Welcome to Canadian Punjabi Post
Follow us on

19

August 2022
ਸੰਪਾਦਕੀ

ਜੇ ਬਾਪੂ ਦੀ ਨਹੀਂ ਤਾਂ ਕੰਜ਼ਰਵੇਟਿਵ ਪਾਰਟੀ ਕਿਸਦੀ!

September 17, 2021 09:49 AM

ਪੰਜਾਬੀ ਪੋਸਟ ਸੰਪਾਦਕੀ

‘ਕੰਜ਼ਰਵੇਟਿਵਾਂ ਸਮੇਤ ਹਰ ਸਿਆਸੀ ਪਾਰਟੀ ਨੇ ਕੈਨੇਡੀਅਨਾਂ ਦਾ ਵਿਸ਼ਵਾਸ਼ ਗੁਆਇਆ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਹੁਣ ਅਸੀਂ ‘ਤੁਹਾਡੇ ਬਾਪੂ ਦੇ ਵੇਲੇ ਦੀ ਪਾਰਟੀ ਨਹੀਂ ਹਾਂ’। ਇਹ ਸ਼ਬਦ ਇਸ ਹਫ਼ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਿਨ ਓ ਟੂਲ ਨੇ ਚੋਣ ਪ੍ਰਚਾਰ ਦੌਰਾਨ ਆਖੇ। ਉਹਨਾਂ ਦਾ ਮਕਸਦ ਸ਼ਾਇਦ ਉਹਨਾਂ ਵੋਟਰਾਂ ਨੂੰ ਲੁਭਾਉਣਾ ਰਿਹਾ ਹੋਵੇਗਾ ਜੋ ਦੁੱਚਿਤੀ ਵਿੱਚ ਹਨ ਕਿ ਕਈ ਨਵੇਂ ਜ਼ਮਾਨੇ ਵਿੱਚ ਪੁਰਾਣੇ ਖਿਆਲਾਂ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ ਜਾਂ ਨਹੀਂ। ਉਹਨਾਂ ਦਾ ਬਿਆਨ ਸੁਆਲ ਪੈਦਾ ਕਰਦਾ ਹੈ ਕਿ ਕੀ ਪੁਰਾਣੇ ਸਿਆਸੀ ਖਿਆਲ ਮੂਲੋਂ ਹੀ ਮਾੜੇ ਹੁੰਦੇ ਹਨ ਜਾਂ ਪੁਰਾਣਿਆਂ ਤੋਂ ਸਬਕ ਸਿੱਖ ਕੇ ਕੁੱਝ ਨਵਾਂ ਉਸਾਰਨਾ ਚਾਹੀਦਾ ਹੈ।

 ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਖੇਮਿਆਂ ਵਿੱਚ ਇਹ ਗੱਲ ਕਬੂਲੀ ਜਾਣ ਲੱਗੀ ਹੈ ਕਿ ਪਾਰਟੀ 20 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਸ਼ਾਇਦ ਹੀ ਕਰ ਪਾਵੇ। ਹਾਲਾਂਕਿ ਚੋਣਾਂ ਦੇ ਐਲਾਨ ਹੋਣ ਤੋਂ ਕੁੱਝ ਹਫ਼ਤਿਆਂ ਬਾਅਦ ਤੱਕ ਆਸਾਰ ਬਣਦੇ ਵਿਖਾਈ ਦੇਂਦੇ ਰਹੇ ਕਿ ਕੰਜ਼ਰਵੇਟਿਵ ਇਸ ਵਾਰ ਲਿਬਰਲਾਂ ਨੂੰ ਮਾਤ ਦੇ ਦੇਣਗੇ। ਹੁਣ ਜਦੋਂ ਵੋਟਾਂ ਪੈਣ ਵਿੱਚ ਸਿਰਫ਼ ਤਿੰਨ ਦਿਨ ਬਾਕੀ ਹਨ ਤਾਂ ਸਿਰਫ਼ ਐਨਾ ਕਿਹਾ ਜਾ ਸਕਦਾ ਹੈ ਕਿ ਵਾਹ ਲੱਗਦੀ ਕੰਜ਼ਰਵੇਟਿਵ ਸਿਰਫ਼ ਐਨਾ ਕਰ ਸੱਕਣਗੇ ਕਿ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਕਰਨ ਵਿੱਚ ਇੱਕ ਵਾਰ ਦੁਬਾਰਾ ਅਸਫ਼ਲ ਕਰ ਦੇਣ। ਪਰ ਇਹ ਗੱਲ ਵੀ ਮਹਿਜ਼ ਸ਼ਾਇਦ ਹੀ ਹੈ। ਇਸ ਸਥਿਤੀ ਵਿੱਚ ਕੰਜ਼ਰਵੇਟਿਵ ਇਹ ਸੋਚਣ ਨੂੰ ਮਜ਼ਬੂਰ ਹੁੰਦੇ ਹਨ ਕਿ ਜਿੱਥੇ ਲਿਬਰਲ ਪਾਰਟੀ ਨੇ ਖੁਦ ਲਈ ‘ਕੈਨੇਡਾ ਦੀ ਕੁਦਰਤੀ ਰਾਜ ਕਰਨ ਦਾ ਅਧਿਕਾਰ ਰੱਖਣ ਵਾਲੀ ਪਾਰਟੀ’ ਹੋਣ ਦੀ ਭੱਲ ਰੱਖਦੀ ਹੈ, ਉੱਥੇ ਕੰਜ਼ਰਵੇਟਿਵਾਂ ਨੂੰ ਸਫਲਤਾ ਲਈ ਕਿਸੇ ਚਾਂਸ ਦੀ ਉਡੀਕ ਕਿਉਂ ਕਰਨੀ ਪੈਂਦੀ ਹੈ? ਸੁਆਲ ਇਹ ਵੀ ਹੈ ਕਿ ਕੰਜ਼ਰਵੇਟਿਵਾਂ ਨੂੰ ਸੱਤਾ ਹਾਸਲ ਕਰਨ ਦਾ ਚਾਂਸ ਲੈਣ ਲਈ ਆਪਣੀਆਂ ਕਦਰਾਂ ਕੀਮਤਾਂ ਅਤੇ ਜ਼ਮੀਨੀ ਸੋਚ ਤੋਂ ਲਗਾਤਾਰ ਦੂਰ ਹੋਣ ਦੀ ਮਜਬੂਰੀ ਕਿਉਂ ਅਖਤਿਆਰ ਕਰਨੀ ਪੈਂਦੀ ਹੈ।

ਐਰਿਨ ਓ ਟੂਲ ਅਨੁਸਾਰ ਜਦੋਂ ਬਾਪ ਵਾਲੀ ਪਾਰਟੀ ਦਾ ਖਿਆਲ ਛੱਡਣਾ ਹੈ ਤਾਂ ਇਸਦਾ ਅਰਥ ਹੈ ਕਿ ਰਿਵਾਇਤੀ ਆਰਥਿਕ, ਸਮਾਜਿਕ ਅਤੇ ਧਾਰਮਿਕ ਕਦਰਾਂ ਕੀਮਤਾਂ ਨੂੰ ਲੋੜੋਂ ਵੱਧ ਘੁੱਟ ਕੇ ਫੜ ਰੱਖਣ ਦੇ ਮੁਕਾਬਲੇ ਸਮੇਂ ਦੇ ਹਾਣੀ ਹੋਣ ਵੱਲ ਯਾਤਰਾ ਕਰਨੀ। ਸਮੇਂ ਦੇ ਹਾਣੀ ਹੋਣ ਲਈ ਪਾਰਟੀ ਨੂੰ ਗਰਭਪਾਤ, ਸਮਲਿੰਗੀ ਸ਼ਾਦੀਆਂ, ਕਰਾਈਮ ਅਤੇ ਗੰਨ ਕੰਟਰੋਲ ਵਰਗੇ ਮੁੱਦਿਆਂ ਉੱਤੇ ਲਿਬਰਲ ਪਾਰਟੀ ਅਤੇ ਐਨ ਡੀ ਪੀ ਦੇ ਮੁਕਾਬਲੇ ਖੁਦ ਨੂੰ ਪੇਸ਼ ਕਰਨਾ ਹੈ। ਲਿਬਰਲਾਂ ਅਤੇ ਐਨ ਡੀ ਪੀ ਲਈ ਨਵ-ਖਿਆਲੀ ਹੋਣ ਦਾ ਅਰਥ ਖੱਬੇ ਤੋਂ ਹੋਰ ਖੱਬੇ ਹੋਣਾ ਹੁੰਦਾ ਹੈ ਭਾਵ ਕਦਰਾਂ ਕੀਮਤਾਂ ਦੀਆਂ ਰੱਸੀਆਂ ਨੂੰ ਹੋਰ ਢਿੱਲਾ ਛੱਡਣਾ। ਇਸਦੇ ਉਲਟ ਕੰਜ਼ਰਵੇਟਵਾਂ ਦੀ ਪਹੁੰਚ ਹੱਥੋਂ ਕਿਰਦੀ ਵਸਤੂ (ਕਦਰਾਂ ਕੀਮਤਾਂ) ਨੂੰ ਇਸ ਢੰਗ ਸਾਂਭਣ ਵਾਲੀ ਹੁੰਦੀ ਹੈ ਕਿ ਪਿਛਲੀ ਪੀੜੀ ਦੁਖੀ ਨਾ ਹੋਵੇ ਅਤੇ ਨਵੀਂ ਪੀੜ੍ਹੀ ਉੱਕਾ ਹੀ ਬਾਗੀ ਨਾ ਹੋ ਜਾਵੇ। ਵੋਟਾਂ ਦੇ ਦਿਨ ਨੇੜੇ ਆਉਣ ਨਾਲ ਜੋ ਤਬਦੀਲੀ ਕੰਜ਼ਰਵੇਟਿਵ ਲੀਡਰ ਐਰਿਨ ਓ ਟੂਲ ਦੇ ਰੁਖ ਵਿੱਚ ਆਈ ਵੇਖੀ ਗਈ, ਉਸਨੂੰ ਇਸ ਪਰੀਪੇਖ ਵਿੱਚ ਹੀ ਰੱਖ ਕੇ ਸਮਝਿਆ ਜਾ ਸਕਦਾ ਹੈ।

 2019 ਵਿੱਚ ਐਂਡਰੀਊ ਸ਼ੀਅਰ ਦੀ ਹਾਰ ਦੀ ਇੱਕ ਕਾਰਣ ਇਹ ਮੰਨਿਆ ਗਿਆ ਸੀ ਕਿ ਉਹ ਲਿਬਰਲਾਂ ਵਾਲੀ ਪਹੁੰਚ ਨੇ ਨੇੜੇ ਤੇੜੇ ਹੋਣਾ ਤਾਂ ਦੂਰ ਸਗੋਂ ਵੋਟਰਾਂ ਨੂੰ ਆਪਣੀ ਸਥਿਤੀ ਵੀ ਸਹੀ ਤਰੀਕੇ ਨਹੀਂ ਸਨ ਸਮਝਾ ਸਕੇ। ਮਿਸਾਲ ਵਜੋਂ 2019 ਵਿੱਚ ਐਂਡਰੀਊ ਸ਼ੀਅਰ ਨੇ ਨਾ ‘ਪਰਾਈਡ ਪਰੇਡ’ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਅਤੇ ਨਾ ਹੀ ਇਸਦੇ ਹੱਕ ਜਾਂ ਵਿਰੋਧ ਵਿੱਚ ਕੁੱਝ ਬੋਲਿਆ। ਉਸਦੀ ਚੁੱਪ ਸਦਕਾ ਪਾਰਟੀ ਦੇ ਸੱਜੇ ਪੱਖੀ ਸਮਰੱਥਕ ਚੋਣਾਂ ਦੇ ਆਖਰੀ ਦਿਨ ਤੱਕ ਬੌਂਦਲੇ ਰਹੇ ਕਿ ਐਂਡਰੀਊ ਸ਼ੀਅਰ ਦਾ ਉਹਨਾਂ ਦੀ ਸੋਚ ਪ੍ਰਤੀ ਸਟੈਂਡ ਕੀ ਹੈ? ਐਰਿਨ ਓ ਟੈਲ ਦੇ ਹੱਕ ਵਿੱਚ ‘ਦੇਰ ਆਇਦ ਦਰੁਸਤ ਆਇਦ ਜਰੂਰ ਆਖਿਆ ਜਾ ਸਕਦਾ। ਉਸਨੇ ਬਾਪੂ ਦੀ ਪਾਰਟੀ ਤੋਂ ਵੱਖ ਹੋਣ ਦੀ ਗੱਲ ਕਰਕੇ ਆਪਣੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ ਪਰ ਇਸ ਬਿਆਨ ਨਾਲ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਹੋਰ ਬਲ ਮਿਲਿਆ ਹੈ।

ਐਰਿਨ ਓ ਟੂਲ ਦਾ ਤਬਦੀਲੀ ਦੀ ਲੋੜ ਬਾਰੇ ਖੁੱਲ ਕੇ ਬੋਲਣਾ ਸਿੱਧ ਕਰਦਾ ਹੈ ਕਿ ਬੇਸ਼ੱਕ 20 ਸਤੰਬਰ ਨੂੰ ਕੰਜ਼ਰਵੇਟਿਵ ਪਾਰਟੀ ਨੂੰ ਸੱਤਾ ਮਿਲੇ ਜਾਂ ਨਾ, ਪਰ ਕੰਜ਼ਰਵੇਟਿਵ ਪਾਰਟੀ ਤਬਦੀਲੀ ਦੇ ਰਾਹ ਤੁਰਨ ਦੀ ਤਾਂਘ ਨੂੰ ਹੋਰ ਪਰਚੰਡ ਕਰਨਾ ਹੋਵੇਗਾ। ਪਾਰਟੀ ਨੂੰ ਇਹ ਸਮਝ ਬਣਾਉਣੀ ਹੋਵੇਗੀ ਕਿ ਕੀ ਤਬਦੀਲੀ ਨੂੰ ਲਿਬਰਲਾਂ/ਐਨ ਡੀ ਪੀ ਦੇ ਪਿੱਛੇ ਲੱਗ ਕੇ ਕਬੂਲ ਕਰਨਾ ਹੈ ਜਾਂ ਖੁਦ ਤਬਦੀਲੀ ਦਾ ਕਾਰਕ ਬਣਨਾ ਹੈ। ਬਾਪੂ ਦੀ ਵਿਰਾਸਤ ਤੋਂ ਬੇਮੁਖ ਹੋਣ ਅਤੇ ਬਾਪੂ ਦੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਤਬਦੀਲੀ ਦਾ ਹਿੱਸਾ ਬਣਨ ਵਿੱਚ ਬਹੁਤ ਅੰਤਰ ਹੈ। ਚੰਗੇ ਭੱਵਿਖ ਲਈ ਇਸ ਅੰਤਰ ਨੂੰ ਸਮਝਣਾ ਕੰਜ਼ਰਵੇਟਿਵਾਂ ਦਾ ਧਰਮ ਬਣਨਾ ਚਾਹੀਦਾ ਹੈ।

Have something to say? Post your comment