Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
‘ਰੋਡਰੇਜ’ ਮਾਮਲੇ ਵਿਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਸੁਣਾਈ ਇੱਕ ਸਾਲ ਦੀ ਸਜ਼ਾਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀ
 
ਸੰਪਾਦਕੀ

ਕੋਵਿਡ ਵੈਕਸੀਨ, ਕਿਸਾਨ ਮੋਰਚਾ, ਕੈਨੇਡੀਅਨ ਸਿਆਸਤ ਅਤੇ ਤਿੜਕੀਆਂ ਮਨੋ-ਦਿਸ਼ਾਵਾਂ

March 05, 2021 06:04 PM

ਪੰਜਾਬੀ ਪੋਸਟ ਸੰਪਾਦਕੀ
ਹੇਠ ਲਿਖੀਆਂ ਕੁੱਝ ਸਥਿਤੀਆਂ ਨੂੰ ਮਨ-ਮੰਥਨ ਕਰਨ ਲਈ ਚਿੱਤ ਵਿੱਚ ਚਿਤਵਣਾ ਬਣਦਾ ਹੈ।
‘ਜੇ ਕੱਲ ਨੂੰ ਵਿਸ਼ਵ ਨੇ ਕੋਵਿਡ 19 ਉੱਤੇ ਕਾਬੂ ਪਾਇਆ ਤਾਂ ਇਸਦਾ ਵੱਡਾ ਸਿਹਰਾ ਭਾਰਤ ਦੀ ਫਰਮਾਸੀਉਟੀਕਲ ਇੰਡਸਟਰੀ ਦੀ ਬੇਇੰਤਹਾ ਮਜ਼ਬੂਤ ਸਮਰੱਥਾ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਸਿਰ ਬੱਝੇਗਾ ਜਿਸਨੇ ਭਾਰਤੀ ਸਮਰੱਥਾ ਨੂੰ ਬਾਕੀ ਵਿਸ਼ਵ ਨਾਲ ਸਾਂਝਾ ਕੀਤਾ ਹੈ’। ਇਹ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਰਿੰਦਰ ਮੋਦੀ ਲਈ ਸ਼ਲਾਘਾ ਦੇ ਸ਼ਬਦ ਹਨ। ਉਹ ਨਰਿੰਦਰ ਮੋਦੀ ਜਿਸਨੇ ਟਰੂਡੋ ਹੋਰਾਂ ਨੂੰ ਹੁਣ ਤੱਕ ਕੱਟੜਪੰਥੀਆਂ ਨੂੰ ਸਿੱਧੇ ਅਸਿੱਧੇ ਢੰਗ ਨਾਲ ਸਮਰੱਥਨ ਦੇਣ ਦੇ ਦੋਸ਼ ਹੇਠ ਵਾਹਣ ਪਾ ਕੇ ਰੱਖਿਆ ਸੀ। ਵਰਨਣਯੋਗ ਹੈ ਕਿ ਦਸੰਬਰ 2020 ਵਿੱਚ ਕਿਸਾਨਾਂ ਦੇ ਹੱਕ ਵਿੱਚ ਇੱਕ ਟਵੀਟ ਲਿਖ ਕੇ ਵਾਹ ਵਾਹ ਖੱਟਣ ਵਾਲੇ ਜਸਟਿਨ ਟਰੂਡੋ ਨੇ ਕਿਸਾਨ ਮੋਰਚੇ ਦੇ ਹੱਲ ਲਈ ਗੱਲਬਾਤ ਦਾ ਰਾਹ ਅਪਨਾਉਣ ਵਾਸਤੇ ਹਾਲ ਵਿੱਚ ਹੀ ਭਾਰਤ ਦੇ ਪ੍ਰਧਾਨ ਮੰਤਰੀ ਦੀ ਨਿੱਠ ਕੇ ਸ਼ਲਾਘਾ ਕੀਤੀ ਹੈ।

ਬੀਤੇ ਵੀਕਐਂਡ ਬਰੈਂਪਟਨ ਵਿੱਚ ਮੇਪਲ ਤਿੰਰਗਾ ਰੈਲੀ ਦਾ ਆਯੋਜਿਨ ਕੀਤਾ ਗਿਆ। ਇਸ ਰੈਲੀ ਦਾ ਮਨੋਰਥ ਭਾਰਤ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਵਾਲਿਆਂ ਦੇ ਬਰਾਬਰ ਅਖੌਤੀ ਰੂਪ ਵਿੱਚ ਭਾਰਤ ਪੱਖੀ ਆਵਾਜ਼ ਨੂੰ ਬੁਲੰਦ ਕਰਨਾ ਸੀ। ਭਾਰਤ ਪੱਖੀ ਸ਼ਬਦ ਕਿਸਾਨ ਮੋਰਚੇ ਦੇ ਸੰਦਰਭ ਵਿੱਚ ਦਿਲਚਸਪ ਹੈ ਕਿਉਂਕਿ ਭਾਰਤ ਦੀ ਰਾਜਧਾਨੀ ਵਿੱਚ ਬੈਠੇ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਹਿੱਸਿਆਂ ਤੋਂ ਆਏ ਕਿਸਾਨ ਭਾਰਤ ਵਿਰੋਧੀ ਨਹੀਂ ਹਨ ਸਗੋਂ ਉਹ ਤਾਂ ਆਪਣੇ ਵਿਦਰੋਹ ਦਾ ਕੇਂਦਰੀ ਧੁਰਾ ਹੀ ਭਾਰਤੀ ਤਿੰਰਗੇ ਨੂੰ ਲੈ ਕੇ ਬਣਾ ਰਹੇ ਹਨ।

ਬਰੈਂਪਟਨ ਸਮੇਤ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਿਸਾਨ ਪੱਖੀ ਅਤੇ ਕਿਸਾਨ ਪੱਖੀਆਂ ਦਾ ਵਿਰੋਧ ਕਰਨ ਵਾਲੇ ਦੋਵੇਂ ਗੁੱਟ ਇੱਕ ਖਾਸ ਕਿਸਮ ਦੀ ਮਾਨਸਿਕਤਾ ਅਧੀਨ ਸਰਗਰਮ ਹਨ। ਜਿੱਥੇ ਇੱਕ ਗਰੁੱਪ ਨੂੰ ਭਾਰਤ ਬਿਨਾ ਕਿਸੇ ਤਰਕ ਤੋਂ ਭਾਰਤ ਦੇ ਨਾਮ ਉੱਤੇ ਉਪੱਦਰ ਕਰਨਾ ਆਪਣਾ ਧਰਮ ਜਾਪਦਾ ਹੈ ਤਾਂ ਦੂਜੇ ਗੁੱਟ ਦੇ ਲੋਕਾਂ ਨੂੰ ਭਾਰਤ ਦੀ ਬਦਖੋਹੀ ਕਰਨਾ ਧਰਮ ਦੀ ਗੱਲ ਜਾਪਦੀ ਹੈ। ਮਜ਼ੇਦਾਰ ਗੱਲ ਇਹ ਕਿ ਦੋਵਾਂ ਧਿਰਾਂ ਨੂੰ ਆਪਣੇ ਧਾਰਨ ਕੀਤੇ ਮੁਲਕ ਕੈਨੇਡਾ ਅਤੇ ਇੱਥੇ ਦੇ ਜਨ ਜੀਵਨ ਨਾਲ ਜੁੜੇ ਮਸਲਿਆਂ ਦਾ ਖਿਆਲ ਆਉਂਦਾ ਹੀ ਨਹੀਂ। ਇੱਕ ਪਲ ਲਈ ਅਸੀਂ ਕੈਨੇਡਾ ਭਰ ਵਿੱਚ ਕਿਸਾਨਾਂ/ਭਾਰਤ ਦੇ ਹੱਕ ਜਾਂ ਵਿਰੋਧ ਵਿੱਚ ਹੋ ਰਹੀਆਂ ਰੈਲੀਆਂ ਮੁਜ਼ਾਹਰਿਆਂ ਨੂੰ ਲਾਂਭੇ ਰੱਖ ਕੇ ਸਿਰਫ਼ ਬਰੈਂਪਟਨ ਨੂੰ ਧਿਆਨ ਵਿੱਚ ਰੱਖ ਕੇ ਗੱਲ ਕਰਦੇ ਹਾਂ। ਜਿੰਨਾ ਮਨੁੱਖੀ ਸਮਾਂ, ਸ਼ਕਤੀ, ਸ੍ਰੋਤ ਅਤੇ ਸਾਧਨ ਦੋਵੇਂ ਗੁੱਟ ਆਪਸੀ ਵਿਰੋਧ ਵਿੱਚ ਲਾ ਚੁੱਕੇ ਹਨ, ਜੇ ਆਪਸੀ ਏਕੇ ਨਾਲ ਸਥਾਨਕ ਮਸਲਿਆਂ, ਯੂਨੀਵਰਸਿਟੀ, ਨਵੇਂ ਪਰਵਾਸੀਆਂ ਨਾਲ ਹੁੰਦਾ ਨਸਲੀ ਵਿਤਕਰਾ, ਪੀਲ ਸਕੂਲ ਵਿੱਚ ਨਸਲੀ ਪਾਲਸੀ ਆਦਿ ਮੁੱਦਿਆਂ ਉੱਤੇ ਲਾਏ ਹੁੰਦੇ ਤਾਂ ਨਤੀਜੇ ਕੁੱਝ ਵੱਖਰੇ ਹੋਣੇ ਸਨ।

ਸੰਭਵ ਹੈ ਕਿ ਇਸ ਸੋਚ ਨੂੰ ਕਈ ਲੋਕ ਡਰਾਕਲ ਜਾਂ ਗੱਦਾਰ ਭਾਵਨਾ ਵਾਲੀ ਗੱਲ ਆਖਣਗੇ ਪਰ ਨੁਕਤਾ ਕਿਸੇ ਧਿਰ ਨੂੰ ਗਲਤ ਜਾਂ ਸਹੀ ਠਹਿਰਾਉਣਾ ਨਹੀਂ ਸਿਰਫ਼ ਇੱਕ ਦ੍ਰਿਸ਼ਟੀਕੋਣ ਪੇਸ਼ ਕਰਨਾ ਹੈ। ਆਖਰ ਨੂੰ ਭਾਰਤ ਛੱਡ ਕੇ ਆਏ ਲੋਕ ਕੈਨੇਡਾ ਬਾਰੇ ਉੱਨਾ ਫਿ਼ਕਰਮੰਦ ਕਿਉਂ ਨਹੀਂ ਜਿੰਨਾ ਪਿੱਛੇ ਦੇ ਹੇਰਵੇ ਨੂੰ ਲੈ ਕੇ ਹਨ? ਖਾਸਕਰਕੇ ਉਹਨਾਂ ਗੱਲਾਂ ਦਾ ਜਿਹਨਾਂ ਨਾਲ ਪਿਛਲਿਆਂ ਦਾ ਕੋਈ ਲੈਣਾ ਦੇਣਾ ਨਹੀਂ। ਪਰ ਨਾਂਹਪੱਖੀ ਵਿਚਾਰਾਂ ਕਾਰਣ ਵੱਡੀ ਗਿਣਤੀ ਵਿੱਚ ਲੋਕ ਮਾਨਸਿਕ ਰੋਗਾਂ ਤੋਂ ਗ੍ਰਸਤ ਹੋ ਚੁੱਕੇ ਹਨ। ਸੋਸ਼ਲ ਮੀਡੀਆ ਉੱਤੇ ਦਿਨ ਰਾਤ ਚੱਲਦੇ ਬਿਰਤਾਂਤ ਮਨ ਨੂੰ ਸ਼ਾਂਤ ਕਰਨ ਦੀ ਥਾਂ ਉਤੇਜਿਤ ਕਰਦੇ ਹਨ। ‘ਮਨ ਪਰਦੇਸੀ ਜੇ ਥੀਐ ਤਾਂ ਸਭੁ ਦੇਸ ਪਰਾਇਆ’ ਦਾ ਅਮਰ ਕਥਨ ਬਰੈਂਪਟਨ ਕਮਿਉਨਿਟੀ ਜਾਂ ਕੈਨੇਡਾ ਵੱਸਦੇ ਭਾਰਤੀ ਮੂਲ ਦੇ ਭਾਈਚਾਰੇ ਦੀ ਮਾਨਸਿਕ ਦਸ਼ਾ ਦੀ ਕਿੰਨੀ ਸਹੀ ਤਰਜਮਾਨੀ ਕਰਦਾ ਹੈ।

ਹੁਣ ਇੱਕ ਗੱਲ ਸਿਆਸਤੀ ਰੁਝਾਨਾਂ ਦੀ। ਜਸਟਿਨ ਟਰੂਡੋ ਹੋਰਾਂ ਨੇ ਕਦੇ ਕਿਸਾਨ ਮੋਰਚੇ ਦੇ ਹੱਕ ਵਿੱਚ ਨਾਅਰਾ ਲਾਇਆ ਸੀ ਜਿਸ ਬਦਲੇ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਉਸਦਾ ਰਹਿ ਰਹਿ ਕੇ ਧੰਨਵਾਦ ਕੀਤਾ। ਉਸਨੂੰ ਜਸਟਿਨ ਟਰੂਡੋ ਦੀ ਥਾਂ ‘ਜੱਟ ਟਰੂਡੋ’ ਦਾ ਖਿਤਾਬ ਦਿੱਤਾ ਗਿਆ। ਪਰ ਇਹ ਕਿਵੇਂ ਕਿ ਹੁਣ ਟਰੂਡੋ ਆਪਣੀ ਜੱਟ ਪੱਟੜੀ ਛੱਡ ਕੇ ਕਿਸੇ ਹੋਰ ਟਰੈਕ ਉੱਤੇ ਚੜ ਚੁੱਕੇ ਹਨ? ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓ ਟੂਲ ਦੋ ਦਿਨ ਪਹਿਲਾਂ ਨੈਸ਼ਨਲ ਪੋਸਟ ਵਿਚ ਜਨਤਕ ਆਰਟੀਕਲ ਲਿਖ ਕੇ ਟਰੂਡੋ ਉੱਤੇ ਦੋਸ਼ ਲਾ ਚੁੱਕਾ ਹੈ ਕਿ ਉਸਨੂੰ ਭਾਰਤ ਨਾਲ ਸਬੰਧਾਂ ਲਈ ਹੋਰ ਵਧੇਰੇ ਹੰਭਲੇ ਮਾਰਨੇ ਚਾਹੀਦੇ ਹਨ। ਭਾਵ ਕੰਜ਼ਰਵੇਟਿਵ ਪਾਰਟੀ ਭਾਰਤ ਨਾਲ ਚੰਗੇ ਸਬੰਧਾਂ ਦੀ ਖਵਾਹਿਸ਼ ਪਸੰਦ ਹੈ।

ਅਜਿਹੀ ਬਦਲਵੀਂ ਸਿਆਸੀ ਸਥਿਤੀ ਦੀ ਪਿੱਠਭੂਮੀ ਵਿੱਚ ਕੈਨੇਡੀਅਨ ਪਬਲਿਕ ਸਰਵਿਸਜ਼ ਮੰਤਰੀ ਅਨੀਤਾ ਆਨੰਦ ਦੀ ਭਾਰਤ ਤੋਂ ਕੋਵਿਡ ਵੈਕਸੀਨ ਪ੍ਰਾਪਤ ਕਰਨ ਵਿੱਚ ਨਿਭਾਏ ਰੋਲ ਲਈ ਕਾਰਣ ਹੋਈ ਚੜਤ ਆਉਣ ਵਾਲੇ ਸਿਆਸੀ ਸਮੀਕਰਣਾਂ ਵੱਲ ਸ਼ਕਤੀਸ਼ਾਲੀ ਸੰਕੇਤ ਹੈ। ਨਵਦੀਪ ਬੈਂਸ ਦਾ ਅਸਤੀਫਾ ਅਤੇ ਹਰਜੀਤ ਸੱਜਣ ਦੇ ਅਕਸ ਦਾ ਥੱਲੇ ਡਿੱਗਣਾ ਲਿਬਰਲ ਪਾਰਟੀ ਵਿੱਚ ਪੰਜਾਬੀ ਸਿੱਖ ਸਮੀਕਰਣਾਂ ਦੀ ਉਧੇੜ ਬੁਣ ਵਿੱਚ ਵੱਡਾ ਰੋਲ ਅਦਾ ਕਰਨਗੇ।

ਇਸ ਸੱਭ ਕਾਸੇ ਦੇ ਮੱਦੇਨਜ਼ਰ ਇੱਕ ਹੋਰ ਗੱਲ ਧਿਆਨ ਹਿੱਤ ਰੱਖਣੀ ਬਣਦੀ ਹੈ। ਨਾ ਤਾਂ ਹੁਣ ਭਾਰਤ ਪਹਿਲਾਂ ਵਰਗਾ ਕਮਜ਼ੋਰ ਮੁਲਕ ਹੈ ਅਤੇ ਨਾ ਹੀ ਸਿੱਖ ਇੱਕ ਘੱਟ ਗਿਣਤੀ ਵਰਗ ਵਜੋਂ ਇੱਕ ਖਾਸ ਖਿੱਤੇ ਵਿੱਚ ਸੀਮਤ ਰਹਿ ਚੁੱਕੇ ਲੋਕ ਹਨ। ਦੋਵੇਂ ਵਿਸ਼ਵ ਭਰ ਵਿੱਚ ਆਪੋ ਆਪਣੇ ਢੰਗ ਨਾਲ ਹਸਤੀ ਰੱਖਦੇ ਹਨ ਅਤੇ ਇੱਕ ਦੂਜੇ ਦੇ ਪੂਰਕ ਹਨ। ਦੋਵਾਂ ਦੀ ਖੈਰੀਅਤ ਚਾਹੁਣ ਵਾਲਿਆਂ ਨੂੰ ਆਪਣੇ ਮਨਾਂ ਵਿੱਚ ਝਾਤੀ ਮਾਰਨ ਦੀ ਲੋੜ ਹੈ। ਵਿਸ਼ੇਸ਼ ਕਰਕੇ ਇਸ ਲਈ ਕਿ ਕੈਨੇਡਾ ਸਰਕਾਰ, ਕੈਨੇਡੀਅਨ ਲੋਕ, ਭਾਰਤੀ ਕਿਸਾਨ ਜਾਂ ਸਮੁੱਚਾ ਭਾਰਤ ਵਿਰੋਧ ਦੀ ਧੁਨ ਲੈ ਕੇ ਚੱਲਣ ਵਾਲੇ ਦੋਵਾਂ ਗੁੱਟਾਂ ਨੂੰ ਕਦੇ ਵੀ ਜਨਤਕ ਰੂਪ ਵਿੱਚ ਆਪਣਾ ਕਹਿਣ ਨੂੰ ਤਿਆਰ ਨਹੀਂ ਹੋਣਗੇ।

 
Have something to say? Post your comment