ਮੋਗਾ, 22 ਮਈ (ਪੋਸਟ ਬਿਊਰੋ)- ਦੇਹ ਵਪਾਰ ਅਤੇ ਬਲੈਕਮੇਲ ਕਰਨ ਵਾਲੇ ਗਰੋਹ 'ਚ ਸ਼ਾਮਲ ਦੋ ਸਹਾਇਕ ਥਾਣੇਦਾਰਾਂ (ਏ ਐਸ ਆਈਜ਼) ਨੂੰ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਨੌਕਰੀ ਤੋਂ ਕੱਢ ਕਰ ਦਿੱਤਾ ਹੈ।
ਡੀ ਐਸ ਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਨੇ ਦੋਵਾਂ ਥਾਣੇਦਾਰਾਂ ਨੂੰ ਬਰਖ਼ਾਸਤ ਕਰਨ ਦੀ ਪੁਸ਼ਟੀ ਕਰ ਕੇ ਦੱਸਿਆ ਕਿ ਗਰੋਹ 'ਚ ਸ਼ਾਮਲ ਦੋਵੇਂ ਪੁਲਸ ਮੁਲਾਜ਼ਮਾਂ, ਇੱਕ ਜੋੜੇ ਅਤੇ ਇੱਕ ਔਰਤ ਨੂੰ ਪੁਲਸ ਰਿਮਾਂਡ ਖ਼ਤਮ ਹੋਣ ਮਗਰੋਂ ਕੱਲ੍ਹ ਨਿਹਾਲ ਸਿੰਘ ਵਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੰਜਾਂ ਨੂੰ ਜੁਡੀਸ਼ਲ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਦਾ ਇੱਕ ਜੋੜਾ, ਕੁਝ ਪੁਲਸ ਮੁਲਾਜ਼ਮ ਤੇ ਔਰਤਾਂ ਮਿਲ ਕੇ ਦੇਹ ਵਪਾਰ ਤੇ ਬਲੈਕਮੇਲਿੰਗ ਕਰਦੇ ਸਨ। ਇਹ ਗਰੋਹ ਲੋਕਾਂ ਨੂੰ ਜਾਲ 'ਚ ਫਸਾਉਣ ਮਗਰੋਂ ਮੋਟੀਆਂ ਰਕਮਾਂ ਵਸੂਲਦਾ ਸੀ। ਇਸ ਦਾ ਭਾਂਡਾ ਉਦੋਂ ਭੱਜਾ ਜਦੋਂ ਗਰੋਹ 'ਚ ਸ਼ਾਮਲ ਇੱਕ ਔਰਤ ਨੇ ਪੁਲਸ ਅਧਿਕਾਰੀਆਂ ਅੱਗੇ ਪੇਸ਼ ਹੋ ਨਿਹਾਲ ਸਿੰਘ ਵਾਲਾ ਦੇ ਕੁਝ ਪੁਲਸ ਵਾਲਿਆਂ ਉੱਤੇ ਧੰਦੇ 'ਚ ਲੱਖਾਂ ਰੁਪਏ ਲੈ ਕੇ ਉਸ ਦਾ ਬਣਦਾ ਹਿੱਸਾ ਨਾ ਦੇਣ ਦਾ ਦੋਸ਼ ਲਾਇਆ। ਉਸ ਨੇ ਇਲੈਕਟਰਾਨਿਕ ਮੀਡੀਆ ਅੱਗੇ ਵੀ ਖੁਲਾਸਾ ਕੀਤਾ ਸੀ। ਇਸ ਮਗਰੋਂ ਗਰੋਹ ਦਾ ਸ਼ਿਕਾਰ ਹੋਏ ਸੁਭਾਸ਼ ਚੰਦਰ ਉਰਫ਼ ਕਾਲੀ ਪਿੰਡ ਮਾਣੂੁੰਕੇ ਦੀ ਸ਼ਿਕਾਇਤ ਉਤੇ ਖ਼ੁਲਾਸਾ ਕਰਨ ਵਾਲੀ ਔਰਤ, ਹਰਜਿੰਦਰ ਸਿੰਘ ਤਅੇ ਉਸ ਦੀ ਪਤਨੀ ਅਤੇ ਦੋ ਸਹਾਇਕ ਥਾਣੇਦਾਰਾਂ (ਏ ਐਸ ਆਈ) ਚਮਕੌਰ ਸਿੰਘ ਅਤੇ ਦਰਸ਼ਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਗ਼੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਬਾਰੇ ਅਗਲੀ ਜਾਂਚ ਚੱਲ ਰਹੀ ਹੈ।