* ਬਦਤਮੀਜ਼ ਭਾਸ਼ਾ ਨਾਲ ਹਾਲਾਤ ਵਿਗਾੜਨ ਦਾ ਕੇਸ ਦਰਜ
ਅੰਮ੍ਰਿਤਸਰ, 11 ਜੁਲਾਈ, (ਪੋਸਟ ਬਿਊਰੋ)- ਆਪਣੇ ਆਪ ਨੂੰ ਸ਼ਿਵ ਸੈਨਾ ਟਕਸਾਲੀ ਦਾ ਨੇਤਾ ਅਖਵਾਉਣ ਵਾਲਾ ਸੁਧੀਰ ਸੂਰੀ (ਹਿੰਦੂ ਨੇਤਾ) ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਜੰਡਿਆਲਾ ਗੁਰੂ ਥਾਣੇ ਵਿੱਚ 7 ਜੁਲਾਈ ਨੂੰ ਪਰਚਾ ਦਰਜ ਹੋਣ ਤੋਂ ਬਾਅਦ ਲੁਕ ਗਿਆ ਹੈ। ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਸੁਧੀਰ ਸੂਰੀ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਵਾਰ ਵੱਖ-ਵੱਖ ਥਾਵਾਂ ਉੱਤੇ ਛਾਪੇ ਮਾਰ ਚੁੱਕੀ ਹੈ, ਪਰ ਉਹ ਲੱਭ ਨਹੀਂ ਰਿਹਾ। ਸੁਧੀਰ ਸੂਰੀ ਦੇ ਖ਼ਿਲਾਫ਼ ਪਹਿਲਾਂ ਵੀ ਸੱਤ ਕੇਸ ਦਰਜ ਹਨ, ਪਰ ਇਨ੍ਹਾਂ ਵਿੱਚੋਂ ਉਸ ਨੂੰ ਜ਼ਮਾਨਤ ਮਿਲ ਚੁੱਕੀ ਹੈ।
ਦਿਹਾਤੀ ਜਿ਼ਲਾ ਅੰਮ੍ਰਿਤਸਰ ਦੇ ਐੱਸ ਐੱਸ ਪੀ ਵਿਕਰਮਜੀਤ ਦੁੱਗਲ ਨੇ ਅੱਜ ਏਥੇ ਦਾਅਵਾ ਕੀਤਾ ਹੈ ਕਿ ਸੁਧੀਰ ਸੂਰੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਸਰੇ ਪਾਸੇ ਸੁਧੀਰ ਸੂਰੀ ਦਾ ਕਹਿਣਾ ਹੈ ਕਿ ਪੁਲਿਸ ਉਸ ਵਿਰੁੱਧ ਝੂਠੇ ਕੇਸ ਦਰਜ ਕਰ ਰਹੀ ਹੈ ਅਤੇ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਤੋਂ ਉਸ ਨੂੰ ਜਾਨ ਤੋਂ ਖਤਰਾ ਹੈ। ਇਸ ਬਾਰੇ ਕੁਝ ਦਿਨ ਪਹਿਲਾਂ ਉਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਨੂੰ ਪੰਜਾਬ ਪੁਲਿਸ ਵੱਲੋਂ ਮਿਲੀ ਹੋਈ ਸਕਿਓਰਿਟੀ ਹਟਾ ਕੇ ਕਿਸੇ ਹੋਰ ਏਜੰਸੀ ਨੂੰ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਸੁਧੀਰ ਸੂਰੀ ਦਾ ਕਹਿਣਾ ਸੀ ਕਿ ਪੁਲਿਸ ਨੇ ਉਸ ਦੇ ਘਰ ਜਾ ਕੇ ਔਰਤਾਂ ਨਾਲ ਬਦਸਲੂਕੀ ਕੀਤੀ ਹੈ। ਇਸ ਬਾਰੇ ਉਸ ਨੇ ਹਾਈ ਕੋਰਟ ਨੂੰ ਇੱਕ ਪੱਤਰ ਵੀ ਲਿਖਿਆ ਹੈ, ਪਰ ਉਹ ਖੁਦ ਸਾਹਮਣੇ ਨਹੀਂ ਆ ਰਿਹਾ।
ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਅੱਤਵਾਦੀ ਸੰਗਠਨਾਂ ਵੱਲੋਂ ਕਤਲ ਦੀ ਧਮਕੀ ਮਿਲਣ ਪਿੱਛੋਂ ਹਿੰਦੂ ਨੇਤਾ ਸੁਧੀਰ ਸੂਰੀ ਨੂੰ ਅੱਠ ਸੁਰੱਖਿਆ ਗਾਰਡ ਅਤੇ ਦੋ ਡਰਾਈਵਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਉੱਤੇ ਵੀ ਪੰਜ ਹਥਿਆਰਬੰਦ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬੀਤੇ ਤਿੰਨ ਸਾਲਾਂ ਤੋਂ ਸੂਰੀ ਦਾ ਸੁਰੱਖਿਆ ਘੇਰਾ ਹੋਰ ਮਜ਼ਬੂਤ ਕੀਤਾ ਗਿਆ ਸੀ, ਪਰ 7 ਜੁਲਾਈ ਨੂੰ ਕੇਸ ਦਰਜ ਹੋਣ ਪਿੱਛੋਂ ਸਾਰੇ ਸੁਰੱਖਿਆ ਮੁਲਾਜ਼ਮ ਪੁਲਿਸ ਲਾਈਨ ਵਾਪਸ ਬੁਲਾ ਲਏ ਗਏ ਹਨ। ਪੁਲਿਸ ਅਧਿਕਾਰੀ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਇਕ ਸੀਨੀਅਰ ਅਧਿਕਾਰੀ ਨੇ ਸਿਰਫ ਏਨਾ ਕਿਹਾ ਹੈ ਕਿ ਮਾਮਲਾ ਗੰਭੀਰ ਹੈ, ਪਰ ਉਹ ਇਸ ਕੇਸ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਵਰਨਣ ਯੋਗ ਹੈ ਕਿ ਸੁਧੀਰ ਸੂਰੀ ਉੱਤੇ ਇੱਕ ਖਾਸ ਵਰਗ ਦੇ ਲੋਕਾਂ ਦੇ ਖਿਲਾਫ ਗੰਦੀਆਂ ਗਾਲ੍ਹਾਂ ਕੱਢਣ ਦਾ ਦੋਸ਼ ਹੈ ਅਤੇ ਇਸ ਦੇ ਬਾਅਦ ਕਈ ਸੰਗਠਨਾਂ ਨੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ।