ਰੁਪਏ ਪਏ ਸਨ। ਕਰੀਬ 10 ਵਜੇ ਪੰਜ ਨੌਜਵਾਨ ਆਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਇੱਕ ਦੇ ਹੱਥ ਵਿੱਚ ਪਿਸਤੌਲ ਅਤੇ ਬਾਕੀ ਚਾਰ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਆਉਂਦੇ ਹੀ ਉਸ ਉੱਤੇ ਪਿਸਤੌਲ ਤਾਣ ਦਿੱਤੀ ਅਤੇ ਦਫਤਰ ਵਿੱਚ ਪਏ ਪੰਜ ਲੱਖ ਚੁੱਕ ਕੇ ਲੈ ਗਏ। ਏ ਡੀ ਸੀ ਪੀ ਨੇ ਦੱਸਿਆ ਕਿ ਕੁਝ ਵੱਡੇ ਸੁਰਾਗ ਪੁਲਸ ਨੂੰ ਮਿਲੇ ਹਨ, ਜਿਨ੍ਹਾਂ ਤੋਂ ਦੋਸ਼ੀ ਪਛਾਣੇ ਜਾਣਗੇ, ਪਰ ਵਾਰਦਾਤ ਵਿੱਚ ਕਿਸੇ ਭੇਤੀ ਦੇ ਹੋਣ ਦਾ ਸ਼ੱਕ ਹੈ। ਲੁਟੇਰਿਆਂ ਨੂੰ ਪਤਾ ਸੀ ਕਿ ਪੈਸੇ ਕਿੱਥੇ ਪਏ ਸਨ ਤੇ ਦਫਤਰ ਵਿੱਚ ਰਾਤ ਨੂੰ ਕੌਣ ਹੁੰਦਾ ਹੈ। ਲੁਟੇਰਿਆਂ ਨੂੰ ਇਹ ਵੀ ਪਤਾ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਕੁਲੈਕਸ਼ਨ ਦੇ ਬਾਅਦ ਉਥੇ ਪੈਸੇ ਵੱਧ ਹੁੰਦੇ ਹਨ। ਲੁੱਟ ਤੋਂ ਕੁਝ ਦੇਰ ਪਹਿਲਾਂ ਪੈਸਿਆਂ ਦੀ ਗਿਣਤੀ ਕੀਤੀ ਗਈ ਸੀ।