Welcome to Canadian Punjabi Post
Follow us on

30

June 2022
ਨਜਰਰੀਆ

ਸਾਂਝੇ ਪਰਵਾਰ ਦੀ ਟੁੱਟਦੀ ਬਨਾਵਟ

May 16, 2022 04:35 PM

-ਦੇਵੇਂਦਰ ਰਾਜ ਸੁਥਾਰ
ਪਰਵਾਰ ਅਜਿਹੀ ਸਮਾਜਕ ਸੰਸਥਾ ਹੈ, ਜੋ ਆਪਸੀ ਸਹਿਯੋਗ ਤੇ ਤਾਲਮੇਲ ਨਾਲ ਚੱਲਦਾ ਹੈ ਅਤੇ ਜਿਸ ਦੇ ਸਮੁੱਚੇ ਮੈਂਬਰ ਆਪੋ ਵਿੱਚ ਰਲ ਕੇ ਜ਼ਿੰਦਗੀ ਪ੍ਰੇਮ, ਸਨੇਹ ਤੇ ਭਾਈਚਾਰੇ ਨਾਲ ਗੁਜ਼ਾਰਦੇ ਹਨ। ਸੰਸਕਾਰ, ਮਰਿਆਦਾ, ਸਨਮਾਨ, ਸਮਰਪਣ, ਆਦਰ, ਅਨੁਸ਼ਾਸਨ ਆਦਿ ਕਿਸੇ ਵੀ ਸੁਖੀ-ਸੰਪੰਨ ਤੇ ਖੁਸ਼ਹਾਲ ਪਰਵਾਰ ਦੇ ਗੁਣ ਹਨ। ਕੋਈ ਵੀ ਵਿਅਕਤੀ ਪਰਵਾਰ ਵਿੱਚ ਜਨਮ ਲੈਂਦਾ ਹੈ, ਉਸੇ ਨਾਲ ਉਸ ਦੀ ਪਛਾਣ ਹੁੰਦੀ ਹੈ ਅਤੇ ਪਰਵਾਰ ਤੋਂ ਚੰਗੇ-ਬੁਰੇ ਲੱਛਣ ਸਿੱਖਦਾ ਹੈ। ਪਰਵਾਰ ਸਾਰੇ ਲੋਕਾਂ ਨੂੰ ਜੋੜੀ ਰੱਖਦਾ ਹੈ ਅਤੇ ਦੁੱਖ-ਸੁੱਖ ਵਿੱਚ ਸਾਰੇ ਇੱਕ-ਦੂਜੇ ਦਾ ਸਾਥ ਦਿੰਦੇ ਹਨ।
ਕਹਿੰਦੇ ਹਨ ਕਿ ਪਰਵਾਰ ਤੋਂ ਵੱਡਾ ਕੋਈ ਧਨ ਨਹੀਂ, ਪਿਤਾ ਤੋਂ ਵੱਡਾ ਕੋਈ ਸਲਾਹਕਾਰ ਨਹੀਂ, ਮਾਂ ਦੀ ਗੋਦ ਤੋਂ ਵੱਡੀ ਕੋਈ ਦੁਨੀਆ ਨਹੀਂ, ਭਰ ਤੋਂ ਚੰਗਾ ਕੋਈ ਭਾਈਵਾਲ ਨਹੀਂ, ਭੈਣ ਤੋਂ ਵੱਡਾ ਕੋਈ ਸ਼ੁਭਚਿੰਤਕ ਨਹੀਂ ਹੁੰਦਾ, ਇਸ ਲਈ ਪਰਵਾਰ ਦੇ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨੀ ਔਖੀ ਹੈ। ਇੱਕ ਚੰਗਾ ਪਰਵਾਰ ਬੱਚੇ ਦੇ ਚਰਿੱਤਰ ਨਿਰਮਾਣ ਤੋਂ ਲੈ ਕੇ ਵਿਅਕਤੀ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਸਾਡੇ ਸਭਿਆਚਾਰ ਤੇ ਸਭਿਅਤਾ ਨੇ ਕਿੰਨੀਆਂ ਤਬਦੀਲੀਆਂ ਪ੍ਰਵਾਨ ਕਰ ਕੇ ਖੁਦ ਨੂੰ ਆਧੁਨਿਕ ਕਰ ਲਿਆ ਹੋਵੇ, ਪਰ ਪਰਵਾਰ ਸੰਸਥਾ ਦੀ ਹੋਂਦ ਉੱਤੇ ਕੋਈ ਸੇਕ ਨਹੀਂ ਆਇਆ। ਉਹ ਬਣੇ ਅਤੇ ਬਣ ਕੇ ਭਾਵੇਂ ਟੁੱਟੇ ਹੋਣ, ਪਰ ਉਨ੍ਹਾਂ ਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ। ਅਸੀਂ ਭਾਵੇਂ ਕਿੰਨੀ ਵੀ ਆਧੁਨਿਕ ਵਿਚਾਰਧਾਰਾ ਵਿੱਚ ਪਲ ਰਹੇ ਹੋਈਏ, ਪਰ ਅਖੀਰ ਵਿੱਚ ਆਪਣੇ ਸੰਬੰਧਾਂ ਨੂੰ ਵਿਆਹ ਸੰਸਥਾ ਨਾਲ ਜੋੜ ਕੇ ਪਰਵਾਰ ਵਿੱਚ ਤਬਦੀਲ ਕਰਨ ਵਿੱਚ ਹੀ ਸੰਤੁਸ਼ਟੀ ਅਨੁਭਵ ਕਰਦੇ ਹਾਂ।
ਕਹਿਣ ਨੂੰ ਮਨੁੱਖੀ ਜਗਤ ਵਿੱਚ ਪਰਵਾਰ ਇੱਕ ਛੋਟੀ ਇਕਾਈ ਹੈ, ਪਰ ਇਸ ਦੀ ਮਜ਼ਬੂਤੀ ਸਾਨੂੰ ਹਰ ਵੱਡੀ ਤੋਂ ਵੱਡੀ ਮੁਸੀਬਤ ਤੋਂ ਬਚਾਉਣ ਵਿੱਚ ਕਾਰਗਰ ਹੈ। ਪਰਵਾਰ ਤੋਂ ਬਿਨਾਂ ਵਿਅਕਤੀ ਦੀ ਹੋਂਦ ਨਹੀਂ ਹੈ। ਲੋਕਾਂ ਨਾਲ ਪਰਵਾਰ ਬਣਦਾ ਹੈ ਤੇ ਪਰਵਾਰ ਨਾਲ ਰਾਸ਼ਟਰ ਅਤੇ ਰਾਸ਼ਟਰ ਨਾਲ ਵਿਸ਼ਵ ਬਣਦਾ ਹੈ। ਇਸ ਲਈ ਕਿਹਾ ਵੀ ਜਾਂਦਾ ਹੈ ‘ਵਸੁਧੈਵ ਕੁੰਟੁਬਕਮ' ਭਾਵ ਪੂਰੀ ਧਰਤੀ ਸਾਡਾ ਪਰਵਾਰ ਹੈ। ਅਜਿਹੀ ਭਾਵਨਾ ਪਿੱਛੇ ਆਪਸੀ ਦੁਸ਼ਮਣੀ, ਕੁੜੱਤਣ, ਵੈਰ ਤੇ ਨਫਰਤ ਨੂੰ ਘਟਾਉਣਾ ਹੈ।ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਸਾਂਝੇ ਪਰਵਾਰ ਦੀ ਧਾਰਨਾ ਰਹੀ ਹੈ। ਸੰਯੁਕਤ ਪਰਵਾਰ ਵਿੱਚ ਬਜ਼ੁਰਗਾਂ ਨੂੰ ਬੜਾ ਸਤਿਕਾਰ ਪ੍ਰਾਪਤ ਹੁੰਦਾ ਰਿਹਾ ਹੈ ਤੇ ਉਨ੍ਹਾਂ ਦੇ ਤਜਰਬੇ ਤੇ ਗਿਆਨ ਤੋਂ ਨੌਜਵਾਨ ਤੇ ਬਾਲ ਪੀੜ੍ਹੀ ਲਾਭਵੰਦ ਹੁੰਦੀ ਰਹੀ ਹੈ। ਬਜ਼ੁਰਗਾਂ ਦਾ ਰੋਹਬ ਰਹਿਣ ਕਾਰਨ ਪਰਵਾਰ ਵਿੱਚ ਅਨੁਸ਼ਾਸਨ ਤੇ ਆਦਰ ਦਾ ਮਾਹੌਲ ਹਮੇਸ਼ਾ ਬਣਿਆ ਰਹਿੰਦਾ ਸੀ। ਬਦਲਦੇ ਸਮੇਂ ਵਿੱਚ ਤੇਜ਼ ਉਦਯੋਗੀਕਰਨ, ਸ਼ਹਿਰੀਕਰਨ, ਆਧੁਨਿਕੀਕਰਨ ਤੇ ਉਦਾਰੀਕਰਨ ਕਾਰਨ ਸਾਂਝੇ ਪਰਵਾਰ ਦੀ ਰਵਾਇਤ ਡਾਵਾਂਡੋਲ ਹੋਣ ਲੱਗੀ। ਇਕਹਿਰੇ ਪਰਵਾਰਾਂ ਦੀ ਜੀਵਨਸ਼ੈਲੀ ਨੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਗੋਦ ਵਿੱਚ ਖੇਡਣ ਤੇ ਲੋਰੀ ਸੁਣਨ ਵਾਲੇ ਬੱਚਿਆਂ ਦਾ ਬਚਪਨ ਖੋਹ ਕੇ ਉਨ੍ਹਾਂ ਨੂੰ ਮੋਬਾਈਲ ਦਾ ਆਦੀ ਬਣਾ ਦਿੱਤਾ ਹੈ।
ਖਪਤਕਾਰਵਾਦੀ ਸਭਿਆਚਾਰ, ਅਪਰਪੱਕਤਾ, ਨਿੱਜੀ ਖਾਹਿਸ਼ਾਂ, ਖੁਦ ਕੇਂਦਰਿਤ ਵਿਚਾਰ, ਨਿੱਜੀ ਸਵਾਰਥ ਸਿੱਧੀ, ਲੋਭੀ ਮਾਨਸਿਕਤਾ, ਆਪਸੀ ਗਿਲਾ ਸ਼ਿਕਵਾ ਅਤੇ ਤਾਲਮੇਲ ਦੀ ਘਾਟ ਕਾਰਨ ਸਾਂਝੇ ਪਰਵਾਰ ਦਾ ਸਭਿਆਚਾਰ ਖਿੰਡ-ਪੁੰਡ ਗਿਆ ਹੈ। ਪਿੰਡਾਂ ਵਿੱਚ ਰੋਜ਼ਗਾਰ ਦੀ ਘਾਟ ਹੋਣ ਕਾਰਨ ਅਕਸਰ ਇੱਕ ਵੱਡੀ ਆਬਾਦੀ ਦਾ ਆਉਣਾ ਸ਼ਹਿਰਾਂ ਵੱਲ ਹੁੰਦਾ ਹੈ। ਸ਼ਹਿਰਾਂ ਵਿੱਚ ਭੀੜ-ਭੜੱਕਾ ਹੋਣ ਕਾਰਨ ਬੱਚੇ ਆਪਣੇ ਮਾਤਾ-ਪਿਤਾ ਨੂੰ ਚਾਹ ਕੇ ਵੀ ਕੋਲ ਨਹੀਂ ਰੱਖ ਸਕਦੇ। ਜੇ ਰੱਖ ਲੈਣ ਤਾਂ ਉਹ ਸ਼ਹਿਰੀ ਜ਼ਿੰਦਗੀ ਦੇ ਅਨੁਸਾਰ ਖੁਦ ਨੂੰ ਢਾਲ ਨਹੀਂ ਸਕਦੇ। ਪਿੰਡਾਂ ਦੀ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਵਾਲੇ ਲੋਕਾਂ ਦਾ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿੱਚ ਦਮ ਘੁੱਟਣ ਲੱਗਦਾ ਹੈ।
ਇਸ ਦੇ ਇਲਾਵਾ ਪੱਛਮੀ ਸਭਿਆਚਾਰ ਦਾ ਪ੍ਰਭਾਵ ਵਧਣ ਨਾਲ ਆਧੁਨਿਕ ਪੀੜ੍ਹੀ ਦਾ ਬਜ਼ੁਰਗਾਂ ਤੇ ਮਾਪਿਆਂ ਪ੍ਰਤੀ ਸਤਿਕਾਰ ਘੱਟ ਹੋਣ ਲੱਗਾ ਹੈ। ਬਿਰਧ ਅਵਸਥਾ ਵਿੱਚ ਵਧੇਰੇ ਬੀਮਾਰ ਰਹਿਣ ਵਾਲੇ ਮਾਤਾ-ਪਿਤਾ ਉਨ੍ਹਾਂ ਨੂੰ ਬੋਝ ਲੱਗਣ ਲੱਗੇ ਹਨ। ਉਹ ਆਪਣੇ ਸੰਸਕਾਰਾਂ ਤੇ ਕਦਰਾਂ-ਕੀਮਤਾਂ ਤੋਂ ਕੱਟ ਕੇ ਇਕਲੌਤੀ ਜ਼ਿੰਦਗੀ ਜਿਊਣ ਨੂੰ ਆਪਣੀ ਅਸਲੀ ਖੁਸ਼ੀ ਤੇ ਆਦਰਸ਼ ਮੰਨ ਬੈਠੇ ਹਨ। ਦੇਸ਼ ਵਿੱਚ ‘ਓਲਡ ਏਜ਼ ਹੋਮਸ' ਦੀ ਵੱਡੀ ਗਿਣਤੀ ਇਸ਼ਾਰਾ ਕਰ ਰਹੀ ਹੈ ਕਿ ਭਾਰਤ ਵਿੱਚ ਸਾਂਝੇ ਪਰਵਾਰਾਂ ਨੂੰ ਬਚਾਉਣ ਲਈ ਇੱਕ ਤੰਦਰੁਸਤ ਸਮਾਜਿਕ ਨਜ਼ਰੀਏ ਦੀ ਬੜੀ ਲੋੜ ਹੈ।
ਓਧਰ ਮਹਿੰਗਾਈ ਵਧਣ ਦੇ ਕਾਰਨ ਪਰਵਾਰ ਦੇ ਇੱਕ-ਦੋ ਮੈਂਬਰਾਂ ਉੱਤੇ ਪੂਰੇ ਘਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਆਉਣ ਨਾਲ ਆਪੋ ਵਿੱਚ ਹੀਣਭਾਵਨਾ ਪੈਦਾ ਹੋਣ ਲੱਗੀ ਹੈ। ਕਮਾਉਣ ਵਾਲੇ ਮੈਂਬਰ ਦੀ ਪਤਨੀ ਦੀਆਂ ਨਿੱਜੀਆਂ ਖਾਹਿਸ਼ਾਂ ਤੇ ਸੁਫਨੇ ਪੂਰੇ ਨਾ ਹੋਣ ਕਾਰਨ ਉਹ ਵੱਖਰੀ ਹੋਣਾ ਹਿੱਤਕਾਰੀ ਸਮਝ ਬੈਠੀ ਹੈ। ਇਸ ਦੇ ਇਲਾਵਾ ਬਜ਼ੁਰਗ ਵਰਗ ਅਤੇ ਆਧੁਨਿਕ ਪੀੜ੍ਹੀ ਦੇ ਵਿਚਾਰ ਮੇਲ ਨਹੀਂ ਖਾਂਦੇ। ਬਜ਼ੁਰਗ ਪੁਰਾਣੇ ਜ਼ਮਾਨੇ ਅਨੁਸਾਰ ਜਿਊਣਾ ਪਸੰਦ ਕਰਦੇ ਹਨ, ਨੌਜਵਾਨ ਵਰਗ ਅੱਜ ਦੀ ਸਟਾਈਲਿਸ਼ ਜ਼ਿੰਦਗੀ ਜਿਊਣੀ ਚਾਹੁੰਦੇ ਹਨ। ਇਸੇ ਕਾਰਨ ਦੋਵਾਂ ਦਰਮਿਆਨ ਸੰਤੁਲਨ ਦੀ ਕਮੀ ਦਿਸਦੀ ਹੈ, ਜੋ ਪਰਵਾਰ ਦੇ ਟੁੱਟਣ ਦਾ ਕਾਰਨ ਬਣਦੀ ਹੈ।
ਜੇ ਸਾਂਝੇ ਪਰਵਾਰਾਂ ਨੂੰ ਸਮੇਂ ਰਹਿੰਦੇ ਨਾ ਬਚਾਇਆ ਤਾਂ ਸਾਡੀ ਅਗਲੀ ਪੀੜ੍ਹੀ ਗਿਆਨ ਸੰਪੰਨ ਹੋਣ ਦੇ ਬਾਅਦ ਵੀ ਦਿਸ਼ਾਹੀਣ ਹੋ ਕੇ ਵਿਕਾਰਾਂ ਵਿੱਚ ਫਸ ਕੇ ਜ਼ਿੰਦਗੀ ਬਰਬਾਦ ਕਰ ਲਵੇਗੀ। ਤਜਰਬੇ ਦਾ ਖਜ਼ਾਨਾ ਕਹੇ ਜਾਣ ਵਾਲੇ ਬਜ਼ੁਰਗਾਂ ਦੀ ਅਸਲੀ ਥਾਂ ਬਿਰਧ ਆਸ਼ਰਮ ਨਹੀਂ, ਘਰ ਹੈ। ਉਹ ਘਰ, ਘਰ ਨਹੀਂ, ਜਿਸ ਵਿੱਚ ਕੋਈ ਬਜ਼ੁਰਗ ਨਹੀਂ ਹੁੰਦਾ। ਅਜਿਹਾ ਕਿਹੜਾ ਘਰ ਪਰਵਾਰ ਹੈ, ਜਿਸ ਵਿੱਚ ਝਗੜੇ ਨਹੀਂ ਹੁੰਦੇ, ਪਰ ਇਹ ਮਨੁਮੁਟਾਵ ਤੱਕ ਸੀਮਤ ਰਹੇ ਤਾਂ ਚੰਗਾ ਹੈ। ਇਸ ਨੂੰ ਮਤਭੇਦ ਕਦੀ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ। ਬਜ਼ੁਰਗ ਵਰਗ ਨੂੰ ਵੀ ਚਾਹੀਦਾ ਹੈ ਕਿ ਨਵੇਂ ਜ਼ਮਾਨੇ ਨਾਲ ਆਪਣੀਆਂ ਪੁਰਾਣੀਆਂ ਧਾਰਨਾਵਾਂ ਵਿੱਚ ਤਬਦੀਲੀ ਕਰ ਕੇ ਆਧੁਨਿਕ ਸੰਦਰਭ ਮੁਤਾਬਕ ਜਿਊਣ ਦੀ ਕੋਸ਼ਿਸ਼ ਕਰਨ।

Have something to say? Post your comment