Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਸੰਪਾਦਕੀ

ਟਰੰਪ ਅਤੇ ਉਸਦੇ ਖੈਰਖ਼ਾਹਾਂ ਦਾ ਸੁੰਗੜਿਆ ਸੰਸਾਰ

January 08, 2021 08:13 AM

ਪੰਜਾਬੀ ਪੋਸਟ ਸੰਪਾਦਕੀ

1835 ਵਿੱਚ ਫਰਾਂਸ ਸਰਕਾਰ ਵੱਲੋਂ ਇੱਕ ਪੁਸਤਕ ਲਿਖਵਾਈ ਗਈ ਜਿਸਦਾ ਨਾਮ Democracy in America ਭਾਵ ਅਮਰੀਕਾ ਵਿੱਚ ਲੋਕਤੰਤਰ ਸੀ। ਇਸ ਪੁਸਤਕ ਨੂੰ ਕੈਂਬਰਿਜ਼, ਆਕਸਫੋਰਡ ਅਤੇ ਪ੍ਰਿੰਸਟਨ ਵਰਗੀਆਂ ਨਾਮੀ ਯੂਨੀਵਰਸਟੀਆਂ ਸਮੇਤ ਅਮਰੀਕਾ ਅਤੇ ਯੂਰਪ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਂਦਾ ਹੈ। ਹਾਰਵਾਰਡ ਦੇ ਪ੍ਰੋਫੈਸਰ ਹਾਰਵੀ ਮੈਨਸਫੀਲਡ ਮੁਤਾਬਕ Democracy in Americaਲੋਕਤੰਤਰ ਉੱਤੇ ਲਿਖੀ ਗਈ ਅੱਜ ਤੱਕ ਦੀ ਸੱਭ ਤੋਂ ਅਹਿਮ ਕਿਤਾਬ ਹੈ ਅਤੇ ਅਮਰੀਕਾ ਦੇ ਲੋਕਤੰਤਰ ਬਾਰੇ ਇੱਕ ਅਤੀ ਸੁੰਦਰ ਅਤੇ ਉੱਤਮ ਟਿੱਪਣੀ ਹੈ। ਦੋ ਭਾਗਾਂ ਵਿੱਚ ਲਿਖੀ ਇਸ ਪੁਸਤਕ ਵਿੱਚ ਲੇਖਕ ਅਲੈਕਸਿਸ ਡੀ ਟਕਜ਼ਵਿੱਲ (Alexis de Tocqueville) ਨੇ ਕੁੱਝ ਭੱਵਿਖਬਾਣੀਆਂ ਵਿੱਚ ਕੀਤੀਆਂ ਗਈਆਂ ਸਨ। ਇੱਕ ਭੱਵਿਖਬਾਣੀ ਸੀ ਕਿ ਲੋਕਤੰਤਰ ਇੱਕ ਅਜਿਹਾ ਢਾਂਚਾ ਹੈ ਜਿਸ ਵਿੱਚ ਸਮਾਂ ਪਾ ਕੇ ਲੁਕਵੀਂ/ਅਸਿੱਧੀ ਤਾਨਾਸ਼ਾਹੀ ਅਤੇ ਬਹੁਗਿਣਤੀ ਹਾਸਲ ਕਰਨ ਦੇ ਨਾਮ ਉੱਤੇ ਅੱਤਿਆਚਾਰ ਕਰਨ ਵਾਲਿਆਂ ਦੇ ਹੱਥ ਭਾਰੀ ਹੁੰਦੇ ਜਾਂਦੇ ਹਨ। ਪਰਸੋਂ ਅਮਰੀਕਾ ਦੀ ਰਾਜਧਾਨੀ ਦੇ ਮੰਦਰ ਭਾਵ ਕੈਪੀਟੋਲ ਹਿੱਲ ਉੱਤੇ ਜਿਸ ਕਿਸਮ ਦਾ ਹਮਲਾ ਰਾਸ਼ਟਰਪਤੀ ਡੋਨਾਲਟ ਟਰੰਪ ਦੇ ਸਮਰੱਥਕਾਂ ਵੱਲੋਂ ਕੀਤਾ ਗਿਆ, ਉਹ ਅਮਰੀਕਾ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਲੋਕਤੰਤਰ ਨੂੰ ਖੜੇ ਹੋਣ ਵਾਲੇ ਖ਼ਤਰਿਆਂ ਦਾ ਸੂਚਕ ਹੈ।

ਇਹ ਗੱਲ ਕਿੰਨੀ ਹਾਸੋਹੀਣੀ ਜਾਪਦੀ ਹੈ ਕਿ ਡੋਨਾਲਡ ਟਰੰਪ ਉਸ ਪਾਰਟੀ ਦਾ ਸਰਬਰਾਹ ਹੈ ਜਿਸਦੀ ਡੋਰ ਕਿਸੇ ਵੇਲੇ ਇਬਰਾਹੀਮ ਲਿੰਕਨ ਦੇ ਹੱਥਾਂ ਵਿੱਚ ਹੁੰਦੀ ਸੀ। ਉਹ ਲਿੰਕਨ ਜੋ ਰੀਪਬਲੀਕਨ ਪਾਰਟੀ ਦੇ ਬਾਨੀਆਂ ਵਿੱਚ ਇੱਕ ਸੀ। ਮਾਰਚ 1854 ਵਿੱਚ ਉਹਨਾਂ ਇਸ ਪਾਰਟੀ ਦਾ ਨਾਮ ਰੀਪਬਲੀਕਨ ਨਾਮ ਇਸ ਲਈ ਚੁਣਿਆਂ ਸੀ ਤਾਂ ਜੋ ਪਬਲਿਕ ਦੁਆਰਾ ਚੁਣੇ ਹੋਏ ਲੋਕ ਗਣਤੰਤਰ ਦੀ ਭਾਵਨਾ ਨੂੰ ਸਦਾ ਲਈ ਚੇਤੇ ਰੱਖਣ ਅਤੇ ਉਸਦੀ ਰਖ਼ਵਾਲੀ ਕਰਨ। ਟਰੰਪ ਨੂੰ ਇਸ ਗੱਲ ਦਾ ਸਿਹਰਾ ਦਿੱਤਾ ਜਾ ਸਕਦਾ ਹੈ ਕਿ ਉਸਨੇ ਲਿੰਕਨ ਦੀ ਵਿਰਾਸਤ ਦੀਆਂ ਧੱਜੀਆਂ ਉਡਾ ਕੇ ਅਲੈਕਸਿਸ ਡੀ ਟਕਜ਼ਵਿੱਲ ਵੱਲੋਂ ਕੀਤੀ ਗਈ ਭੱਵਿਖਬਾਣੀ ਨੂੰ ਸੱਚ ਸਾਬਤ ਕਰ ਦਿੱਤਾ ਹੈ। ਅਸਲ ਵਿੱਚ ਟਰੰਪ ਕਿਸੇ ਕਿਸਮ ਦੀ ਸਿਆਸਤੀ ਲਹਿਰ ਦਾ ਇੱਕ ਚਿਹਰਾ ਮੁਹਰਾ ਨਹੀਂ ਸਗੋਂ ਇੱਕ ਤਿੜਕੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ। ਦੁੱਖ ਦੀ ਗੱਲ ਇਹ ਇਹ ਇਸ ਮਾਨਸਿਕਤਾ ਵਿੱਚ ਵਿਸ਼ਵ ਭਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਡੋਨਾਲਡ ਟਰੰਪ ਨੇ ਚੋਣਾਂ ਵਿੱਚ ਕੰਧ ਉੱਤੇ ਲਿਖੀ ਹਾਰ ਨੂੰ ਸਵੀਕਾਰ ਕਰਨ ਦੀ ਥਾਂ ਜੋ ਰਾਹ ਅਖਿਤਿਆਰ ਕੀਤਾ, ਉਸਨੂੰ ਸਿਰਫ਼ ਟਰੰਪ ਵਰਤਾਰਾ ਕਰਕੇ ਖਾਰਜ ਨਹੀਂ ਕੀਤਾ ਜਾ ਸਕਦਾ। ਇਹ ਤਾਂ ਸਗੋਂ ਇੱਕ ਗੰਭੀਰ ਸਮੱਸਿਆ ਹੈ ਜਿੱਥੇ ਲੋਕਤੰਤਰ ਪ੍ਰਕਿਰਿਆ ਦੀ ਪਰਵਾਹ ਨਾ ਕਰਨ ਵਾਲੇ ਲੋਕ ਰਾਏ ਨੂੰ ਮਿੱਟੀ ਕਰਨਾ ਆਪਣਾ ਹੱਕ ਸਮਝਦੇ ਹਨ। ਬੀਤੇ ਸਾਲਾਂ ਦੌਰਾਨ ਖਾਸ ਕਰਕੇ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵਿਸ਼ਵ ਦੇ ਵੱਖ 2 ਹਿੱਸਿਆਂ ਵਿੱਚ ਕਿੰਨੇ ਹੀ ਅਜਿਹੇ ਸਾਸ਼ਕ ਚੋਣਾਂ ਜਿੱਤ ਕੇ ਸੱਤਾ ਉੱਤੇ ਕਾਬਜ਼ ਹੋਏ ਹਨ ਜਿਹਨਾਂ ਦਾ ਲੋਕ ਭਲਾਈ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ ਹੁੰਦਾ। ਰੂਸ, ਤੁਰਕੀ, ਇਜ਼ਰਾਈਲ, ਹੰਗਰੀ, ਪੋਲੈਂਡ, ਅਤੇ ਅਮਰੀਕਾ ਇਸਦੀਆਂ ਤਾਜ਼ਾ ਮਿਸਾਲਾਂ ਹਨ। ਇਵੇਂ ਹੀ ਜਾਪਾਨ, ਕੈਨੇਡਾ, ਆਸਟਰੀਆ, ਬ੍ਰਿਟੇਨ, ਭਾਰਤ ਅਤੇ ਆਸਟਰੇਲੀਆ ਆਦਿ ਵਿੱਚ ਇਹਨਾਂ ਰੁਝਾਨਾਂ ਨੂੰ ਸਪੱਸ਼ਟ ਵੇਖਿਆ ਜਾ ਸਕਦਾ ਹੈ। ਚੀਨ ਦੀ ਤਾਂ ਖੈਰ ਗੱਲ ਸਪਸ਼ੱਟ ਹੀ ਹੈ। ਜਰਮਨੀ ਵਿੱਚ ਦਹਾਕਿਆਂ ਬਾਅਦ ਸੱਜੇ ਪੱਖੀ ਗੁੱਟਾਂ ਦੇ ਮੈਂਬਰ ਪਾਰਲੀਮੈਂਟ ਵਿੱਚ ਜਾ ਸਜੇ ਹਨ। ਜਿਹਨਾਂ ਮੁਲਕਾਂ ਵਿੱਚ ਤਾਨਾਸ਼ਾਹੀ ਰਾਜ ਹਨ ਜਾਂ ਜਿੱਥੇ ਲੋਕਤੰਤਰ ਢਾਂਚਾ ਵੈਸੇ ਹੀ ਕਮਜ਼ੋਰ ਹੈ, ਉੱਥੇ ਦੇ ਹਾਲਾਤਾਂ ਬਾਰੇ ਕੀ ਆਖਣਾ ਹੋਇਆ।

ਟਰੰਪ ਦੀ ਮਾਨਸਿਕਤਾ ਦੇ ਉਲਟ ਤਾਂ ਸਾਡੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਕਿਸਾਨ ਧੀਰਜ, ਠੰਰਮੇ ਅਤੇ ਹੌਸਲੇ ਵਾਲੇ ਹਨ ਜੋ ਆਪਣੇ ਵਾਜਬ ਹੱਕਾਂ ਲਈ ਅਮਨ ਸ਼ਾਂਤੀ ਨਾਲ ਧਰਨੇ ਦੇ ਰਹੇ ਹਨ। ਵਕਤ ਹੈ ਕਿ ਵਿਸ਼ਵ ਆਗੂ ਸਾਡੇ ਕਿਸਾਨਾਂ ਕੋਲੋਂ ਸਬਕ ਸਿੱਖਣ ਜਿਹਨਾਂ ਨੂੰ ਗੰਵਾਰ, ਅਤਿਵਾਦੀ ਆਖ ਕੇ ਬਦਨਾਮ ਕੀਤਾ ਜਾਂਦਾ ਹੈ। ਆਮ ਕਰਕੇ ਅਸੀਂ ਅਖੌਤੀ ਵੱਡਿਆਂ ਨੂੰ ਵੇਖਦੇ ਆਪਣੇ ਨਿੱਜੀ ਗੁਣਾਂ ਨੂੰ ਵਿਸਾਰ ਬੈਠਦੇ ਹਾਂ ਜਦੋਂ ਕਿ ਲੋੜ ਹੱਕ ਸੱਚ ਲਈ ਲੜਨ ਵਾਲੇ ਬਹਾਦਰ ਆਮ ਲੋਕਾਂ ਤੋਂ ਸੇਧ ਲੈਣ ਦੀ ਹੁੰਦੀ ਹੈ। ਪਰ ਅਜਿਹਾ ਹੁੰਦਾ ਕਿੱਥੇ ਹੈ? ਜੇ ਅਜਿਹਾ ਹੋਵੇ ਤਾਂ ਟਰੰਪ ਨੂੰ ਆਪਣਾ ਖਾਸ ਦੋਸਤ ਕਰਾਰ ਦੇਣ ਵਾਲਾ ਨਰਿੰਦਰ ਮੋਦੀ ਨਿਮਰਤਾ ਨਾਲ ਕਿਸਾਨਾਂ ਕੋਲ ਆ ਕੇ ਮੁਆਫ਼ੀ ਮੰਗ ਲਵੇ। ਉੱਤਮ ਗੁਣਾਂ ਨਾਲ ਲਬਰੇਜ਼ ਕਿਸਾਨਾਂ ਤੋਂ ਇਹ ਆਸ ਰੱਖੀ ਜਾ ਸਕਦੀ ਹੈ ਕਿ ਮੁਆਫ਼ੀ ਮੰਗਣ ਆਏ ਮੋਦੀ ਨੂੰ ਪਰੇਮ ਨਾਲ ਗਲੇ ਲਾ ਲੈਣ। ਪਰ ਕੱਟੜ ਸੋਚ ਵਾਲੇ ਹਾਕਮਾਂ ਵਿੱਚ ਪਰੇਮ ਦੀ ਆਸ ਰੱਖਣਾ ਵੀ ਤਾਂ ਪਾਣੀ ਦੇ ਨਿਵਾਣ ਤੋਂ ਉਚਾਣ ਵੱਲ ਜਾਣ ਦੀ ਆਸ ਕਰਨ ਬਰਾਬਰ ਹੈ।

 
Have something to say? Post your comment