ਜਲੰਧਰ, 17 ਅਪ੍ਰੈਲ (ਪੋਸਟ ਬਿਊਰੋ)- ਥਾਣਾ ਤਿੰਨ ਸਾਹਮਣੇ ਗਲੀ ਵਿਚਲੇ ਘਰ ਤੋਂ ਇੱਕ ਚੋਰ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਬੜੇ ਆਰਾਮ ਨਾਲ ਫਰਾਰ ਹੋ ਗਿਆ। ਚੋਰ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ, ਜੋ ਇਕੱਲਾ ਹੀ ਬਾਈਕ ਉੱਤੇ ਆਉਂਦਾ ਦਿਖਾਈ ਦੇ ਰਿਹਾ ਹੈ।
ਕਾਰੋਬਾਰੀ ਕਮਲ ਸ਼ਰਮਾ ਵਾਸੀ ਸੈਂਟਰਲ ਟਾਊਨ ਨੇ ਦੱਸਿਆ ਕਿ ਉਨ੍ਹਾਂ ਦਾ ਥਾਣਾ ਤਿੰਨ ਸਾਹਮਣੇ ਗਲੀ ਵਿੱਚ ਪੰਜ ਨੰਬਰ ਘਰ ਹੈ। ਨੌਂ ਅਪਰੈਲ ਨੂੰ ਉਹ ਪਰਵਾਰ ਸਮੇਤ ਉਤਰਾਖੰਡ ਤੇ ਦਿੱਲੀ ਘੁੰਮਣ ਗਏ ਸਨ। ਕੱਲ੍ਹ ਸ਼ਾਮ ਜਦ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਾ ਅਤੇ ਅਲਮਾਰੀਆਂ ਦਾ ਸਾਮਾਨ ਖਿਲਰਿਆ ਪਿਆ ਸੀ ਤੇ ਸੋਨੇ-ਚਾਂਦੀ ਦੇ ਗਹਿਣੇ ਤੇ ਕੈਸ਼ ਗਾਇਬ ਸੀ। ਉਨ੍ਹਾਂ ਨੇ ਜਦ ਘਰ ਮੂਹਰੇ ਲੱਗੇ ਸੀ ਸੀ ਟੀ ਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਸ਼ਾਮ 5.24 ਵਜੇ ਇੱਕ ਨਕਾਬਪੋਸ਼ ਨੌਜਵਾਨ ਬਾਈਕ ਉੱਤੇ ਆਇਆ। ਉਸ ਨੇ ਪਹਿਲਾਂ ਘਰ ਦੇ ਬਾਹਰ ਬਾਈਕ ਰੋਕੀ ਤੇ ਤਾਲਾ ਲੱਗਾ ਦੇਖ ਕੇ ਕੁਝ ਦੂਰ ਬਾਈਕ ਖੜ੍ਹੀ ਕਰ ਕੇ ਆ ਗਿਆ। ਕਰੀਬ ਤਿੰਨ ਸੈਕਿੰਡ ਵਿੱਚ ਚੋਰ ਨੇ ਘਰ ਦਾ ਮੇਨ ਤਾਲਾ ਤੋੜਿਆ ਤੇ ਸਾਮਾਨ ਸਮੇਟ ਕੇ ਚਲਾ ਗਿਆ। ਚੋਰੀ ਦੀ ਸੂਚਨਾ ਮਿਲਦੇ ਸਾਰ ਥਾਣਾ ਤਿੰਨ ਦੀ ਪੁਲਸ ਤੇ ਫਿੰਗਰ ਐਕਸਪਰਟ ਟੀਮ ਅਤੇ ਹੋਰ ਟੈਕਨੀਕਲ ਟੀਮਾਂ ਮੌਕੇ ਉੱਤੇ ਜਾਂਚ ਲਈ ਪਹੁੰਚ ਗਈਆਂ।