Welcome to Canadian Punjabi Post
Follow us on

19

August 2022
ਸੰਪਾਦਕੀ

ਕੀ ਅਤੀਅੰਤ ਬਿਮਾਰ ਮਰੀਜ਼ਾਂ ਲਈ ਜੋਖ਼ਮ ਬਣ ਰਿਹਾ ਹੈ ਬਰੈਂਪਟਨ ਸਿਵਕ?

October 16, 2020 08:57 AM

-ਪੰਜਾਬੀ ਪੋਸਟ ਸੰਪਾਦਕੀ

ਇੰਝ ਜਾਪਦਾ ਹੈ ਕਿ ਵਿਵਾਦਾਂ ਅਤੇ ਬਰੈਂਪਟਨ ਸਿਵਕ  ਹਸਪਤਾਲ ਦੇ ਧੁਰੋਂ ਹੀ ਸੰਜੋਗ ਬਣ ਕੇ ਆਏ ਹਨ। ਥੋੜੇ ਬਹੁਤੇ ਸਮੇਂ ਬਾਅਦ ਕੋਈ ਨਾ ਕੋਈ ਖਬ਼ਰ ਆ ਹੀ  ਜਾਂਦੀ ਹੈ ਜੋ ਦੁੱਖ ਭਰੀ ਰੋਚਕਤਾ ਵਾਲੀ ਹੁੰਦੀ ਹੈ। ਇਹਨੀਂ ਦਿਨੀਂ ਬਰੈਂਪਟਨ ਦੇ ਅੰਦਰ ਮੌਜੂਦ Complex Continuing Care unit (CCC) ਦੀ ਹੋਂਦ ਨੂੰ ਲੈ ਕੇ ਇੱਕ ਅਜੀਬ ਕਿਸਮ ਦੀ ਕਸ਼ਮਕਸ਼ ਪਾਈ ਜਾ ਰਹੀ ਹੈ। ਜਿਵੇਂ ਕਿ ਨਾਮ ਤੋਂ ਹੀ ਜਾਹਰ ਹੈ, CCC ਦਾ ਭਾਵ ਹੈ ਉਹ ਯੂਨਿਟ ਜਿਸ ਵਿੱਚ ਗੰਭੀਰ ਮਰੀਜ਼ਾਂ ਦੀ ਲਗਾਤਾਰ ਸੇਵਾ ਸੰਭਾਲ ਕੀਤੀ ਜਾਂਦੀ ਹੈ। ਬਰੈਂਪਟਨ ਸਿਵਕ ਹਸਤਪਾਲ ਦੀ ਆਪਣੀ ਵੈੱਬਸਾਈਟ ਮੁਤਾਬਕ CCC ਵਿੱਚ ਉਹ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਹਨਾਂ ਨਾਲ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਨਿਰਧਾਰਤ ਕੀਤੇ ਗਏ ਮੈਡੀਕਲ ਉਦੇਸ਼ਾਂ ਦੀ ਪੂਰਤੀ ਇੰਝ ਹੋਵੇ ਕਿ ਮਰੀਜ਼ ਦੀ ਜੀਵਨ ਗੁਣਵੱਤਾ ਵਿੱਚ ਜਿ਼ਕਰਯੋਗ ਸੁਧਾਰ ਆਵੇ। ਬਰੈਂਪਟਨ ਸਿਵਕ ਹਸਪਤਾਲ ਦੀ  ਇਸ ਯੂਨਿਟ ਵਿੱਚ ਇਸ ਵੇਲੇ 13 ਮਰੀਜ਼ ਹਨ ਅਤੇ ਇਹਨਾਂ ਸਾਰਿਆਂ ਲਈ ਹਸਤਪਾਲ ਨੇ ਇਹ ਆਖ ਕੇ ਬੇਯਕੀਨੀ ਦਾ ਮਾਹੌਲ ਬਣਾ ਦਿੱਤਾ ਹੈ ਕਿ ਦਸੰਬਰ 2020 ਤੱਕ ਇਸ ਯੂਨਿਟ ਨੂੰ ਬੰਦ ਕਰ ਦਿੱਤਾ ਜਾਵੇਗਾ। 

ਸੁਆਲ ਹੈ ਕਿ ਯੂਨਿਟ ਬੰਦ ਕਿਉਂ ਕੀਤੀ ਜਾ ਰਹੀ ਹੈ? ਇਸ ਬਾਰੇ ਇਸ ਯੂਨਿਟ ਵਿੱਚ ਦਾਖ਼ਲ ਇੱਕ ਪੰਜਾਬੀ ਮਰੀਜ਼ ਹਰਜਿੰਦਰ ਸ਼ਰਮਾ ਦੀ ਪਤਨੀ ਸੰਗੀਤਾ ਸ਼ਰਮਾ ਦਾ ਆਖਣਾ ਹੈ ਕਿ ਮਰੀਜ਼ਾਂ ਨੂੰ ਬਿਨਾ ਕਿਸੇ ਲਿਖਤੀ ਇਤਲਾਹ ਤੋਨ ਯੂਨਿਟ ਦੇ ਮੈਨੇਜਰ ਵੱਲੋਂ ਮਰੀਜ਼ਾਂ ਦੇ ਪਰਿਵਾਰਾਂ ਨੂੰ ਫੋਨ ਕਰਕੇ ਦੱਸਿਆ ਜਾ ਰਿਹਾ ਹੈ  ਕਿ CCC ਯੂਨਿਟ ਬੰਦ ਕੀਤੀ ਜਾ ਰਹੀ ਹੈ। 512 ਮਿਲੀਅਨ ਡਾਲਰ ਦੀ ਲਾਗਤ ਨਾਲ 2007-08 ਵਿੱਚ ਤਿਆਰ ਹੋਏ ਇਸ ਹਸਪਤਾਲ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਕਿਸੇ ਅਹਿਮ ਯੂਨਿਟ ਨੂੰ ਬੰਦ ਕਰਨ ਲਈ ਸਬੰਧਿਤ ਮਰੀਜ਼ਾਂ ਦੇ ਪਰਿਵਾਰਾਂ ਨੂੰ ਲਿਖਤੀ ਰੂਪ ਵਿੱਚ ਇਤਲਾਹ ਕਿਉਂ ਨਹੀਂ ਦਿੱਤੀ  ਜਾ ਰਹੀ? ਪੱਛਮੀ ਮੁਲਕਾਂ ਵਿਸ਼ੇਸ਼ ਕਰਕੇ ਉੱਤਰ ਅਮਰੀਕਾ ਵਿੱਚ ਪਬਲਿਕ ਪ੍ਰਸ਼ਾਸ਼ਨ ਦਾ ਇੱਕ ਕੇਂਦਰੀ ਧੁਰਾ ‘ਨੇਮਾਂ ਉੱਤੇ ਆਧਾਰਿਤ ਫੈਸਲੇ’ ਕਰਨਾ ਹੈ। ਮਰੀਜ਼ਾਂ ਦੇ ਪਰਿਵਾਰਾਂ ਹੈਰਾਨ ਹਨ ਕਿ ਉਹਨਾਂ ਨੂੰ ਬਿਨਾ ਕਿਸੇ ਚਿੱਠੀ ਪੱਤਰ ਤੋਂ ਫੋਨ ਕਰਕੇ ਯੂਨਿਟ ਬੰਦ ਕਰਨ ਬਾਬਤ ਫੈਸਲਾ ਸੁਣਾਉਣ ਲਈ ਬੁਲਾਇਆ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਉਹਨਾਂ ਨਾਲ ਕੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਉਹਨਾਂ ਨੂੰ ਕਿਹੋ ਜਿਹੇ ਸੁਆਲਾਂ ਦੇ ਜਵਾਬ ਦੇਣ ਲਈ ਮਜ਼ਬੂਰ ਕੀਤਾ ਜਾਵੇਗਾ ਜਾਂ ਫੇਰ ਇਸ ਮੀਟਿੰਗ ਨੂੰ ਬਹਾਨਾ ਬਣਾ ਕੇ ਕਿਹੋ ਜਿਹਾ ਫੈਸਲਾ ਕਰ ਲਿਆ ਜਾਵੇਗਾ, ਆਪਣੇ ਪਰਿਵਾਰਕ ਜੀਆਂ ਦੀ ਸੇਵਾ ਸੰਭਾਲ ਤੋਂ ਚਿੰਤਤ ਪਰਿਵਾਰ ਇਹੋ ਜਿਹੇ ਅਣਕਿਆਸੇ ਸੁਆਲਾਂ ਕਾਰਣ ਪਰੇਸ਼ਾਨ ਹਨ।

ਸ਼੍ਰੀਮਤੀ ਸ਼ਰਮਾ ਦਾ ਆਖਣਾ ਹੈ ਕਿ 9 ਜਨਵਰੀ 2003 ਨੂੰ ਉਸਦੇ ਪਤੀ ਹਰਜਿੰਦਰ ਸ਼ਰਮਾ ਨੂੰ ਅਚਾਨਕ ਦਿਮਾਗੀ ਦੌਰਾ ਪੈ ਗਿਆ ਸੀ ਜਿਸ ਕਾਰਣ ਉਹ ਅੱਜ ਤੱਕ ਹਸਪਤਾਲ ਵਿੱਚ ਜੀਵਨ ਮੌਤ ਲਈ ਘੋਲ ਕਰ ਰਿਹਾ ਹੈ। ਉਸ ਮੁਤਾਬਕ ਬਰੈਂਪਟਨ ਹਸਤਪਾਲ ਦੇ ਉੱਚ ਅਧਿਕਾਰੀਆਂ ਨੇ 7 ਸਾਲ ਪਹਿਲਾਂ ਹੀ ਉਸਦੇ ਪਤੀ ਨੂੰ ਦਿਮਾਗੀ ਰੂਪ ਵਿੱਚ ਮਿਰਤਕ (brain dead) ਐਲਾਨ ਕਰਕੇ ਉਸਦੀ ਆਕਸੀਜਨ ਨਾਲੀ ਲਾਹ ਕੇ ਜੀਵਨ ਲੀਲਾ ਖਤਮ ਕਰਨ ਦਾ ਹੁਕਮ ਦਿੱਤਾ ਸੀ। ਸੰਗੀਤਾ ਸ਼ਰਮਾ ਨੇ ਆਪਣੇ ਹੱਥੀਂ ਪਤੀ ਦਾ ਕਤਲ ਕਰਨ ਨਾਲੋਂ ਜਦੋਜਹਿਦ ਦੇ ਰਾਹ ਪੈਣ ਨੂੰ ਤਰਜੀਹ ਦਿੱਤੀ। ਉਸਦੀ ਹਿੰਮਤ ਅਤੇ ਚੁਣੌਤੀ ਦੇ ਸਨਮੁਖ ਹਸਪਤਾਲ ਨੂੰ ਅਜਿਹੇ ਫੈਸਲੇ ਕਰਨੇ ਪਏ ਜਿਹਨਾਂ ਬਦੌਲਤ ਸੰਗੀਤ ਸ਼ਰਮਾ ਨੂੰ ਹਸਤਪਾਲ ਦੇ ਅੰਦਰ ਇਲਾਜ ਦੀਆਂ ਬਦਲਵੀਆਂ ਵਿਧੀਆਂ (alternative methods of treatment) ਵਰਤ ਕੇ ਸੇਵਾ ਸੰਭਾਲ ਕਰਨ ਦੇ ਹੱਕ ਮਿਲੇ। ਅਜਿਹੀ ਇਜ਼ਾਜਤ ਦੇਣੀ ਬਰੈਂਪਟਨ ਸਿਵਕ ਦੇ ਇਤਿਹਾਸ ਵਿੱਚ ਸ਼ਾਇਦ ਪਹਿਲਾ ਅਤੇ ਆਖਰੀ ਕੇਸ ਸੀ। ਅੱਜ 7 ਸਾਲ ਬਾਅਦ ਹਰਜਿੰਦਰ ਸ਼ਰਮਾ ਦਿਮਾਗੀ ਅਤੇ ਸਰੀਰਕ ਰੂਪ ਵਿੱਚ 2013 ਨਾਲੋਂ ਕਿਤੇ ਵੱਧ ਚੇਤੰਨ ਅਤੇ ਹੁਸਿ਼ਆਰ ਹੈ। ਸੰਗੀਤਾ ਸ਼ਰਮਾ ਦਾ ਦਾਅਵਾ ਹੈ ਕਿ ਉਸ ਵੱਲੋਂ ਦਿੱਤੀਆਂ ਗਈਆਂ ਚੁਣੌਤੀਆਂ ਨੂੰ ਖੁਦ ਦੀ ਹਾਰ ਸਮਝ ਕੇ ਹਸਪਤਾਲ ਅਧਿਕਾਰੀ ਉਸਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ 12 ਹੋਰ ਪਰਿਵਾਰਾਂ ਨੂੰ ਸਜ਼ਾ ਦੇਣ ਉੱਤੇ ਉਤਾਰੂ ਹਨ।

ਕਿਹਾ ਜਾ ਸਕਦਾ ਹੈ ਕਿ ਸੰਗੀਤਾ ਸ਼ਰਮਾ ਦਾ ਆਪਣਾ ਸੱਚ ਹੈ ਜਿਸ ਨੂੰ ਮੰਨਣਾ ਜਾਂ ਝੂਠਲਾਉਣਾ ਹਸਤਪਾਲ ਦਾ ਹੱਕ ਹੋ ਸਕਦਾ ਹੈ। ਪਰ Covid 19 ਦੇ ਦਿਨਾਂ ਵਿੱਚ ਯੂਨਿਟ ਨੂੰ ਬਿਨਾ ਕਾਰਣ ਦੱਸੇ ਬੰਦ ਕਰਨ ਦੀ ਪ੍ਰਕਿਰਿਆ ਆਰੰਭ ਕਰਨਾ ਸਹੀ ਨਹੀਂ ਹੈ। ਜੇ ਗੰਭੀਰ ਮਰੀਜ਼ਾਂ ਨੂੰ ਲੌਂਗ ਟਰਮ ਕੇਅਰ ਹੋਮਾਂ ਜਾਂ ਹੋਰ ਥਾਂਵਾਂ ਉੱਤੇ ਤਬਦੀਲ ਕੀਤਾ ਜਾਵੇਗਾ ਤਾਂ ਉਹਨਾਂ ਦੀ ਸਿਹਤ ਨੂੰ Covid 19 ਤੋਂ ਕਿੰਨਾ ਗੰਭੀਰ ਖਤਰਾ ਹੋ ਸਕਦਾ ਹੈ। ਕਿਸੇ ਵੀ ਸਿਹਤ ਸੰਸਥਾ ਖਾਸ ਕਰਕੇ ਹਸਪਤਾਲ ਵਿੱਚ ਸੇਵਾ ਸੰਭਾਲ ਦਾ ਕੇਂਦਰੀ ਸਿਧਾਂਤ ਹੁੰਦਾ ਹੈ ਕਿ ਜੀਵਨ ਮੌਤ ਨਾਲ ਜੂਝ ਰਹੇ ਮਰੀਜ਼ਾਂ ਨੂੰ ਮੌਤ ਤੋਂ ਪਹਿਲਾਂ ਮੌਤ ਵੱਲ ਨਹੀਂ ਧੱਕਿਆ ਜਾਣਾ ਚਾਹੀਦਾ। ਕੌਣ ਜਾਣਦਾ ਹੈ ਕਿ ਜਦੋਂ ਤੱਕ ਸਾਹ ਚੱਲਦੇ ਹਨ, ਉਸ ਵੇਲੇ ਤੱਕ ਕਿਸੇ ਮਨੁੱਖ ਵਿੱਚ ਰੱਬ ਨੇ ਕਿਹੋ ਜਿਹੀਆਂ ਸੰਭਾਵਨਾਵਾਂ ਮੌਜੂਦ ਕਰ ਰੱਖੀਆਂ ਹਨ। ਘੱਟੋ ਘੱਟ ਅਕਬਰ ਇਲਾਹਾਬਾਦੀ ਦੀਆਂ ਇਹ ਸਤਰਾਂ ਦਾ ਇਸੇ ਸੱਚ ਵੱਲ ਇਸ਼ਾਰਾ ਕਰਦੀਆਂ ਹਨ:

‘ਸੂਰਜ ਮੇਂ ਲਗੇ ਧੱਬਾ ਫਿਤਰਤ ਕੇ ਕ੍ਰਿਸ਼ਮੇ ਹੈਂ

ਬੁੱਤ ਹਮ ਕੋ ਕਹੇਂ ਕਾਫਿ਼ਰ, ਅੱਲਾ ਕੀ ਮਰਜ਼ੀ ਹੈ।

ਨਾ-ਤਜੁਰਬੇਕਾਰੀ ਸੇ ਵਾਇਸ ਕੀ ਯੇਹ ਬਾਤੇਂ ਹੈਂ

ਇਸ ਰੰਗ ਕੋ ਕਿਯਾ ਜਾਨੇਂ, ਪੂਛੋ ਤੋਹ ਕਭੀ ਪੀ ਹੈ।

ਹਰ ਜ਼ਰਾ ਚਮਕਤਾ ਹੈ ਅਨਵਰ-ਏ-ਇੱਲਾਹੀ ਸੇ

ਹਰ ਸਾਂਸ ਯੇ ਕਹਿਤੀ ਹੈ, ਹਮ ਹੈਂ ਤੋ ਖੁਦਾ ਭੀ ਹੈ।’  

 

ਬਰੈਂਪਟਨ ਹਸਪਤਾਲ ਵਿੱਚ ਆਰੰਭੀ ਗਈ ਸਿਹਤ ਸੰਭਾਲ ਦੀ ਨਵੀਂ ਪਿਰਤ

2013 ਵਿੱਚ ਬਰੈਂਪਟਨ ਹਸਪਤਾਲ ਵਿੱਚ ਦਾਖ਼ਲ ਹੋਏ ਆਪਣੇ ਪਤੀ ਦੀ ਸਿਹਤ ਸੰਭਾਲ ਕਰਨ ਲਈ ਸੰਗੀਤਾ ਸ਼ਰਮਾ ਨੂੰ ਇੱਕ ਤੋਂ ਬਾਅਦ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਮਾਂ ਪਾ ਕੇ ਹਸਪਤਾਲ ਦੇ ਅਧਿਕਾਰੀਆਂ ਨੇ ਉਸਦੀ ਇਸ ਜਿ਼ੱਦ ਨੂੰ ਤਾਂ ਮੰਨ ਲਿਆ ਕਿ ਹਰਜਿੰਦਰ ਸ਼ਰਮਾ ਦੀ ਜੀਵਨ ਡੋਰ ਨੂੰ ਨਹੀਂ ਤੋੜਿਆ ਜਾਵੇਗਾ। ਹੁਣ ਸਮੱਸਿਆ ਸੀ ਕਿ ਹਸਪਤਾਲ ਸਿਸਟਮ ਨੇਮਾਂ ਮੁਤਾਬਕ ਹਰਜਿੰਦਰ ਦੇ ਸੁਆਸਥ ਨੂੰ ਬਿਹਤਰ ਕਰਨ ਲਈ ਕੋਈ ਸਰਗਰਮ ਚਾਰਾਜੋਈ ਕਰਨ ਤੋਂ ਅਸਮਰੱਥ ਸੀ। ਸੋ ਸੰਗੀਤਾ ਲਈ ਇਹ ਲਾਜ਼ਮੀ ਬਣ ਗਿਆ ਕਿ ਆਪਣੇ ਪਤੀ ਦੀ ਦੇਖਭਾਲ ਨੂੰ ਆਪਣੇ ਹੱਥਾਂ ਵਿੱਚ ਲੈ ਲਵੇ। ਕਾਇਦੇ ਕਾਨੂੰਨਾਂ ਦੀ ਬਹੁਤੀ ਪਰਵਾਹ ਨਾ ਕਰਦੇ ਹੋਏ ਸੰਗੀਤਾ ਨੇ ਲਗਨ ਅਤੇ ਸ਼ਰਧਾ ਨਾਲ ਹਰਜਿੰਦਰ ਨੂੰ ਸੰਭਲਾਣ ਦੇ ਉਹ ਸਾਰੇ ਕੰਮ ਕਰਨੇ ਆਰੰਭ ਕਰ ਦਿੱਤੇ ਜੋ ਨਿੱਜੀ ਸੰਭਾਲ ਵਿੱਚ ਸਿਖਲਾਈ ਯੁਕਤ ਹਸਪਤਾਲ ਸਟਾਫ (trained personal care staff ) ਕਰ ਸਕਦਾ ਹੈ। ਡਾਕਟਰਾਂ, ਫਿਜ਼ੀਓ-ਥੈਰਪਿਸਟਾਂ ਅਤੇ ਨਰਸਾਂ ਦੀ ਟੀਮ ਨੇ ਸੰਗੀਤਾ ਸ਼ਰਮਾ ਦੀ ਲਗਨ ਅਤੇ ਪੁਖਤਗੀ ਵੇਖ ਕੇ ਆਖ਼ਰ ਨੂੰ ਇਜ਼ਾਜਤ ਦੇ ਦਿੱਤੀ ਕਿ ਉਹ ਬਿਨਾ ਕਿਸੇ ਮੈਡੀਕਲ ਨਿਗਰਾਨੀ ਤੋਂ ਆਪਣੇ ਪਤੀ ਦੀ ਸੇਵਾ ਕਰ ਸਕਦੀ ਹੈ। ਸੰਗੀਤਾ ਸ਼ਰਮਾ ਵਾਸਤੇ ਇਹ ਇੱਕ ਵੱਡੀ ਜਿੱਤ ਸੀ।

ਇਸਤੋਂ ਬਾਅਦ ਇੱਕ ਹੋਰ ਜੰਗ ਸੀ ਜੋ ਉਸਨੂੰ ਜਿੱਤਣ ਲਈ ਤਿਆਰ ਹੋਣਾ ਪਿਆ। ਸੰਗੀਤਾ ਨੇ ਜਲਦੀ ਹੀ ਅਹਿਸਾਸ ਕਰ ਲਿਆ ਕਿ ਬੇਸ਼ੱਕ ਮੁੱਖ ਧਾਰਾ ਦੀ ਇਲਾਜ ਪੱਧਤੀ (mainstream treatment) ਹਰਜਿੰਦਰ ਦੀ ਬਿਹਤਰੀ ਵਾਸਤੇ ਕੁੱਝ ਵੀ ਕਰਨ ਤੋਂ ਇਨਕਾਰੀ ਹੈ ਪਰ ਗੈਰ-ਰਿਵਾਇਤੀ ਅਤੇ ਬਦਲਵੀ ਸਿਹਤ ਸੰਭਾਲ ਪੱਧਤੀ (non-traditional and alternative health care) ਜਿਵੇਂ ਕਿ ਹੋਮੀਓਪੈਥੀ ਅਤੇ ਐਕਿਊਪਰੈਸ਼ਰ ਦੀ ਮਦਦ ਲੈਣੀ ਬਹੁਤ ਲੋੜੀਂਦੀ ਹੈ। ਰੁਕਾਵਟ ਫੇਰ ਹਸਪਤਾਲ ਸਿਸਟਮ ਸੀ ਜੋ ਪ੍ਰਾਈਵੇਟ ਸਿਹਤ ਸੇਵਾ ਨੂੰ ਆਪਣੀ ਚਾਰ ਦਿਵਾਰੀ ਵਿੱਚ ਪ੍ਰੈਕਟਿਸ ਕਰਨ ਦੀ ਇਜ਼ਾਜਤ ਨਹੀਂ ਦੇਂਦਾ। ਸੰਗੀਤਾ ਨੇ ਮੁੜ ਆਪਣੇ ਮਨੋਬਲ ਦੇ ਹਥਿਆਰ ਤਿੱਖੇ ਕੀਤੇ ਅਤੇ ਹਰ ਪੱਧਰ ਉੱਤੇ ਤਰਕ ਨਾਲ ਸਿਸਟਮ ਨੂੰ ਇਹ

ਮੰਨਣ ਲਈ ਰਾਜੀ ਕਰ ਲਿਆ ਕਿ ਜਿਸ ਵਿਅਕਤੀ ਨੂੰ ਤੁਸੀਂ ‘ਹਯਾਤੀ ਵਿਹਾ ਚੁੱਕਿਆ ਸਮਝ ਕੇ ਪਿੱਛੇ ਹੱਟ ਚੁੱਕਿਆ ਹੈ, ਉਸ ਵਾਸਤੇ ਹਰ ਕਿਸਮ ਦੀ ਚਾਰਾਜੋਈ ਕਰਨਾ ਸੰਗੀਆ ਦਾ ਇਖਲਾਕੀ ਫਰਜ਼ ਹੀ ਨਹੀਂ ਸਗੋਂ ਕਾਨੂੰਨੀ ਹੱਕ ਹੈ। ਇੰਝ ਹਰਜਿੰਦਰ ਸ਼ਰਮਾ ਸ਼ਾਇਦ ਪੀਲ ਖੇਤਰ ਵਿੱਚ ਪਹਿਲਾ ਮਰੀਜ਼ ਬਣਿਆ ਜਿਸ ਵਾਸਤੇ ਬਰੈਂਪਟਨ ਸਿਵਲ ਹਸਪਤਾਲ ਨੇ ਬਾਹਰ ਤੋਂ ਆਏ ‘ਹੈਲਥ ਕੇਅਰ ਪ੍ਰੋਫੈਸ਼ਨਲਾਂ’ ਨੂੰ ਇਲਾਜ ਕਰਨ ਦੀ ਆਗਿਆ ਦਿੱਤੀ।  

Have something to say? Post your comment