Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਸੌਦੇਬਾਜ਼ੀ ਦੇ ਵਿਆਹ

May 22, 2022 05:24 PM

-ਬਰਜਿੰਦਰ ਕੌਰ ਬਿਸਰਾਓ
ਮਨੁੱਖ ਦਾ ਜੀਵਨ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਬੁਣਦਾ ਅਗਾਂਹ ਨੂੰ ਵਧਦਾ ਤੁਰਿਆ ਜਾਂਦਾ ਹੈ। ਰਿਸ਼ਤਿਆਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਜਨਮ ਸਮੇਂ ਤੋਂ ਹੀ ਰਿਸ਼ਤਿਆਂ ਨੂੰ ਨਾਲ ਲੈ ਕੇ ਤੁਰਦਾ ਹੈ, ਜਦੋਂ ਕਿ ਉਸ ਨੂੰ ਇਨ੍ਹਾਂ ਦੀ ਸਮਝ ਵੀ ਨਹੀਂ ਹੁੰਦੀ। ਉਹ ਮਾਂ-ਬਾਪ, ਭੈਣ-ਭਰਾ ਅਤੇ ਫਿਰ ਅੱਗੇ ਤੋਂ ਅੱਗੇ ਉਨ੍ਹਾਂ ਦੇ ਸਕੇ ਸਬੰਧੀ, ਭਾਵ ਰਿਸ਼ਤਿਆਂ ਦੀ ਇੱਕ ਗੋਦੜੀ ਵਿੱਚ ਲਿਪਟਿਆ ਹੋਇਆ ਆਪਣੀਆਂ ਅੱਖਾਂ ਖੋਲ੍ਹਦਾ ਹੈ। ਬੱਚਾ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਹੈ, ਖ਼ੂਨ ਦੇ ਰਿਸ਼ਤੇ-ਸਕੇ, ਅਗਾਂਹ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਬੰਧੀ ਅਤੇ ਸਮਾਜ ਵਿੱਚ ਵਿਚਰਦਿਆਂ ਆਲੇ ਦੁਆਲੇ ਦੇ ਲੋਕਾਂ ਨਾਲ ਬਣੇ ਰਿਸ਼ਤੇ ਸਮਾਜਿਕ ਰਿਸ਼ਤੇ ਹੁੰਦੇ ਹਨ। ਸਾਰੇ ਰਿਸ਼ਤੇ ਹੀ ਸਤਿਕਾਰਯੋਗ ਹੁੰਦੇ ਹਨ, ਜਿਨ੍ਹਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਅਹਿਮੀਅਤ ਹੁੰਦੀ ਹੈ।
ਜ਼ਮਾਨੇ ਦੇ ਬਦਲਣ ਨਾਲ ਰਿਸ਼ਤਿਆਂ ਵਿਚਲੀ ਪਾਕੀਜ਼ਗੀ ਵਿੱਚ ਬਹੁਤ ਤੇਜ਼ੀ ਨਾਲ ਗਿਰਾਵਟ ਆਈ ਹੈ। ਇੱਕ ਜਾਂ ਦੋ ਪੀੜ੍ਹੀਆਂ ਪਿੱਛੇ ਛਾਤੀ ਮਾਰੀਏ ਤਾਂ ਲੋਕਾਂ ਅੰਦਰ ਵਸਤੂਆਂ ਤੋਂ ਵੱਧ ਰਿਸ਼ਤਿਆਂ ਦੀ ਖਿੱਚ ਅਤੇ ਕਦਰ ਹੁੰਦੀ ਸੀ। ਜਦੋਂ ਦਾ ਮਨੁੱਖ ਪਦਾਰਥਵਾਦੀ ਫ਼ਲਸਫ਼ੇ ਨਾਲ ਅੱਗੇ ਵਧਣ ਲੱਗਾ ਹੈ, ਉਦੋਂ ਤੋਂ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਘਟ ਗਈ ਅਤੇ ਆਪਣੇ ਆਲੇ ਦੁਆਲੇ ਵਸਤਾਂ ਇਕੱਠੀਆਂ ਕਰਨ ਦੀ ਵੱਧ ਹੋੜ ਲੱਗ ਗਈ ਹੈ। ਪਦਾਰਥਕ ਸੋਚ ਤੋਂ ਵੀ ਵੱਧ ਮਨੁੱਖੀ ਰਿਸ਼ਤਿਆਂ ਦਾ ਘਾਣ ਕਰਨ ਵਾਲੀ ਜਿਹੜੀ ਗੱਲ ਸਾਹਮਣੇ ਆਈ ਹੈ, ਉਹ ਹੈ ਵਿਸ਼ਵੀਕਰਨ। ਵਿਸ਼ਵੀਕਰਨ ਹੋਣ ਕਰਕੇ ਜਿੱਥੇ ਇੱਕ ਪਾਸੇ ਤਰੱਕੀ ਦੇ ਰਾਹ ਖੁੱਲ੍ਹ ਰਹੇ ਹਨ, ਦੂਜੇ ਪਾਸੇ ਸਾਡੇ ਦੇਸ਼ ਦੇ ਵਿਰਸੇ, ਮਨੁੱਖੀ ਸੋਚ, ਜੀਵਨਸ਼ੈਲੀ ਅਤੇ ਰਿਸ਼ਤਿਆਂ ਵਿਚਲੀ ਸਾਂਝ ਉਪਰ ਗਹਿਰੀ ਸੱਟ ਵੱਜੀ ਹੈ, ਖਾਸ ਕਰਕੇ ਸਾਡੇ ਪੰਜਾਬੀ ਸੱਭਿਆਚਾਰ ਉਪਰ ਇਸਦਾ ਗਹਿਰਾ ਪ੍ਰਭਾਵ ਪੈ ਰਿਹਾ ਹੈ।ਇੱਕ ਸਮਾਂ ਇਹੋ ਜਿਹਾ ਸੀ ਜਦੋਂ ਵਿਆਹ ਕਰਕੇ ਬਣਾਏ ਰਿਸ਼ਤੇ ਦੋ ਧਿਰਾਂ ਨੂੰ ਸਤਿਕਾਰ ਸਹਿਤ ਜੋੜ ਕੇ ਦੋਵੇਂ ਖ਼ਾਨਦਾਨਾਂ ਵਿੱਚ ਜਿੱਥੇ ਰੰਗਲਾ ਮਾਹੌਲ ਪੈਦਾ ਕਰਦੇ ਸਨ, ਉਥੇ ਆਲੇ ਦੁਆਲੇ ਵਿੱਚ ਵੀ ਖ਼ੁਸ਼ੀਆਂ ਭਰਿਆ ਮਾਹੌਲ ਸਿਰਜਦੇ ਅਤੇ ਕਾਫ਼ੀ ਸਮੇਂ ਤੱਕ ਯਾਦਾਂ ਦਾ ਹਿੱਸਾ ਬਣ ਕੇ ਘਰਾਂ ਅੰਦਰ ਖ਼ੁਸ਼ੀਆਂ ਪੈਦੇ ਕਰਦੇ ਸਨ। ਜਦੋਂ ਇੱਕ ਵਿਆਹ ਦੀਆਂ ਯਾਦਾਂ ਥੋੜ੍ਹੀਆਂ ਜਿਹੀਆਂ ਫਿੱਕੀਆਂ ਪੈਣ ਲੱਗਦੀਆਂ, ਉਦੋਂ ਤੱਕ ਖਾਨਦਾਨ ਦੇ ਕਿਸੇ ਹੋਰ ਛੋਟੇ ਕੁੜੀ ਜਾਂ ਮੁੰਡੇ ਦਾ ਵਿਆਹ ਆ ਜਾਣਾ। ਇਸ ਤਰ੍ਹਾਂ ਜ਼ਿੰਦਗੀ ਨੂੰ ਜਿਊਣ ਲਈ ਰੰਗਲੇ ਮੌਕੇ ਮਿਲਦੇ ਜਾਂਦੇ ਅਤੇ ਪਰਵਾਰਾਂ ਵਿੱਚ ਖੁਸ਼ੀਆਂ ਦੀ ਲੜੀ ਜੁੜਦੀ ਜਾਂਦੀ।
ਸਮਾਂ ਬਦਲ ਰਿਹਾ ਹੈ। ਸਾਡੀਆਂ ਖ਼ੁਸ਼ੀਆਂ ਦੇ ਟਿਕਾਣੇ ਵਿਦੇਸ਼ਾਂ ਵਿੱਚ ਜਾ ਵੱਸੇ ਹਨ। ਸਾਡੇ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਨੂੰ ਸੋਸ਼ਲ ਮੀਡੀਆ ਦਾ ਕੀੜਾ ਲੱਗਣ ਲੱਗ ਪਿਆ ਹੈ, ਜੋ ਇਸ ਨੂੰ ਦਿਨੋ-ਦਿਨ ਖੋਖਲਾ ਕਰਦਾ ਤੁਰਿਆ ਜਾਂਦਾ ਹੈ। ਇਸ ਰਾਹੀਂ ਪਿਆਰ ਦੀਆਂ ਪੀਂਘਾਂ ਚੜ੍ਹਾਈਆਂ ਜਾਂਦੀਆਂ ਹਨ, ਉਹ ਦੋ ਪਿਆਰ ਕਰਨ ਵਾਲਿਆਂ ਵਿੱਚੋਂ ਇੱਕ ਇੱਥੇ ਤੇ ਦੂਜੇ ਵਿਦੇਸ਼ ਵਿੱਚ ਹੁੰਦਾ ਹੈ। ਦੋਵੇਂ ਪਾਸੇ ਮਤਲਬੀ ਵਿਚਾਰਧਾਰਾ ਕੰਮ ਕਰ ਰਹੀ ਹੁੰਦੀ ਹੈ। ਵਿਦੇਸ਼ ਵਾਲੇ ਨੂੰ ਫੀਸਾਂ ਭਰਨ ਲਈ ਪੈਸੇ ਦੀ ਲੋੜ ਤੇ ਇੱਥੋਂ ਵਾਲੇ ਨੂੰ ਬਾਹਰ ਜਾਣ ਦਾ ਰਸਤਾ। ਦੋਹਾਂ ਪਾਸੇ ਸਵਾਰਥ ਭਾਰੂ ਹੁੰਦਾ ਹੈ। ਜਿਸ ਦਾ ਸਵਾਰਥ ਪਹਿਲਾਂ ਨਿਕਲ ਗਿਆ, ਉਹ ਜੇਤੂ ਰਹਿੰਦਾ ਅਤੇ ਇਸ ਖੋਖਲੀ ਵਿਚਾਰਧਾਰਾ ਦੀ ਨੀਂਹ ਉੱਤੇ ਉਸਾਰੇ ਰਿਸ਼ਤੇ ਨੂੰ ਲੱਤ ਮਾਰ ਕੇ ਅਗਾਂਹ ਤੁਰਦਾ ਹੈ। ਦੂਜੀ ਧਿਰ ਰੋਂਦੀ ਪਿੱਟਦੀ ਸਰਕਾਰੇ ਦਰਬਾਰੇ ਇਨਸਾਫ਼ ਲਈ ਪਹੁੰਚ ਕਰਦੀ ਫਿਰਦੀ ਹੈ।
ਵਿਆਹ ਵਾਲੇ ਰਿਸ਼ਤਿਆਂ ਵਿੱਚ ਪੰਜਾਬੀ ਸਮਾਜ ਵਿੱਚ ਮੁੰਡੇ ਨੂੰ ਬਾਹਰ ਭੇਜਣ ਲਈ ਬੋਲੀ ਲੱਗਣ ਲੱਗੀ ਹੈ। ਕੁੜੀ ਆਈਲੈਸਟਸ ਪਾਸ ਲੱਭੀ ਜਾਂਦੀ ਹੈ, ਜਿਸ ਵਿੱਚ ਕੁੜੀ ਨੂੰ ਬਾਹਰ ਭੇਜਣ, ਉਸਦੀ ਵਿਦੇਸ਼ ਦੀ ਪੜ੍ਹਾਈ ਦਾ ਖ਼ਰਚਾ ਮੁੰਡੇ ਵਾਲਿਆਂ ਵੱਲੋਂ ਕਰਨ ਦਾ ਸਮਝੌਤਾ ਕੀਤਾ ਜਾਂਦਾ ਹੈ। ਇਹ ਮੁੰਡੇ ਵਾਲਿਆਂ ਦੀ ਕਿਸਮਤ ਉੱਤੇ ਨਿਰਭਰ ਕਰਦਾ ਹੈ ਕਿ ਕੁੜੀ ਖ਼ਰਚਾ ਕਰਵਾ ਕੇ ਮੁੰਡੇ ਨੂੰ ਆਪਣੇ ਕੋਲ ਬੁਲਾਉਂਦੀ ਹੈ ਜਾਂ ਸਭ ਨੂੰ ਉਲੂ ਬਣਾ ਕੇ ਤਿੱਤਰ ਹੋ ਜਾਂਦੀ ਹੈ। ਅੱਜਕੱਲ੍ਹ ਤੀਜੀ ਕਿਸਮ ਦੇ ਵਿਆਹ ਹੋ ਰਹੇ ਹਨ, ਜਿਸ ਵਿੱਚ ਕੁੜੀ ਵਾਲਿਆਂ ਨੇ ਕੁੜੀ ਨੂੰ ਪੜ੍ਹਾ ਦਿੱਤਾ ਹੁੰਦਾ ਹੈ, ਮੁੰਡੇ ਵਾਲਿਆਂ ਨੇ ਵਿਆਹ ਦਾ ਖ਼ਰਚਾ, ਕੁੜੀ ਆਈਲੈਟਸ ਕਰਵਾਉਣ ਦਾ ਖ਼ਰਚ ਤੇ ਬਾਹਰ ਭੇਜਣ ਦੀ ਜ਼ਿੰਮੇਵਾਰੀ ਨਿਭਾਉਣੀ ਹੰੁਦੀ ਹੈ।
ਇਹੋ ਜਿਹੀਆਂ ਸਵਾਰਥ ਦੀਆਂ ਨੀਂਹਾਂ ਉੱਤੇ ਖ਼ੜ੍ਹੇ ਰਿਸ਼ਤਿਆਂ ਦੀ ਬੁਨਿਆਦ ਕੀ ਹੋ ਸਕਦੀ ਹੈ? ਪਹਿਲਾਂ ਸਾਡੇ ਵਿਰਸੇ ਦਾ ਘਾਣ ਹੋਇਆ, ਅੱਜ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਮੁੰਡੇ ਆਈਲੈਟਸ ਕਿਉਂ ਨਹੀਂ ਕਰ ਸਕਦੇ? ਉਹ ਬਾਹਰ ਨਿਕਲਣ ਲਈ ਕੁੜੀਆਂ ਦਾ ਸਹਾਰਾ ਕਿਉਂ ਲੱਭਦੇ ਹਨ? ਮੰਨਿਆ ਕਿ ਸਾਡੇ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਰਕੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਰੁਖ਼ ਕੀਤਾ ਹੈ, ਪਰ ‘ਵਿਆਹ ਸੱਭਿਆਚਾਰ' ਸਾਡੀ ਨੌਜਵਾਨ ਪੀੜ੍ਹੀ ਨੂੰ ਕਿਹੜੇ ਨਰਕ ਵੱਲ ਧਕੇਲ ਰਿਹਾ ਹੈ? ਇਸ ਵਿੱਚ ਇਕੱਲੇ ਮੁੰਡੇ-ਕੁੜੀਆਂ ਹੀ ਜ਼ਿੰਮੇਵਾਰ ਨਹੀਂ, ਉਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਵੱਧ ਕਸੂਰਵਾਰ ਹਨ। ਕਈ ਵਾਰ ਆਂਢ ਗੁਆਂਢ ਵੀ ਨਾਲਦਿਆਂ ਦੇ ਵਿਹੜੇ ਵਿੱਚ ਛਮ ਛਮ ਕਰਦੀ ਨਵੀਂ ਨਵੇਲੀ ਵਿਆਹੀ ਕੁੜੀ ਦੇਖ ਕੇ ਜਾਂ ਉਸ ਘਰੋਂ ਮੂੰਹ ਮਿੱਠਾ ਕਰਾਉਣ ਦੀ ਰਵਾਇਤ ਅਨੁਸਾਰ ਚਾਰ ਲੱਡੂ ਆਉਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਗੁਆਂਢੀਆਂ ਨੇ ਮੁੰਡਾ ਬਾਹਰਲੀ ਕੁੜੀ ਨਾਲ ਵਿਆਹ ਲਿਆ ਹੈ। ਇਸ ਨੂੰ ਕੀ ਆਖੀਏ ਕਿ ਸਮਾਂ ਬਦਲ ਰਿਹਾ ਹੈ ਜਾਂ ਪੰਜਾਬੀ ਅਮੀਰ ਵਿਰਸੇ ਦੇ ਪਾਕ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਸਾਡੇ ਇਸ ਬਦਲਦੇ ਵਿਆਹ ਸੱਭਿਆਚਾਰ ਨੂੰ ਛੇਤੀ ਸੰਭਾਲਣ ਦੀ ਲੋੜ ਹੈ, ਕਿਉਂਕਿ ਇਹੋ ਜਿਹੇ ਕੀਤੇ ਵਿਆਹਾਂ ਨਾਲ ਆਏ ਦਿਨ ਧੋਖੇ ਧੜੇ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਦਾ ਸੰਤਾਪ ਨੌਜਵਾਨ ਮੁੰਡਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ।

Have something to say? Post your comment