Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਚੋਅ ਉੱਤੇ ਵਸਿਆ ਪਿੰਡ

May 09, 2022 02:14 AM

-ਕੁਲਦੀਪ ਸਿੰਘ ਧਨੌਲਾ
ਸੁਨਾਮ ਤੋਂ 21 ਕਿਲੋਮੀਟਰ, ਬੁਢਲਾਡਾ ਤੋਂ 18, ਭੀਖੀ ਤੋਂ 13 ਅਤੇ ਚੀਮਾ ਮੰਡੀ ਤੋਂ ਸੱਤ ਕਿਲੋਮੀਟਰ ਦੂਰ ਚੀਮਾ-ਲਹਿਰਾਗਾਗਾ ਸੜਕ ਦੀ ਇੱਕ ਕੰਨੀ ਉੱਤੇ ਹਟਵਾਂ ਛੋਟਾ ਜਿਹਾ ਪਿੰਡ ਸਤੌਜ ਸਰਹਿੰਦ ਚੋਅ ਉੱਤੇ ਵੱਸਿਆ ਹੈ। ਪਿੰਡ ਵਾਸੀਆਂ ਅਨੁਸਾਰ ਇਤਿਹਾਸ ਵਿੱਚ ਸਾਂਤਨੂ ਰਾਜੇ ਨੂੰ ਕੌਰਵਾਂ ਪਾਡਵਾਂ ਦਾ ਗੁਰੂ ਮੰਨਿਆ ਦਾ ਗੁਰੂ ਮੰਨਿਆ ਗਿਆ ਹੈ ਜਿਨ੍ਹਾਂ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਸੁਨਾਮ, ਸਰਹਿੰਦ, ਸਤੌਜ, ਦਲੇਵਾਂ ਵਿੱਚ ਪਾਣੀ ਦਾ ਸੋਮਾ ਨਾ ਹੋਣ ਕਾਰਨ ਸਰਹਿੰਦ ਚੋਅ (ਹੰਸਲਾ ਨਦੀ) ਉੱਤੇ ਇਹ ਪਿੰਡ ਵਸਾਏ ਸਨ। ਇਸ ਚੋਅ ਉੱਤੇ ਬਜ਼ੁਰਗ ਹੰਸਲਾ ਰਹਿੰਦਾ ਸੀ ਜਿਸ ਦੇ ਨਾਂਅ ਉੱਤੇ ਪਿੰਡ ਦਾ ਨਾਂਅ ਸਤੌਜ ਪੈ ਗਿਆ।ਕੁਝ ਲੋਕਾਂ ਦਾ ਮੱਤ ਹੈ ਕਿ ਇੱਥੇ ਸੱਤ-ਹੌਜ (ਪਾਣੀ ਜਮ੍ਹਾਂ ਕਰਨ ਵਾਲੇ ਤਲਾਅ) ਹੋਣ ਕਾਰਨ ਪਿੰਡ ਦਾ ਨਾਂਅ ਸਤੌਜ ਪਿਆ, ਜਿਨ੍ਹਾਂ ਵਿੱਚ ਇਸ ਨਦੀ ਦਾ ਪਾਣੀ ਭੰਡਾਰ ਕੀਤਾ ਜਾਂਦਾ ਸੀ। 70-80 ਵਰ੍ਹੇ ਪਹਿਲਾਂ ਬਾਬਾ ਅਮਰ ਸਿੰਘ ਨੇ ਸੁਨਾਮ ਤੋਂ ਖੇਤਾਂ ਵਿੱਚੋਂ ਪੈਦਲ ਚੱਲ ਕੇ ਜਦੋਂ ਪਿੰਡ ਸਤੌਜ ਵਿੱਚ ਆ ਕੇ ਕਿਹਾ ਸੀ ਕਿ ਇਸ ਧਰਤੀ ਥੱਲੇ ਸੱਤ ਤਲਾਅ ਹਨ ਤਾਂ ਲੋਕਾਂ ਨੇ ਉਨ੍ਹਾਂ ਨੂੰ ਪਾਗਲ ਤੱਕ ਕਹਿ ਦਿੱਤਾ ਸੀ, ਪਰ ਜਦੋਂ ਉਨ੍ਹਾਂ ਪੁਟਾਈ ਕਰਵਾ ਕੇ ਇੱਕ ਤਲਾਅ ਕੱਢ ਦਿਖਾਇਆ ਤਾਂ ਲੋਕ ਦੰਗ ਰਹਿ ਗਏ। ਅੱਜ ਵੀ ਇਹ ਤਲਾਅ ਪਿੰਡ ਵਿੱਚ ਹੈ। ਇਹ ਤਲਾਅ ਦੋ-ਦੋ ਫੁੱਟ ਲੰਮੀਆਂ ਤੇ ਫੁੱਟ-ਫੁੱਟ ਚੌੜੀਆਂ ਇੱਟਾਂ ਨਾਲ ਬਣਿਆ ਹੋਇਆ ਹੈ। ਇਨ੍ਹਾਂ ਇੱਟਾਂ ਉੱਤੇ ਲਿਖੀ ਭਾਸ਼ਾ ਅੱਜ ਤੱਕ ਕਿਸੇ ਤੋਂ ਪੜ੍ਹੀ ਨਹੀਂ ਗਈ। ਪੁਰਾਤੱਤਵ ਵਿਭਾਗ ਪਿੰਡ ਦਾ ਕੋਈ ਖੁਰਾ-ਖੋਜ ਕੱਢਣ ਦੀ ਕੋਸ਼ਿਸ਼ ਕਰ ਸਕਦਾ ਹੈ।
ਸਤੌਜ ਪਹਿਲਾਂ ਕਾਮੇਡੀ ਕਿੰਗ, ਫਿਰ ਲੋਕ ਸਭਾ ਮੈਂਬਰ ਤੇ ਅੱਜਕੱਲ੍ਹ ਮੁੱਖ ਮੰਤਰੀ ਬਣੇ ਭਗਵੰਤ ਮਾਨ ਦਾ ਜੱਦੀ ਪਿੰਡ ਹੈ। ਇਹ ਪਿੰਡ ਪਹਿਲੀ ਵਾਰ 2014 ਵਿੱਚ ਲੋਕ ਸਭਾ ਚੋਣਾਂ ਵੇਲੇ ਚਰਚਾ ਵਿੱਚ ਆਇਆ ਜਦੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਭਗਵੰਤ ਮਾਨ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਦੋ ਲੱਖ 11 ਹਜ਼ਾਰ 721 ਵੋਟਾਂ ਨਾਲ ਜਿੱਤਿਆ ਸੀ। 2019 ਵਿੱਚ ਫਿਰ ਜਿੱਤ ਗਿਆ ਅਤੇ ਅੱਜ ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਜਿੱਤ ਕੇ ਪੰਜਾਬ ਦਾ ਮੁੱਖ ਮੰਤਰੀ ਹੈ।
ਗੁੰਮਨਾਮ ਰਹੇ ਬਾਬਾ ਅਮਰ ਸਿੰਘ ਦੇ ਨਾਂਅ ਉਤੇ ਪਿੰਡ ਦੇ ਕੁਝ ਅਗਾਂਹਵਧੂ ਨੌਜਵਾਨਾਂ ਨੇ ਲਾਇਬਰੇਰੀ ਬਣਾਈ ਅਤੇ ਭਗਵੰਤ ਮਾਨ ਨੇ ਬਤੌਰ ਲੋਕ ਸਭਾ ਮੈਂਬਰ ਬਿਲਡਿੰਗ ਬਣਵਾ ਦਿੱਤੀ। ਇਸ ਪਿੰਡ ਵਿੱਚ ਹਜ਼ਾਰਾਂ ਸਾਲ ਪੁਰਾਣੀਆਂ ਇਤਿਹਾਸਕ ਸਮਾਧਾਂ ਹਨ। ਸੱਥ ਵਿੱਚ ਬੈਠੇ ਬਜ਼ੁਰਗਾਂ ਨੇ ਦੱਸਿਆ ਕਿ ਪੰਜਾਹ-ਸੱਠ ਸਾਲ ਪਹਿਲਾਂ ਇਨ੍ਹਾਂ ਸਮਾਧਾਂ ਉੱਤੇ ਸਾਲਾਨਾ ਮੇਲਾ ਲੱਗਦਾ ਹੁੰਦਾ ਸੀ, ਫਿਰ ਬੰਦ ਹੋ ਗਿਆ। ਲੋਕਾਂ ਵਿੱਚ ਇਨ੍ਹਾਂ ਪ੍ਰਤੀ ਸ਼ਰਧਾ-ਸਤਿਕਾਰ ਜਿਉਂ ਦਾ ਤਿਉਂ ਹੈ।
ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ। ਪਿੰਡ ਵਾਸੀ ਹਜ਼ੂਰਾ ਸਿੰਘ ਨੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲਿਆ, ਉਨ੍ਹਾਂ ਨੂੰ ਪੈਨਸ਼ਨ ਤੇ ਆਜ਼ਾਦੀ ਸੰਗਰਾਮੀਆਂ ਦੇ ਕੋਟੇ ਤੋਂ ਨੌਕਰੀ ਵੀ ਮਿਲੀ। ਉਨ੍ਹਾਂ ਅਕਾਲੀ ਮੋਰਚਿਆਂ ਦੌਰਾਨ ਜੇਲ੍ਹਾਂ ਵੀ ਕੱਟੀਆਂ। ਪੀ ਟੀ ਮਾਸਟਰ ਅਵਤਾਰ ਸਿੰਘ ਅਤੇ ਪਰਗਟ ਸਿੰਘ ਦੀ ਮਿਹਨਤ ਸਦਕਾ ਨੈਸ਼ਨਲ ਅਤੇ ਪੰਜਾਬ ਸਟਾਈਲ ਕਬੱਡੀ ਵਿੱਚ ਪਿੰਡ ਦੀਆਂ ਕੁੜੀਆਂ ਦੀ ਪੰਜਾਬ ਪੱਧਰ ਉੱਤੇ ਪ੍ਰਸਿੱਧ ਟੀਮ ਸੀ, ਜਿਨ੍ਹਾਂ ਵਿੱਚੋਂ ਜਸਵੀਰ ਕੌਰ ਤੇ ਬੀਰਪਾਲ ਕੌਰ ਕਮਾਲ ਦੀ ਕਬੱਡੀ ਖੇਡਦੀਆਂ ਸਨ।
ਭਾਰਤੀ ਸਾਹਿਤਅਕਾਦਮੀ ਦਾ ਯੁਵਾ ਪੁਰਸਕਾਰ ਜਿੱਤਣ ਵਾਲੇ ਨਾਵਲਕਾਰ ਪਰਗਟ ਸਿੰਘ ਸਤੌਜ ਵੀ ਇਸੇ ਪਿੰਡ ਦੇ ਹਨ, ਜਿਨ੍ਹਾਂ ਦੇ ‘ਭਾਗੂ’, ‘ਤੀਵੀਆਂ’, ‘ਗਲਤ ਮਲਤ ਜ਼ਿੰਦਗੀ’, ‘ਖਬਰ ਇੱਕ ਪਿੰਡ ਦੀ’ ਅਤੇ ‘ਨਾਚਫਰੋਸ਼’ ਛਪ ਚੁੱਕੇ ਹਨ। ਕੁਲਦੀਪ ਸਿੰਘ ਤੇ ਨਿਰਮਲ ਸਿੰਘ ਮਾਨ ਨੇ ਗੀਤਕਾਰੀ ਅਤੇ ਸਾਹਿਤ ਖੇਤਰ ਵਿੱਚ ਪਿੰਡ ਦਾ ਨਾਂਅ ਰੋਸ਼ਨ ਕੀਤਾ ਹੈ। ਭਗਵੰਤ ਮਾਨ ਨੇ ਆਪਣੀਆਂ ਕੈਸੇਟਾਂ ਵਿੱਚ ਭੋਲੇ ਕਾ ਟਿੱਡਾ, ਨੰਬਰਦਾਰਾਂ ਦਾ ਗੁਰਜੀਤ, ਮੰਗਾ, ਬੀਬੋ ਭੂਆ, ਭਾਨ ਕਾ ਮੰਗੂ ਬਾਣੀਆਂ, ਝੰਡਾ ਅਮਲੀ, ਦੌਲਾ ਆਦਿ ਜਿਹੜੇ ਪਾਤਰਾਂ ਦੇ ਨਾਂਅ ਲਏ, ਉਹ ਕੋਈ ਕਲਪਿਤ ਨਾਂਅ ਨਹੀਂ, ਸਗੋਂ ਇਹ ਸਾਰੇ ਪਿੰਡ ਸਤੌਜ ਦੇ ਵਾਸੀ ਹਨ।
ਪਹਿਲਾਂ ਪਿੰਡ ਪ੍ਰਾਇਮਰੀ ਅਤੇ ਮਿਡਲ ਸਕੂਲ ਤੱਕ ਸੀਮਿਤ ਸੀ, ਅੱਜਕੱਲ੍ਹ ਇੱਥੇ ਹਾਈ ਸਕੂਲ ਹੈ। ਹੋਰ ਪਿੰਡਾਂ ਦੇ ਸਕੂਲਾਂ ਵਾਂਗ ਇੱਥੇ ਵੀ ਅਧਿਆਪਕਾਂ ਦੀ ਘਾਟ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਡਾਕਖਾਨਾ ਧਰਮਗੜ੍ਹ ਨਾ ਹੋਣ ਕਾਰਨ ਡਾਕ ਆਉਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਇੱਕ ਵਾਰ ਪਿੰਡ ਦੀ ਅਣਵੰਡੀ ਡਾਕ ਦੀਆਂ ਦੋ ਬੋਰੀਆਂ ਫੜੀਆਂ ਗਈਆਂ ਸਨ। ਲੋਕਾਂ ਦੀ ਮੰਗ ਹੈ ਕਿ ਪਿੰਡ ਦੀ ਡਾਕ ਚੀਮਾ ਮੰਡੀ ਨਾਲ ਜੋੜੀ ਜਾਵੇ।
ਪਿੰਡ ਨਾਲ ਖਹਿ ਕੇ ਲੰਘਦੀ ਸਰਹਿੰਦ ਚੋਅ ਦੇ ਪੁਲ ਦੀ ਉਸਾਰੀ ਕਈ ਦਹਾਕਿਆਂ ਤੋਂ ਹਵਾ ਵਿੱਚ ਲਟਕੀ ਰਹੀ। ਇਸ ਪੁਲ ਬਾਰੇ ਭਗਵੰਤ ਮਾਨ ਨੇ ਦੱਸਿਆ: ਉਦੋਂ ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ, ਜਦੋਂ ਪਿੰਡ ਦੇ ਟੂਰਨਾਮੈਂਟ ਉੱਤੇ ਸੁਖਦੇਵ ਸਿੰਘ ਢੀਂਡਸਾ ਨੇ ਆਉਣਾ ਸੀ ਅਤੇ ਪੰਚਾਇਤ ਵਾਲੇ ਮੇਰੇ ਪਿਤਾ ਦਾ ਨਾਂਅ ਲੈ ਕੇ ਕਹਿੰਦੇ, ‘‘ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਦੀ ਲਿਖਾਈ ਵਧੀਐ, ਇਸ ਤੋਂ ਲਿਖਾਓ ਮੰਗ ਪੱਤਰ।” ਇਸ ਤਰ੍ਹਾਂ ਮੈਂ ਮੰਗ ਪੱਤਰ ਲਿਖਿਆ ਤੇ ਪੜ੍ਹਿਆ ਵੀ ਸੀ। ਇਸ ਤੋਂ ਕਾਫੀ ਸਮਾਂ ਬਾਅਦ ਮੈਂ ਪਿੰਡ ਦੇ ਯੂਥ ਸਪੋਰਟਸ ਕਲੱਬ ਦਾ ਪ੍ਰਧਾਨ ਬਣਿਆ ਅਤੇ ਟੂਰਨਾਮੈਂਟ ਉੱਤੇ ਯੁੱਧਵੀਰ ਮਾਣਕ ਸਮੇਤ ਹੋਰ ਵੀ ਕਈ ਕਲਾਕਾਰ ਆਏ ਸਨ, ਤੇ ਸੁਖਦੇਵ ਸਿੰਘ ਢੀਂਡਸਾ ਦੇ ਆਉਣ ਉੱਤੇ ਮੈਂ ਫੇਰ ਮੰਗ ਪੱਤਰ ਪੜ੍ਹਦਿਆਂ ਇਸ ਪੁਲ ਦਾ ਜ਼ਿਕਰ ਕੀਤਾ, ਪਰ ਪੁਲ ਨਾ ਬਣਿਆ। ਆਖਰ ਮੇਰੇ ਪਾਰਲੀਮੈਂਟ ਮੈਂਬਰ ਬਣਦਿਆਂ ਹੀ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਪੁਲ ਸਿਰੇ ਚੜ੍ਹਿਆ।
ਇਸ ਪਿੰਡ ਦਾ ਭਗਵੰਤ ਮਾਨ ਅੱਜ ਮੁੱਖ ਮੰਤਰੀ ਹੈ। ਪਿੰਡ ਵਾਸੀਆਂ ਨੂੰ ਆਸ ਹੈ ਕਿ ਉਨ੍ਹਾਂ ਦੇ ਪਿੰਡ ਦੀਆਂ ਸਭ ਸਮੱਸਿਆਵਾਂ ਦੂਰ ਹੋ ਜਾਣਗੀਆਂ।

Have something to say? Post your comment