Welcome to Canadian Punjabi Post
Follow us on

27

June 2022
ਬ੍ਰੈਕਿੰਗ ਖ਼ਬਰਾਂ :
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ
ਟੋਰਾਂਟੋ/ਜੀਟੀਏ

"ਮੀਡੀਆ ਜੇਕਰ ਸੱਤਾ ਨੂੰ ਸੁਆਲ ਨਹੀਂ ਕਰਦਾ ਤਾਂ ਪੱਤਰਕਾਰ ਨੂੰ 'ਪੱਤਰਕਾਰ' ਅਖਵਾਉਣ ਦਾ ਕੋਈ ਹੱਕ ਨਹੀਂ " -ਡਾ. ਅਨੂਪ ਸਿੰਘ

May 19, 2022 10:04 PM

 

-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਮਈ-ਸਮਾਗ਼ਮ 'ਬਿਰਹਾ ਦੇ ਸੁਲਤਾਨ' ਸਿ਼ਵ ਕੁਮਾਰ ਬਟਾਲਵੀ ਨੂੰ ਕੀਤਾ ਸਮੱਰਪਿਤ
-ਬਟਾਲੇ ਤੋਂ ਡਾ. ਅਨੂਪ ਸਿੰਘ ਨੇ ਸਿ਼ਵ ਕੁਮਾਰ ਬਟਾਲਵੀ ਤੇ ਆਪਣੇ ਬਾਰੇ ਵਿਚਾਰ ਸਾਂਝੇ ਕੀਤੇ ਤੇ ਕਵੀ ਦਰਬਾਰ ਵੀ ਹੋਇਆ


ਬਰੈਂਪਟਨ, (ਡਾ. ਝੰਡ) - ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਈ ਮਹੀਨੇ ਦਾ ਸਮਾਗ਼ਮ 'ਬਿਰਹਾ ਦੇ ਸੁਲਤਾਨ' ਸਿ਼ਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮੱਰਪਿਤ ਕੀਤਾ ਗਿਆ। ਇਸ ਮੌਕੇ ਬੀਤੇ ਦਿਨੀਂ ਪੰਜਾਬ ਦੇ ਸ਼ਹਿਰ ਬਟਾਲਾ ਤੋਂ ਆਏ ਉੱਘੇ ਵਿਦਵਾਨ ਡਾ. ਅਨੂਪ ਸਿੰਘ ਨੇ ਸਿ਼ਵ ਕੁਮਾਰ ਬਟਾਲਵੀ ਅਤੇ ਆਪਣੇ ਬਾਰੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਮੁੱਖ-ਮਹਿਮਾਨ ਡਾ. ਅਨੂਪ ਸਿੰਘ, ਆਏ ਮਹਿਮਾਨਾਂ ਅਤੇ ਮੈਂਬਰਾਂ ਨੂੰ ਜੀ-ਆਇਆਂ ਕਿਹਾ ਗਿਆ। ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਮੁੱਖ-ਮਹਿਮਾਨ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਵਾਨ ਡਾ. ਅਨੂਪ ਸਿੰਘ ਸਾਢੇ ਤਿੰਨ ਦਰਜਨ ਪੁਸਤਕਾਂ ਦੇ ਲੇਖਕ/ਸੰਪਾਦਕ ਹਨ। ਸਰਕਾਰੀ ਅਧਿਆਪਕ ਵਜੋਂ ਆਪਣੇ ਕਾਰਜਕਾਲ ਦੌਰਾਨ ਉਹ ਪੰਜਾਬ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਰਗ਼ਰਮ ਆਗੂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਸਾਹਿਤ ਅਕੈਡਮੀ ਲੁਧਿਆਣਾ ਦੇ ਉਚੇਰੇ ਜਿ਼ੰਮੇਂਵਾਰ ਅਹੁਦਿਆਂ 'ਤੇ ਕੰਮ ਕਰਦੇ ਰਹੇ ਹਨ।

 
ਉਪਰੰਤ, ਆਪਣੇ ਬਾਰੇ ਦੱਸਦਿਆਂ ਡਾ. ਅਨੂਪ ਸਿੰਘ ਨੇ ਕਿਹਾ ਕਿ ਉਹ ਗੁਰਦਾਸਪੁਰ ਜਿ਼ਲੇ ਦੇ ਛੋਟੇ ਜਿਹੇ ਪਿੰਡ ਖ਼ਾਨੋਵਾਲ ਵਿਚ ਪੈਦਾ ਹੋਏ ਅਤੇ ਉਨ੍ਹਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਹਾਈ ਸਕੂਲ ਭਾਗੋਵਾਲ ਤੋਂ ਪ੍ਰਾਪਤ ਕੀਤੀ। ਬਟਾਲੇ ਕਾਲਜ ਤੋਂ ਬੀ.ਐੱਸ.ਸੀ. (ਨਾਲ-ਮੈਡੀਕਲ) ਕਰਕੇ ਬੀ.ਐੱਡ. ਕਰਨ ਤੋਂ ਬਾਅਦ ਇਕ ਸਕੂਲ ਵਿਚ ਸਾਇੰਸ ਮਾਸਟਰ ਲੱਗ ਗਏ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪ੍ਰਾਈਵੇਟ ਵਿਦਿਆਰਥੀ ਵਜੋਂ ਐੱਮ.ਏ.(ਪੋਲਿਟੀਕਲ ਸਾਇੰਸ ਅਤੇ ਪੰਜਾਬੀ) ਕੀਤੀ। ਐੱਮ.ਏ.(ਪੰਜਾਬੀ) ਵਿੱਚ ਉਹ ਯੂਨੀਵਰਸਿਟੀ ਵਿੱਚੋਂ ਦੂਸਰੇ ਨੰਬਰ 'ਤੇ ਰਹੇ ਅਤੇ ਫਿਰ ਇੱਥੋਂ ਹੀ ਪੰਜਾਬੀ ਨਾਵਲ ਦੇ ਇਕ ਅਹਿਮ ਵਿਸ਼ੇ 'ਤੇ ਪੀਐੱਚ.ਡੀ. ਦੀ ਉਚੇਰੀ ਡਿਗਰੀ ਹਾਸਲ ਕੀਤੀ। ਆਪਣੇ ਅਧਿਆਪਨ ਕਾਰਜ ਦੌਰਾਨ ਸਕੂਲ ਅਧਿਆਪਕਾਂ ਦੀਆਂ ਮੰਗਾਂ ਸਮੇਂਂ-ਸਮੇਂ ਸਰਕਾਰ ਕੋਲੋਂ ਮੰਨਵਾਉਣ ਲਈ ਬਹੁਤ ਸਾਰੇ ਸੰਘਰਸ਼ਾਂ ਵਿਚ ਹਿੱਸਾ ਲਿਆ ਅਤੇ ਇਸ ਦੇ ਲਈ ਕਈ ਵਾਰ ਜੇਲ੍ਹ-ਯਾਤਰਾ ਵੀ ਕੀਤੀ। ਇਸ ਦੇ ਨਾਲ ਹੀ ਉਹ ਲਿਖਣ-ਪੜ੍ਹਨ ਦੇ ਆਪਣੇ ਕੰਮ ਵਿਚ ਨਿਰੰਤਰ ਕਾਰਜਸ਼ੀਲ ਰਹੇ। ਤੜਕੇ ਤਿੰਨ ਵਜੇ ਉੱਠ ਕੇ ਉਹ ਆਪਣੇ ਇਸ 'ਨਿੱਤਨੇਮ' ਵਿਚ ਰੁੱਝ ਜਾਂਦੇ। ਉਹ ਸਿੱਖ ਫਿ਼ਲਾਸਫ਼ੀ ਅਤੇ ਮਾਰਕਸੀ ਵਿਚਾਰਧਾਰਾ ਦੋਹਾਂ ਦੇ ਹੀ ਗਿਆਤਾ ਤੇ ਵਿਆਖਿਆਕਾਰ ਹਨ। ਇਸ ਲਈ ਉਨ੍ਹਾਂ ਦੇ ਕਈ ਸਾਥੀ ਉਨ੍ਹਾਂ ਨੂੰ 'ਸਿੱਖ' ਅਤੇ ਕਈ 'ਕਮਿਊਨਿਸਟ' ਕਹਿੰਦੇ ਹਨ। ਉਨ੍ਹਾਂ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਕਿ ਲੇਖਕ ਤੇ ਪੱਤਰਕਾਰ ਜੇਕਰ ਸੱਤਾ-ਸਥਾਪਤੀ ਦੀਆਂ ਵਧੀਕੀਆਂ ਦੇ ਵਿਰੁੱਧ ਆਪਣੀ ਆਵਾਜ਼ ਨਹੀਂ ਉਠਾਉਂਦੇ ਤਾਂ ਉਹ ਲੇਖਕ ਜਾਂ ਪੱਤਰਕਾਰ ਅਖਵਾਉਣ ਦੇ ਹੱਕਦਾਰ ਨਹੀਂ ਹਨ। ਆਪਣੀ ਇਸ ਦਲੀਲ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਉੱਘੇ ਟੀ.ਵੀ. ਪੱਤਰਕਾਰ ਰਵੀਸ਼ ਕੁਮਾਰ ਦੀ ਉਦਾਹਰਣ ਦਿੱਤੀ।
ਉਨ੍ਹਾਂ ਦੱਸਿਆ ਕਿ ਕਾਲਜ ਪੜ੍ਹਦੇ ਸਮੇਂ 21 ਸਾਲ ਦੀ ਉਮਰ ਵਿਚ ਕਾਲਜ ਮੈਗ਼ਜ਼ੀਨ ਵਿਚ ਉਨ੍ਹਾਂ ਦਾ ਲੇਖ 'ਗੁਰੂ ਨਾਨਕ ਤੇ ਸਮਾਜਵਾਦ' ਛਪਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੂੰ ਅੱਗੋਂ ਹੋਰ ਲਿਖਣ ਲਈ ਪ੍ਰੇਰਨਾ ਮਿਲੀ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁਸਤਕ 'ਦਾਰਸ਼ਨਿਕ ਯੋਧਾ -ਗੁਰੂ ਗੋਬਿੰਦ ਸਿੰਘ' ਲਿਖੀ ਜਿਸ ਦੇ ਹੁਣ ਤੀਕ ਕਈ ਐਡੀਸ਼ਨ ਛਪ ਚੁੱਕੇ ਹਨ। ਏਸੇ ਤਰ੍ਹਾਂ ਉਨ੍ਹਾਂ ਦੀਆਂ ਗੁਰੂ ਨਾਨਕ ਦੇਵ ਜੀ ਬਾਰੇ 'ਗੁਰੂ ਅਰਜਨ ਦੇਵ ਪੁਸਤਕਾਂ 'ਨਾਨਕਵਾਦ' ਤੇ 'ਨਾਨਕੁ ਸਾਇਰੁ ਏਵੁ ਕਹਤੁ ਹੈ, ਅਤੇ ਗੁਰੂ ਅਰਜਨ ਦੇਵ ਜੀ ਬਾਰੇ 'ਗੁਰੂ ਅਰਜਨ ਦੇਵ ਸਿਧਾਂਤ ਤੇ ਸ਼ਹਾਦਤ' ਹਨ। ਸਿੱਖ ਫਿ਼ਲਾਸਫ਼ੀ ਬਾਰੇ ਉਨ੍ਹਾਂ ਦੀ ਪੁਸਤਕ 'ਕਰਾਂਤੀਕਾਰੀ ਸਿੱਖ ਦਰਸ਼ਨ' ਸਿੱਖ ਹਲਕਿਆਂ ਵਿਚ ਕਾਫ਼ੀ ਚਰਚਾ ਵਿਚ ਰਹੀ ਹੈ। ਆਲੋਚਨਾ ਦੇ ਖ਼ੇਤਰ ਵਿਚ ਉਨ੍ਹਾਂ ਦੀਆਂ ਪੁਸਤਕਾਂ 'ਸਮਕਾਲੀਨ ਯਥਾਰਥਵਾਦ ਤੇ ਪੰਜਾਬੀ ਨਾਵਲ', 'ਪ੍ਰਗਤੀਵਾਦੀ ਪੰਜਾਬੀ ਨਾਵਲ ਵਿਚ ਜਮਾਤੀ ਚੇਤਨਾ','ਹਰਭਜਨ ਸਿੰਘ ਹੁੰਦਲ ਦੀ ਕਾਵਿ ਸੰਵੇਦਨਾ' ਅਤੇ 'ਮਿੰਨੀ ਕਹਾਣੀ ਲੇਖਕਾਂ ਨਾਲ ਕੁਝ ਖ਼ਰੀਆਂ ਖ਼ਰੀਆਂ' ਪੰਜਾਬੀ ਆਲੋਚਕਾਂ ਵੱਲੋਂ ਕਾਫ਼ੀ ਸਲਾਹੀਆਂ ਗਈਆਂ ਹਨ। ਕਿਰਤ ਦੀ ਮਹਾਨਤਾ ਨਾਲ ਜੁੜੀ ਉਨ੍ਹਾਂ ਦੀ ਵੱਡਮੁੱਲੀ ਪੁਸਤਕ 'ਕੰਮ, ਕੰਮ ਤੇ ਸਿਰਫ਼ ਕੰਮ' ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿਚ ਸ਼ਾਮਲ ਹੈ। ਏਸੇ ਤਰ੍ਹਾਂ ਪੰਜਾਬ ਵਿਚ ਇਸ ਸਮੇਂ ਚੱਲ ਰਹੀ ਨਸਿਆਂ ਦੀ ਭੈੜੀ ਲੱਤ ਦੀ ਗੰਭੀਰਤਾ ਨਾਲ ਜੁੜੀ ਉਨ੍ਹਾਂ ਦੀ ਪੁਸਤਕ 'ਚੰਗੇਰੀ ਸਿਹਤ ਚੰਗੀਰੀ ਸੋਚ' ਨੌਜੁਆਨ ਪੰਜਾਬੀਆਂ ਦੀ ਸੋਚ ਬਦਲਣ ਵਿਚ ਸਹਾਈ ਹੋ ਰਹੀ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਸੰਘਰਸ਼ਮਈ ਜੀਵਨ ਤੇ ਲਾਸਾਨੀ ਸ਼ਹੀਦੀ ਬਾਰੇ ਵੱਖ-ਵੱਖ ਲੇਖਕਾਂ ਵੱਲੋਂ ਲਿਖੇ ਗਏ ਲੇਖਾਂ ਦੀਆਂ ਚਾਰ ਪੁਸਤਕਾਂ ਦੀ ਸੰਪਾਦਨਾ ਕੀਤੀ ਹੈ ਅਤੇ ਅਗਾਂਹ-ਵਧੂ ਸੋਚ ਦੇ ਮਾਲਕ ਅਤੇ ਆਪਣੇ ਨਾਟਕਾਂ ਰਾਹੀਂ ਇਸ ਨੂੰ ਦੂਰ ਦੁਰੇਢੇ ਪਿੰਡਾਂ ਤੇ ਸ਼ਹਿਰਾਂ ਵਿਚ ਪਹੁੰਚਾਉਣ ਵਾਲੇ ਭਾਜੀ ਗੁਰਸ਼ਰਨ ਸਿੰਘ ਬਾਰੇ ਉਨ੍ਹਾਂ ਨੇ ਇਕ ਵੱਡ-ਆਕਾਰੀ ਪੁਸਤਕ 'ਇੱਕ ਸੰਸਥਾਂ ਇੱਕ ਲਹਿਰ ਭਾਅ ਜੀ ਗੁਰਸ਼ਰਨ ਸਿੰਘ' ਦੀ ਸੰਪਾਦਨਾ ਕੀਤੀ। ਇਸ ਤਰ੍ਹਾਂ ਉਨ੍ਹਾਂ ਦੀਆਂ ਲਿਖੀਆਂ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਦੀ ਸੂਚੀ ਕਾਫ਼ੀ ਲੰਮੀ ਹੈ ਅਤੇ ਇਨ੍ਹਾਂ ਗਿਣਤੀ 40 ਤੋਂ ਵੀ ਵਧੀਕ ਬਣਦੀ ਹੈ।
ਸਿ਼ਵ ਕੁਮਾਰ ਬਟਾਲਵੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 'ਸਿ਼ਵ' ਸਿ਼ਵ ਹੀ ਹੈ ਅਤੇ ਉਹ ਆਪਣੀ ਹੀ ਕਿਸਮ ਦਾ ਕਵੀ ਹੈ। ਅਜੇ ਤੱਕ ਨਾ ਕਿਸੇ ਕਵੀ ਨੇ ਉਸਦੇ ਵਰਗਾ ਲਿਖਿਆ ਹੈ ਅਤੇ ਸ਼ਾਇਦ ਅੱਗੋਂ ਵੀ ਨਾ ਲਿਖ ਸਕੇ। ਉਸ ਦੀ ਬਿੰਬਾਵਲੀ ਅਸੀਮ ਹੈ। ਬੁਘਾਟ, ਭੱਖੜਾ, ਕੰਡਿਆਲੀ ਥੋਹਰ, ਪੋਹਲੀ, ਕਿੱਕਰ, ਮਲ੍ਹੇ, ਆਦਿ ਬਿੰਬ ਪਹਿਲੀ ਵਾਰ ਸਿ਼ਵ ਵੱਲੋਂ ਹੀ ਵਰਤੇ ਗਏ ਹਨ ਜੋ ਮਾਨਸਿਕ ਪੀੜਾ, ਵੇਦਨਾ, ਗ਼ਮ, ਕਰੁਣਾ, ਦੁੱਖ, ਤਕਲੀਫ਼, ਆਦਿ ਦੇ ਖ਼ੂਬਸੂਰਤ ਪ੍ਰਤੀਕ ਬਣ ਗਏ ਹਨ। ਅਫ਼ਸੋਸ ਹੈ, ਸਿ਼ਵ ਕੇਵਲ 36 ਸਾਲ ਦੀ ਛੋਟੀ ਉਮਰੇ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ ਪਰ ਇਸ ਸੀਮਤ ਸਮੇਂ ਵਿਚ ਉਸ ਨੇ ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ ਜਿਸ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ। ਉਪਰੰਤ, ਉੱਘੇ ਚਿੰਤਕ ਸ਼ਮੀਲ ਜਸਵੀਰ, ਪ੍ਰੋ. ਜਗੀਰ ਸਿੰਘ ਕਾਹਲੋਂ, ਬਲਦੇਵ ਰਹਿਪਾ ਅਤੇ ਹੀਰਾ ਹੰਸਪਾਲ ਵੱਲੋਂ ਵੀ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪ੍ਰੋ. ਤਲਵਿੰਦਰ ਮੰਡ ਵੱਲੋਂ ਸਮਾਗ਼ਮ ਦੇ ਇਸ ਪਹਿਲੇ ਸੈਸ਼ਨ ਨੂੰ ਬਾਖ਼ੂਬੀ ਨਿਭਾਇਆ ਗਿਆ। ਇਸ ਦੌਰਾਨ ਬਰੈਂਪਟਨ ਵਿਚ ਰਹਿੰਦੇ ਅਹਿਮਦੀਆ ਭਾਈਚਾਰੇ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਅਨੂਪ ਸਿੰਘ ਨੂੰ ਸ਼ਾਨਦਾਰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗ਼ਮ ਦੇ ਦੂਸਰੇ ਹਿੱਸੇ ਵਿਚ ਹੋਏ ਕਵੀ-ਦਰਬਾਰ ਵਿਚ ਸੱਭ ਤੋਂ ਪਹਿਲਾਂ ਇਕਬਾਲ ਬਰਾੜ ਵੱਲੋਂ ਆਪਣੀ ਖ਼ੂਬਸੂਰਤ ਆਵਾਜ਼ ਵਿਚ ਸਿ਼ਵ ਕੁਮਾਰ ਦੇ ਤਿੰਨ ਗੀਤ ਗਾਏ ਗਏ। ਉਪਰੰਤ, ਪਰਮਜੀਤ ਗਿੱਲ, ਹਰਜੀਤ ਬਾਜਵਾ, ਰਿੰਟੂ ਭਾਟੀਆ, ਪੂਨਮ ਆਹਲੂਵਾਲੀਆ, ਹਰਜੀਤ ਭਮਰਾ, ਮਲਵਿੰਦਰ ਸਾਂਇਰ, ਮਕਸੂਦ ਚੌਧਰੀ, ਕਰਨ ਅਜਾਇਬ ਸੰਘਾ, ਸੁਖਦੇਵ ਝੰਡ, ਤਲਵਿੰਦਰ ਮੰਡ, ਹੀਰਾ ਹੰਸਪਾਲ, ਚੰਡੀਗੜ੍ਹ ਤੋਂ ਡਾ. ਧੀਰ ਤੇ ਕਈ ਹੋਰਨਾਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਕਵੀ-ਦਰਬਾਰ ਦੇ ਇਸ ਭਾਗ ਨੂੰ ਮਲੂਕ ਸਿੰਘ ਕਾਹਲੋਂ ਵੱਲੋਂ ਵਧੀਆ ਤਰਤੀਬ ਦਿੱਤੀ ਗਈ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਿ਼ਵ ਕੁਮਾਰ ਬਟਾਲਵੀ ਨਾਲ ਆਪਣੀਆਂ ਹੋਈਆਂ ਯਾਦਗਾਰੀ ਮੁਲਾਕਾਤਾਂ ਦੇ ਬਾਖ਼ੂਬੀ ਵਰਨਣ ਦੇ ਨਾਲ ਨਾਲ ਉਸ ਦੀਆਂ ਕਵਿਤਾਵਾਂ ਦੀ ਗੰਭੀਰਤਾ ਬਾਰੇ ਗੱਲ ਕਰਦਿਆਂ ਹੋਇਆਂ ਸਮਾਗ਼ਮ ਦੇ ਮੁੱਖ-ਮਹਿਮਾਨ ਡਾ. ਅਨੂਪ ਸਿੰਘ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਉੱਘੇ ਕਹਾਣੀਕਾਰ ਕੁਲਜੀਤ ਮਾਨ, ਬਰਲਿੰਘਟਨ ਤੋਂ ਆਏ ਡਾ. ਪਰਗਟ ਸਿੰਘ ਬੱਗਾ ਤੇ ਜਰਨੈਲ ਸਿੰਘ ਮੱਲ੍ਹੀ, ਪੰਜਾਬ ਤੋਂ ਆਏ ਅਮਰਜੀਤ ਸਿੰਘ ਬਾਈ, ਐਡਵੋਕੇਟ ਵਿਪਨਦੀਪ ਮਰੋਕ, ਐਡਵੋਕੇਟ ਦਰਸ਼ਨ ਸਿੰਘ ਗਰੇਵਾਲ, ਹਰਦਿਆਲ ਝੀਤਾ, ਹਰਪਾਲ ਸਿੰਘ ਭਾਟੀਆ, ਕਰਨੈਲ ਸਿੰਘ ਨਾਮਧਾਰੀ, ਹਰਚਰਨ ਸਿੰਘ ਰਾਜਪੂਤ, ਸੁਖਦੇਵ ਸਿੰਘ ਬੇਦੀ, ਯਾਦਵਿੰਦਰ ਸਿੰਘ ਸੰਧੂ, ਸਵਿੰਦਰ ਸਿੰਘ ਪੰਨੂੰ ਅਤੇ ਅਹਿਮਦੀਆ ਭਾਈਚਾਰੇ ਨਾਲ ਸਬੰਧਿਤ ਜਨਾਬ ਫਿ਼ਆਕ ਮੋਹੀਓਦੀਨ ਤੇ ਅਤਾਰ ਸਦੀਕ ਸ਼ਾਮਲ ਸਨ।

Have something to say? Post your comment