Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਸੰਪਾਦਕੀ

ਭਾਰਤ ਵਿੱਚ ਕਿਸਾਨੀ ਸੰਘਰਸ਼: ਏਹ ਬਾਤ ਨਿਰੀ ਐਨੀ ਨਹੀਂ

December 04, 2020 08:36 AM

ਪੰਜਾਬੀ ਪੋਸਟ ਸੰਪਾਦਕੀ

ਭਾਰਤ ਵਿੱਚ ਚੱਲ ਰਿਹਾ ਕਿਰਸਾਣੀ ਦਾ ਸੰਘਰਸ਼ ਇੱਕ ਯੁੱਗ ਸੰਘਰਸ਼ ਹੈ। ਇਸ ਸੰਘਰਸ਼ ਨੇ ਹਰ ਉਸ ਭਾਰਤੀ ਖਾਸ ਕਰਕੇ ਪੰਜਾਬੀ ਦਾ ਦਿਲ ਟੂੰਬਿਆ ਹੈ ਜਿਸਨੂੰ ਧਰਤੀ ਮਾਂ ਦੇ ਕਰਜ਼ ਦਾ ਫਿ਼ਕਰ ਹੈ। ਜਿਸਨੂੰ ਫਿ਼ਕਰ ਹੈ ਕਿ ਕਿਸੇ ਦਿਨ ਇੱਕ ਇੱਕ ਦਾਣੇ ਦਾ ਲੇਖਾ ਜੋਖਾ ਦਾਤੇ ਦੇ ਦਰਬਾਰ ਦੇਣਾ ਪਵੇਗਾ, ਜਿਸਨੂੰ ਫਿ਼ਕਰ ਹੈ ਕਿ ਕਣਕ ਚਾਵਲ ਦੀ ਕੋਈ ਜਾਤ ਨਹੀਂ ਹੁੰਦੀ ਅਤੇ ਗੁੜ ਸ਼ਕਰ ਦਾ ਗੋਤ ਨਹੀਂ ਹੁੰਦਾ। ਸਗੋਂ ਇਹਨਾਂ ਰੱਬੀ ਦਾਤਾਂ ਨੂੰ ਆਮ ਖਲਕਤ ਲਈ ਮੁਹਈਆ ਕਰਨ ਵਾਸਤੇ ਕੁਦਰਤ ਨੇ ਕਿਸਾਨ ਨੂੰ ਆਪਣੀ ਬਖ਼ਸਿ਼ਸ਼ ਨਾਲ ਨਿਵਾਜਿਆ ਹੁੰਦਾ ਹੈ। ਆਖਰ ਨੂੰ ਮਨੁੱਖੀ ਜੀਵਨ ਕਰਮਾਂ ਸੰਦੜਾ ਖੇਤ ਹੀ ਤਾਂ ਹੈ। ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰ਼ਸ ਦੀ ਜੜ ਇਸ ਫਿ਼ਕਰ ਵਿੱਚ ਲੁਕੀ ਹੋਈ ਹੈ ਕਿ ਸਮੇਂ ਦੇ ਹਾਕਮ ਖੁਦ ਨੂੰ ਦਾਤਾ ਸਮਝ ਕਿਸਾਨ ਨੂੰ ਪੈਰਾਂ ਥੱਲੇ ਰੋਲਣ ਦੀ ਗੁਸਤਾਖ਼ੀ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਬੇਸ਼ੱਕ ਇਸ ਅੰਦੋਲਨ ਵਿੱਚ ਪੰਜਾਬੀ ਕਿਸਾਨ ਮੋਹਰੀ ਰੋਲ ਅਦਾ ਕਰ ਰਹੇ ਹਨ, ਪਰ ਇਹ ਸੰਘਰਸ਼ ਸਿਰਫ਼ ਪੰਜਾਬੀ ਜਦੋਜਹਿਦ ਨਹੀਂ। ਇਹ ਸੰਘਰਸ਼ ਤਾਂ ਵਿਸ਼ਵ ਦੇ ਹਰ ਖਿੱਤੇ ਵਿੱਚ ਆਪਣੇ ਹੱਕ ਸੱਚ ਲਈ ਜੂਝਣ ਵਾਲੇ ਮਨੁੱਖ ਦੀ ਜਦੋਜਹਿਦ ਦਾ ਪ੍ਰਤੀਕ ਹੈ। ਇਸ ਦਰਦ ਦੀ ਮਾਰਮਿਕਤਾ ਅਤੇ ਵਿਸ਼ਾਲਤਾ ਨੂੰ ਆਮ ਕਲਮ ਦੁਆਰਾ ਲੱਖਾਂ ਹਜ਼ਾਰਾਂ ਸ਼ਬਦਾਂ ਵਿੱਚ ਵੀ ਪਰੋਇਆ ਨਹੀਂ ਜਾ ਸਕਦਾ, ਪਰ ਅਜੋਕੇ ਸਮਿਆਂ ਦੇ ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਅੱਖਰ ਜਰੂਰ ਪਰੀਭਾਸਿ਼ਤ ਕਰਨ ਵਿੱਚ ਸਫ਼ਲ ਹੁੰਦੇ ਹਨ:

‘ਏਹ ਬਾਤ ਨਿਰੀ ਐਨੀ ਹੀ ਨਹੀਂ, ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ,

ਇਹ ਪਿੰਡ ਦੇ ਵੱਸਦੇ ਰਹਿਣ ਦਾ ਏ, ਜਿਹਨੂੰ ਤੌਖਲਾ ਉੱਜੜ ਜਾਣ ਦਾ ਏ।

 

ਇਹ ਬਾਤ ਨਿਰੀ ਖੇਤਾਂ ਦੀ ਨਹੀਂ, ਇਹ ਗੱਲ ਤਾਂ ਸਫਿ਼ਆਂ ਦੀ ਵੀ ਹੈ,

ਅੱਖਰ ਨੇ ਜਿਹਨਾਂ ਦੇ ਬੀਜਾਂ ਜਿਹੇ, ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ।

ਮੈਨੂੰ ਫਿ਼ਕਰ ਲਾਲੋ ਦੇ ਕੋਧਰੇ ਦਾ, ਤੈਨੂੰ ਭਾਗੋ ਦੇ ਪਕਵਾਨ ਦਾ ਏ,

ਏਹ ਬਾਤ ਨਿਰੀ ਐਨੀ ਹੀ ਨਹੀਂ, ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ।

 

ਆਖੀ ਸੀ ਕਦੇ ਕਿਸੇ ਪੁਰਖੇ ਨੇ, ਉਹ ਬਾਤ ਅਜੇ ਤੱਕ ਹੈ ਸੱਜਰੀ

ਨਹੀਂ ਕੰਮ ਥਕਾਉਂਦਾ ਬੰਦੇ ਨੂੰ, ਬੰਦੇ ਨੂੰ ਥਕਾਉਂਦੀ ਹੈ ਬੇਕਦਰੀ,

ਇਹ ਦੁੱਖ ਉਸੇ ਬੇਕਦਰੀ ਦਾ, ਇਹ ਸੱਲ ਉਸੇ ਅਪਮਾਨ ਦਾ ਏ

ਏਹ ਬਾਤ ਨਿਰੀ ਐਨੀ ਹੀ ਨਹੀਂ ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ।

 

ਤੇਰੇ ਨਾਲ ਅਮੀਰ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ

ਰਵਿਦਾਸ ਕਬੀਰ ਫਰੀਦ ਖੜੇ, ਨਾਨਕ ਸ਼ਾਹ ਫ਼ਕੀਰ ਖੜੇ,

ਮੇਰਾ ਨਾਮਦੇਵ ਮੇਰਾ ਧੰਨਾ ਵੀ, ਮੈਨੂੰ ਮਾਣ ਇਸ ਸ਼ਾਨ ਦਾ ਏ

ਏਹ ਬਾਤ ਨਿਰੀ ਐਨੀ ਹੀ ਨਹੀਂ ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ।

 

ਸੁਰਜੀਤ ਪਾਤਰ ਦੀ ਕਿਸਾਨੀ ਮਸਲੇ ਬਾਰੇ ਉਪਰੋਕਤ ਸਤਰਾਂ ਦਰਸਾਉਂਦੀਆਂ ਹਨ ਕਿ ਕੈਨੇਡਾ ਵਿੱਚ ਯੂਕੋਨ ਤੋਂ ਲੈ ਕੇ ਵਿਕਟੋਰੀਆ, ਸਰੀ ਤੋਂ ਬਰੈਂਪਟਨ ਅਤੇ ਹੈਲੀਫੈਕਸ ਤੋਂ ਓਟਾਵਾ ਤੱਕ ਕਿਸਾਨੀ ਦਰਦ ਤੋਂ ਪੀੜਤ ਭਾਰਤੀ ਮੂਲ ਦੇ ਲੋਕ ਕਿਉਂ ਸੜਕਾਂ ਉੱਤੇ ਉੱਤਰੇ ਹੋਏ ਹਨ। ਇਹਨਾਂ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀ, ਨਵੇਂ ਆਏ ਪਰਵਾਸੀ, ਸਿਆਸਤਦਾਨ ਅਤੇ ਕਲਾਵਾਂ ਨਾਲ ਜੁੜੇ ਸੰਵੇਦਨਸ਼ੀਲ ਕਲਾਕਾਰ ਲੋਕ ਸ਼ਾਮਲ ਹਨ। ਸੱਭਨਾਂ ਦਾ ਦਰਦ ਅੰਨਦਾਤਾ ਦੇ ਦੁੱਖ ਨੂੰ ਨਾ ਸਮਝਣ ਦੀ ਬੇਵਕੂਫੀ ਨੂੰ ਲੈ ਕੇ ਹੈ। ਕੋਈ ਸ਼ੱਕ ਨਹੀਂ ਕਿ ਅਸਲੀ ਕਿਸਾਨੀ ਮਸਲੇ ਭਾਰਤ ਸਰਕਾਰ ਵੱਲੋਂ ਤਵਜ਼ੀਵਸ਼ੁਦਾ ਤਿੰਨ ਕਾਨੂੰਨਾਂ ਨਾਲੋਂ ਕਿਤੇ ਪੁਰਾਣੇ, ਕਿਤੇ ਵੱਡੇ ਅਤੇ ਕਿਤੇ ਗੰਭੀਰ ਹਨ ਪਰ ਅੱਜ ਉੱਠੀ ਲਹਿਰ ਸਮੇਂ ਦੀ ਸਰਕਾਰ ਲਈ ਇੱਕ ਚੁਣੌਤੀ ਜਰੂਰ ਹੈ। ਕਿਸੇ ਵੇਲੇ ਕਰਤਾਰ ਸਿੰਘ ਸਰਾਭਾ ਵੀ ਨੌਰਥ ਅਮਰੀਕਾ ਵਿੱਚ ਪੜਨ ਅਤੇ ਰੁਜ਼ਗਾਰ ਕਰਨ ਆਇਆ ਸੀ ਪਰ ਪਰਤਿਆ ਸੀ ਇੱਕ ਪੂਰੇ ਦਾ ਪੂਰਾ ਅੰਦੋਲਨ ਵਾਪਸ ਲੈ ਕੇ। ਇਹ ਸੰਭਾਵਨਾ ਤੋਂ ਕਿਵੇਂ ਇਨਕਾਰ ਕੀਤਾ ਜਾ ਸਕਦਾ ਹੈ ਕਿ ਅੱਜ ਕੋਈ ਸਰਾਭਾ ਮੁੜ ਖੜਾ ਨਹੀਂ ਹੋਵੇਗਾ?

ਭਾਰਤੀ ਕਿਸਾਨਾਂ ਦੀ ਆਵਾਜ਼ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਲੀਡਰ ਐਰਿਨ ਓ ਟੂਲਜ਼ ਤੋਂ ਲੈ ਕੇ ਐਨ ਡੀ ਪੀ ਆਗੂ ਜਗਮੀਤ ਸਿੰਘ, ਉਂਟੇਰੀਓ ਐਨ ਡੀ ਪੀ ਆਗੂ ਐਂਡਰੀਆ ਹਾਵਰਥ ਸਮੇਤ ਅਨੇਕਾਂ ਐਮ ਪੀਆਂ ਅਤੇ ਐਮ ਪੀ ਪੀਆਂ ਨੇ ਹੱਕ ਸੱਚ ਦੀ ਆਵਾਜ਼ ਗਰਦਾਨਿਆ ਹੈ ਅਤੇ ਉਹਨਾਂ ਦੇ ਸੰਘਰਸ਼ ਕਰਨ ਦੇ ਹੱਕ ਨੂੰ ਸਹੀ ਕਰਾਰ ਦਿੱਤਾ ਹੈ। ਇਵੇਂ ਹੀ ਆਸਟਰੇਲੀਆ, ਇੰਗਲੈਂਡ, ਅਮਰੀਕਾ, ਜਰਮਨੀ ਆਦਿ ਤੋਂ ਇਸ ਸੰਘਰਸ਼ ਦੇ ਹੱਕ ਵਿੱਚ ਬੋਲ ਉੱਠੇ ਹਨ। ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਭਾਰਤੀ ਹੁਕਮਰਾਨਾਂ ਨੂੰ ਅੰਤਰਰਾਸ਼ਟਰੀ ਸਲਾਹਾਂ ਸੁਖਾਉਣ ਵਾਲੀਆਂ ਹਨ। ਪਰ ਜੇ ਉਹਨਾਂ ਨੇ ਬਾਹਰਲੀਆਂ ਸਲਾਹਾਂ ਨੂੰ ਨਹੀਂ ਮੰਨਣਾ ਤਾਂ ਅੰਤਰਝਾਤੀ ਮਾਰਨ ਦਾ ਕਸ਼ਟ ਤਾਂ ਕਰ ਹੀ ਸਕਦੇ ਹਨ। ਭਾਰਤੀ ਸੰਸਕ੍ਰਿਤੀ ਵਿੱਚ ਮੌਕੇ ਦੇ ਹੁਕਮਰਾਨ ਨੂੰ ‘ਰਾਜ ਧਰਮ’ ਨਿਭਾਉਣ ਦੀ ਤਾਕੀਦ ਕੀਤੀ ਗਈ ਹੈ। ਰਾਜ ਧਰਮ ਤੋਂ ਅਰਥ ਹੈ ਕਿ ਹੁਕਮਰਾਨ ਇੱਕ ਮਨ ਹੋ ਕੇ ਪਰਜਾ ਦੀ ਸੇਵਾ ਕਰੇ ਨਾ ਕਿ ਧਰਮ, ਜਾਤ, ਨਸਲ ਦੇ ਆਧਾਰ ਉੱਤੇ ਰਾਜਨੀਤੀ। ਅੱਜ ਦੇ ਹੁਕਮਰਾਨ ਆਪਣੇ ਪੁਰਖਿਆਂ ਦੇ ਲਾਮਿਸਾਲ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਕਿਸਾਨਾਂ ਨੂੰ ਸਿੱਖ, ਹਿੰਦੂ ਜਾਂ ਮੁਸਲਮਾਨ ਦੇ ਸੌੜੇ ਚਸ਼ਮੇ ਨਾਲ ਵੇਖਣ ਨੂੰ ਰਾਜ ਧਰਮ ਸਮਝ ਰਹੇ ਹਨ। ਅਜਿਹੇ ਸੌੜੇ ਸੋਚਵਾਨ ਹਾਕਮਾਂ ਤੋਂ ਵੈਸ਼ਵਿਕ ਸੋਚ ਨੂੰ ਕਬੂਲਣ ਦੀ ਆਸ ਰੱਖਣਾ ਜੇ ਨਾਮੁਮਕਿਨ ਨਹੀਂ ਤਾਂ ਔਖਾ ਕੰਮ ਜਰੂਰ ਹੈ।

ਕਿਸਾਨੀ ਦੇ ਹੱਕ ਵਿੱਚ ਖੜਨ ਵਾਲੀ ਹਰ ਧਿਰ ਲਈ ਜਰੂਰੀ ਹੈ ਕਿ ਕਿਸਾਨੀ ਅੰਦੋਲਨ ਨੂੰ ਕਿਰਤ ਦੇ ਸਨਮਾਨ ਵਜੋਂ ਉਭਾਰਿਆ ਜਾਵੇ। ਹਿੰਦੂ ਗਰੰਥ ‘ਤੈਤਰਿਆ ਉਪਨਿਸ਼ਦ’ ਵਿੱਚ ਭੂਮੀ ਭਾਵ ਜ਼ਮੀਨ ਨੂੰ ਕਾਇਤਾਨ ਸਿਰਜਣ ਵਾਲੇ ਪੰਜ ਮਹਾਂਭੂਤਾਂ (Five great elements) ਵਿੱਚੋਂ ਇੱਕ ਗਿਣ ਕੇ ਸਿਫ਼ਤ ਸਲਾਹ ਕੀਤੀ ਗਈ ਹੈ। ਇਸ ਉਪਨਿਸ਼ਦ ਮੁਤਾਬਕ ਭੋਜਨ ਵਿੱਚੋਂ ਜੀਵਨ ਉਗਮਦਾ ਹੈ ਜੋ ਭਗਵਾਨ ਤੋਂ ਆਉਂਦਾ ਹੈ। ਸੋ ਮਨੁੱਖੀ ਜੀਵਨ ਦੇ ਵਿਗਸਣ ਵਿੱਚ ਸਹਾਇਕ ਹੋਣ ਵਾਲੇ ਕਿਸਾਨ ਦੀ ਗੱਲ ਕਿਰਤ ਦੀ ਗੱਲ ਹੈ, ਧਰਮ ਦੀ ਗੱਲ ਹੈ। ਜਦੋਂ ਗੱਲ ਬਾਬਾ ਨਾਨਕ ਦੀ ਆਉਂਦੀ ਹੈ ਤਾਂ ਉਹਨਾਂ ਨੇ ਸਰਬ ਸਾਂਝੀਵਾਲਤਾ ਨਾਲ ਲੈਸ ਨਵੇਂ ਨਿਵੇਕਲੇ ਧਾਰਮਿਕ ਫਲਸਫੇ ਨੂੰ ਹੀ ਜਨਮ ਨਹੀਂ ਦਿੱਤਾ ਸਗੋਂ ਇੱਕ ਅਜਿਹੀ ਕਿਸਾਨੀ ਮੁਹਿੰਮ ਦਾ ਮੁੱਢ ਬੱਝਿਆ ਜਿਸਨੇ ਵੈਸ਼ਵਿਕ ਅੰਨ ਨਿਰਭਰਤਾ ਵਿੱਚ ਲਾਮਿਸਾਲ ਯੋਗਦਾਨ ਪਾਇਆ। ਸੂਰਜ ਪ੍ਰਕਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਨਾਲ ਦਰਜ਼ ਹੈ, “ਜੱਟ ਪੰਜਾਲੀ ਚੱਕ, ਗੁਰੂ ਕਾ ਹੱਕ, ਕਮਾਇ ਕੇ ਛੱਕ।” ਬੰਦਾ ਸਿੰਘ ਬਹਾਦਰ ਦਾ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਨਾਦੇੜ ਤੋਂ ਦਿੱਲੀ ਬਰਾਸਤਾ ਪੰਜਾਬ ਆਉਣਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਜ਼ੀਰ ਖਾਨ ਤੋਂ ਬਦਲਾ ਲੈਣ ਦੇ ਨਾਲ ਨਾਲ ਪੰਜਾਬ ਵਿੱਚ ਜਾਗਰੀਦਾਰੀ ਪ੍ਰਥਾ ਨੂੰ ਖਤਮ ਕਰਨ ਦਾ ਆਧਾਰ ਬਣਿਆ। ਅੱਜ ਜੋ ਕਿਸਾਨ ਦਿੱਲੀ ਬੈਠੇ ਹਨ, ਉਹ ਵੱਡੀਆਂ ਜਾਗਰੀਦਾਰੀ ਜੋਕਾਂ ਨਹੀਂ ਸਗੋਂ ਉਹ ਛੋਟੇ ਕਿਸਾਨ ਹਨ ਜਿਹਨਾਂ ਦੇ ਪਿਤਰ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਜਾਗਰੀਦਾਰੀ ਜਕੜ ਵਿੱਚੋਂ ਅਜ਼ਾਦ ਹੋਏ ਸਨ।

ਕਿਸਾਨ ਹੋਣਾ ਜੱਟ ਹੋਣਾ ਨਹੀਂ ਸਗੋਂ ਕਿਰਤੀ ਹੋਣਾ ਹੈ। ਕਿਸਾਨ ਹੋਣਾ ਹੈਂਕੜ ਨਹੀਂ ਸਗੋਂ ਧਰਤੀ ਦਾ ਪੁੱਤਰ ਹੋਣਾ ਹੈ। ਕਿਸਾਨ ਬਣਨਾ ਕਾਬਜੀ ਬਿਰਤੀ ਦਾ ਮਾਲਕ ਹੋਣਾ ਨਹੀਂ ਸਗੋਂ ਵੰਡ ਛੱਕਣ ਦੇ ਨਾਅਰੇ ਉੱਤੇ ਪਹਿਰਾ ਦੇਣ ਦਾ ਵਾਰਸ ਬਣਨਾ ਹੈ। ਕਿਸਾਨੀ ਨੂੰ ਕਿਸੇ ਧਰਮ, ਜਾਤ ਜਾਂ ਨਸਲ ਦੇ ਦਾਇਰੇ ਵਿੱਚ ਕੈਦ ਕਰਕੇ ਨਹੀਂ ਵੇਖਿਆ ਜਾ ਸਕਦਾ। ਇਸ ਲਈ ਦੇਸ਼ਾਂ ਵਿਦੇਸਾਂ਼ ਵਿੱਚੋਂ ਕਿਸਾਨ ਦੇ ਹੱਕ ਵਿੱਚ ਉੱਠ ਰਹੀਆਂ ਆਵਾਜ਼ਾਂ ਨੂੰ ਸੁਚੇਤ ਰਹਿਣਾ ਹੋਵੇਗਾ ਕਿ ਉਹ ਜਾਣੇ ਅਨਜਾਣੇ ਕਿਸਾਨੀ ਦੇ ਵੈਸ਼ਵਿਕ ਸਿਧਾਂਤ ਦੀ ਮਦਦ ਕਰਨ ਦੇ ਉਦੇਸ਼ ਤੋਂ ਲਾਂਭੇ ਹੋ ਕੇ ਕਿਸੇ ਛੋਟੇ ਉਦੇਸ਼ ਦੀ ਪੂਰਤੀ ਵੱਲ ਕਦਮ ਨਾ ਪੁੱਟ ਬੈਠਣ। ਇਹਨਾਂ ਔਖੇ ਸਮਿਆਂ ਵਿੱਚ ਸੁਰਜੀਤ ਪਾਤਰ ਦੀ ਇੱਕ ਹੋਰ ਕਵਿਤਾ ਚੇਤੇ ਰੱਖਣ ਦੀ ਲੋੜ ਹੈ:

“ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਟੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ,

ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੀ ਛਾਂ ਹੇਠ ਜਾ ਬਹਿਣਗੇ।

ਇਹ ਵੀ ਸ਼ਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ‘ਤੇ

ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ, ਸਭ ਘਰਾਂ ‘ਚ ਦੀਵੇ ਬੁਝੇ ਰਹਿਣਗੇ’।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?