Welcome to Canadian Punjabi Post
Follow us on

09

June 2025
ਬ੍ਰੈਕਿੰਗ ਖ਼ਬਰਾਂ :
 
ਨਜਰਰੀਆ

ਕੁਦਰਤ ਦੇ ਖੇੜੇ ਦੀ ਪ੍ਰਤੀਕ ਬਸੰਤ ਪੰਚਮੀ

January 29, 2020 08:09 AM

-ਸੁਖਦੇਵ ਮਾਦਪੁਰੀ
ਪੰਜਾਬ ਰਾਂਗਲੀਆਂ ਤੇ ਮਨਮੋਹਕ ਰੁੱਤਾਂ ਵਾਲਾ ਪ੍ਰਾਂਤ ਹੈ ਜਿੱਥੇ ਗਰਮੀ ਵੀ ਲੋਹੜੇ ਦੀ ਪੈਂਦੀ ਹੈ ਤੇ ਸਰਦੀ ਵੀ ਕਾਂਬਾ ਛੇੜ ਦਿੰਦੀ ਹੈ। ਸਾਉਣ ਦੀਆਂ ਫੁਹਾਰਾਂ ਰੂਹ ਨੂੰ ਸ਼ਰਸ਼ਾਰ ਕਰਦੀਆਂ ਹਨ ਅਤੇ ਬਸੰਤ ਰੁੱਤ ਵਿੱਚ ਧਰਤੀ ਮੌਲਦੀ ਹੈ ਤੇ ਬਨਸਪਤੀ 'ਤੇ ਨਵਾਂ ਨਿਖਾਰ ਆਉਂਦਾ ਹੈ। ਪੰਜਾਬੀ ਇਨ੍ਹਾਂ ਵੰਨ-ਸਵੰਨੀਆਂ ਰੁੱਤਾਂ ਦੇ ਰੰਗਾਂ ਨੂੰ ਮਨੋਰੰਜਨ ਵਾਲੇ ਤਿਉਹਾਰ ਮਨਾ ਕੇ ਮਾਣਦੇ ਹਨ। ਬਸੰਤ ਪੰਚਮੀ ਬਸੰਤ ਰੁੱਤ ਦਾ ਢੋਆ ਲੈ ਕੇ ਦਸਤਕ ਦਿੰਦੀ ਹੈ। ਹੱਡ ਠਾਰਵੀਂ ਸਰਦ ਰੁੱਤ ਦਾ ਅੰਤ ਹੋ ਜਾਂਦਾ ਹੈ। ਕਹਾਵਤ ਹੈ ‘ਆਈ ਬਸੰਤ, ਪਾਲਾ ਉਡੰਤ।' ਇਨ੍ਹਾਂ ਦਿਨਾਂ ਵਿੱਚ ਧਰਤੀ ਮੌਲਦੀ ਹੈ ਤੇ ਬਨਸਪਤੀ 'ਤੇ ਨਵਾਂ ਨਿਖਾਰ ਆਉਂਦਾ ਹੈ, ਸ਼ੂਗ਼ੂਫੇ ਫੁੱਟਦੇ ਹਨ, ਖੇਤਾਂ ਵਿੱਚ ਸਰੋ੍ਹਂ ਦੇ ਖਿੜੇ ਹੋਏ ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਬਾਗੀਂ ਫੁੱਲ ਖਿੜਦੇ ਹਨ। ਅਜਿਹੇ ਰੁਮਾਂਚਕ ਵਾਤਾਵਰਨ ਵਿੱਚ ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ ਨਸ਼ਿਆ ਜਾਂਦੇ ਹਨ ਅਤੇ ਉਹ ਆਪਣੇ ਆਪ ਨੂੰ ਸਰ੍ਹੋਂ ਫੁੱਲੇ ਪਹਿਰਾਵੇ ਨਾਲ ਸਜਾ ਕੇ ਅਦੁੱਤੀ ਖੁਸ਼ੀ ਮਹਿਸੂਸ ਕਰਦੇ ਹਨ।
ਇਸੇ ਰੁੱਤ ਦਾ ਸ਼ਾਨਾ ਮੱਤਾ ਤਿਹਾਉਰ ਹੈ-ਬਸੰਤ ਪੰਚਮੀ। ਇਹ ਤਿਉਹਾਰ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮਾਘ ਸੁਦੀ ਪੰਜ ਨੂੰ ਮਨਾਇਆ ਜਾਂਦਾ ਇਹ ਖੂਬਸੂਰਤ ਮੌਸਮੀ ਤਿਉਹਾਰ ਹੈ ਜਿਸ ਦੀ ਵਿਸ਼ੇਸ਼ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਹੈ। ਇਹ ਉਨ੍ਹਾਂ ਮਹਾਂਪੁਰਖਾਂ, ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੇ ਸੂਰਬੀਰ ਯਧਿਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ, ਮਨੁੱਖੀ ਆਜ਼ਾਦੀ, ਆਪਣੇ ਦੇਸ਼ ਤੇ ਕੌਮ ਲਈ ਅਸਹਿ ਅਤੇ ਅਕਹਿ ਤਸੀਹੇ ਝੱਲੇ ਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਜੋ ‘ਮੇਰਾ ਰੰਗ ਦੇ ਬਸੰਤੀ ਚੋਲਾ' ਜਿਹੇ ਦੇਸ਼ ਭਗਤੀ ਦੇ ਨਗਮੇ ਗਾਉਂਦੇ ਹੋਏ ਆਪਣੇ ਦੇਸ਼ ਲਈ ਕੁਰਬਾਨੀਆਂ ਦੇਣ ਲਈ ਸਦਾ ਤਤਪਾਰ ਰਹਿੰਦੇ ਹਨ।
ਹਕੀਕਤ ਰਾਏ ਦੀ ਸ਼ਹਾਦਤ ਅਤੇ ਨਾਮਧਾਰੀ ਗੁਰੂ ਰਾਮ ਸਿੰਘ ਦਾ ਬਸੰਤ ਪੰਚਮੀ ਦੇ ਤਿਉਹਾਰ ਨਾਲ ਬੜਾ ਗੂੜ੍ਹਾ ਸਬੰਧ ਹੈ। ਸਿਆਲਕੋਟ ਨਿਵਾਸੀ ਬਾਘਮਲ ਪੁਰੀ ਦੇ ਘਰ ਪੁੱਤਰੀ ਗੌਰਾਂ ਦੀ ਕੁੱਖੋਂ ਸੰਮਤ 1781 ਵਿੱਚ ਹਕੀਕਤ ਰਾਏ ਦਾ ਜਨਮ ਹੋਇਆ। ਭਾਈ ਬੁੱਧ ਸਿੰਘ ਬਟਾਲੀਏ ਦੀ ਸੰਗਤ ਤੋਂ ਉਹ ਸਿੱਖ ਧਰਮ ਦੇ ਨਿਯਮਾਂ ਦਾ ਵਿਸ਼ਵਾਸੀ ਬਣ ਗਿਆ। ਹਕੀਕਤ ਦੇ ਪਿਤਾ ਨੇ ਉਸ ਨੂੰ ਸਮੇਂ ਦੀ ਰਾਜ ਭਾਸ਼ਾ ਸਿੱਖਣ ਲਈ ਸ਼ਹਿਰ ਦੇ ਮਕਤਬ (ਸਕੂਲ) ਵਿੱਚ ਪੜ੍ਹਨੇ ਪਾ ਦਿੱਤਾ। ਇੱਕ ਦਿਨ ਜਮਾਤ ਦੇ ਮੁਸਲਮਾਨ ਮੁੰਡਿਆਂ ਨਾਲ ਹਕੀਕਤ ਰਾਏ ਦੀ ਧਰਮ ਚਰਚਾ ਛਿੜ ਪਈ ਤਾਂ ਉਨ੍ਹਾਂ ਦੇਵੀ ਦੀ ਸ਼ਾਨ ਵਿੱਚ ਕੁਝ ਅਯੋਗ ਅਤੇ ਅਪਮਾਨ ਜਨਕ ਸ਼ਬਦ ਕਹਿ ਦਿੱਤੇ। ਹਕੀਕਤ ਰਾਏ ਨੇ ਆਖਿਆ, ‘ਜੇ ਅਜਿਹੇ ਅਪਮਾਨ ਜਨਕ ਸ਼ਬਦ ਮੁਹੰਮਦ ਸਾਹਿਬ ਦੀ ਪੁੱਤਰੀ ਫਾਤਿਮਾ ਦੀ ਸ਼ਾਨ ਵਿੱਚ ਵਰਤੇ ਜਾਣ ਤਾਂ ਤੁਹਾਨੂੰ ਕਿੰਨਾ ਦੁੱਖ ਹੋਵੇਗਾ?' ਇਹ ਗੱਲ ਮੁੰਡਿਆਂ ਤੇ ਮੌਲਵੀ ਤੋਂ ਸਹਾਰੀ ਨਾ ਗਈ। ਉਨ੍ਹਾਂ ਨੇ ਸਿਆਲਕੋਟ ਦੇ ਹਾਕਮ ਅਮੀਰ ਬੇਗ ਦੇ ਕੋਲ ਹਕੀਕਤ ਰਾਏ ਦੀ ਸ਼ਿਕਾਇਤ ਕਰ ਦਿੱਤੀ ਤੇ ਅੱਗੋਂ ਉਸਨੇ ਉਸ ਦਾ ਚਲਾਨ ਕਰਕੇ ਲਾਹੌਰ ਦੇ ਸੂਬੇ ਕੋਲ ਭੇਜ ਦਿੱਤਾ। ਮੁਸਲਮਾਨ ਹਾਕਮਾਂ ਨੇ ਉਸ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਆਖਿਆ, ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪੜ੍ਹੀ ਹੋਣ ਕਾਰਨ ਉਸ ਨੇ ਆਖਿਆ, ‘‘ਮੌਤ ਪ੍ਰਵਾਨ ਹੈ, ਮੈਂ ਇਸਲਾਮ ਧਰਮ ਕਬੂਲ ਨਹੀਂ ਕਰਾਂਗਾ।'' ਉਸਦੇ ਇਨਕਾਰ 'ਤੇ ਲਾਹੌਰ ਦੇ ਗਵਰਨਰ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਦੇ ਹੁਕਮ 'ਤੇ ਮਾਘ ਸੁਦੀ ਪੰਜ ਸੰਮਤ 1798 (ਸੰਨ 1741 ਈ.) ਨੂੰ ਹਕੀਕਤ ਰਾਏ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਸਮਾਧ ਲਾਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਬਣੀ ਹੋਈ ਹੈ, ਜਿਸ 'ਤੇ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ। ਲਾਹੌਰ ਨਿਵਾਸੀ ਇਸ ਨੂੰ ਪਤੰਗਾਂ ਦੇ ਤਿਉਹਾਰ ਵਜੋਂ ਮਨਾਉਂਦੇ ਹਨ।
ਲਾਹੌਰ ਨਿਵਾਸੀ ਮਾਧੋ ਲਾਲ ਹੁਸੈਨ ਪ੍ਰਸਿੱਧ ਸੂਫ਼ੀ ਫ਼ਰੀਕ ਸੀ, ਜਿਸਦੇ ਹਰ ਵਰਗ ਦੇ ਲੋਕ ਸ਼ਰਧਾਲੂ ਸਨ। ਉਸਦਾ ਮਕਬਰਾ ਸ਼ਾਲੀਮਾਰ ਬਾਗ਼ ਨੇੜੇ ਭਗਵਾਨਪੁਰਾ ਵਿਖੇ ਬਣਇਆ ਹੋਇਆ ਹੈ, ਜਿੱਥੇ ਪੁਰਾਣੇ ਸਮੇਂ ਤੋਂ ਬਸੰਤ ਪੰਚਮੀ ਵਾਲੇ ਦਿਨ ਉਸ ਦਾ ਉਰਸ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਵੀ ਮਾਧੋ ਲਾਲ ਹੁਸੈਨ ਦਾ ਭਗਤ ਸੀ। ਉਹ ਆਪਣੇ ਘੋੜਸਵਾਰਾਂ, ਅਹਿਲਕਾਰਾਂ ਅਤੇ ਦਰਬਾਰੀਆਂ ਸਮੇਤ, ਜਿਨ੍ਹਾਂ ਨੇ ਪੀਲੇ ਰੰਗ ਦੇ ਵਸਤਰ ਪਹਿਨੇ ਹੁੰਦੇ ਸਨ, ਇਸ ਉਰਸ ਵਿੱਚ ਸ਼ਾਮਲ ਹੋ ਕੇ ਨਜ਼ਰਾਨਾ ਭੇਟ ਕਰਦਾ ਅਤੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦਾ ਸੀ। ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕੂਕਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਹਿਰ ਦੇ ਜਨਮ ਦਾਤੇ ਸਮਾਜ ਸੇਵਕ ਅਤੇ ਸੁਤੰਤਰਤਾ ਸੰਗਰਾਮ ਦੇ ਮੋਢੀ ਨਾਮਧਾਰੀ ਗੁਰੂ ਰਾਮ ਸਿੰਘ ਦਾ ਜਨਮ ਵੀ ਫਰਵਰੀ 1816 ਦੀ ਬਸੰਤ ਪੰਚਮੀ ਦੀ ਰਾਤ ਪਿੰਡ ਭੈਣੀ ਰਾਈਆਂ, ਜ਼ਿਲ੍ਹਾ ਲੁਧਿਆਣਾ ਵਿਖੇ ਜੱਸਾ ਸਿੰਘ ਦੇ ਘਰ ਹੋਇਆ ਸੀ। ਬਸੰਤ ਪੰਚਮੀ ਨੂੰ ਹਰ ਸਾਲ ਭੈਣੀ ਸਾਹਿਬ ਵਿਖੇ ਉਨ੍ਹਾਂ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀਆਂ ਰੌਣਕਾਂ ਧੂਹ ਪਾਉਂਦੀਆਂ ਹਨ। ਲੋਕ ਪੀਲੇ ਵਸਤਰ ਧਾਰਨ ਕਰਦੇ ਹਨ। ਪਟਿਆਲਾ ਵਿਖੇ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਸੱਭਿਆਚਾਰਕ ਪੱਖੋਂ ਵੀ ਬਸੰਤ ਪੰਚਮੀ ਦਾ ਮਹੱਤਵ ਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ। ਉਹ ਪਤੰਗਾਂ ਦੇ ਮੁਕਾਬਲੇ ਕਰਦੇ ਹਨ। ਅਸਮਾਨ ਵਿੱਚ ਉਡਦੇ ਰੰਗ-ਬਿਰੰਗੇ ਪਤੰਗ ਅਦੁੱਤੀ ਨਜ਼ਾਰਾ ਪੇਸ਼ ਕਰਦੇ ਹਨ। ਇਸ ਸੁਹਾਵਣੀ ਰੁੱਤ ਵਿੱਚ ਅਨੇਕਾਂ ਲੋਕ ਗੀਤ ਉਗਮਦੇ ਹਨ। ਆਪ-ਮੁਹਾਰੇ ਹੀ ਲੋਕ ਮਨ ਝੂਮ ਉਠਦਾ ਹੈ। ਮਨ ਦਾ ਮੋਰ ਪੈਲਾਂ ਪਾਉਂਦਾ ਹੈ। ਸਜੀਆਂ-ਸੰਵਰੀਆਂ ਮੁਟਿਆਰਾਂ ਹਰ ਪਾਸੇ ਸੁਗੰਧੀ ਬਖੇਰਦੀਆਂ ਹਨ, ਜਿਨ੍ਹਾਂ ਨੂੰ ਤੱਕ ਕੇ ਭੌਰੇ ਵੀ ਭੁਲੇਖਾ ਖਾ ਜਾਂਦੇ ਹਨ:
ਜਦੋਂ ਬਿਸ਼ਨੀ ਬਾਗ਼ ਵਿੱਚ ਆਈ,
ਭੌਰਾਂ ਨੂੰ ਭੁਲੇਖਾ ਪੈ ਗਿਆ
ਇਸ ਰੁੱਤੇ ਜਦੋਂ ਕੋਈ ਗੱਭਰੂ ਬਸੰਤੀ ਚੀਰਾ ਬੰਨ੍ਹ ਕੇ ਪੇਕੀ ਬੈਠੀ ਮੁਟਿਆਰ ਨੂੰ ਸਹੁਰੀ ਮਿਲਣ ਜਾਂਦਾ ਹੈ, ਉਹ :ਅੱਗੋਂ ਨਹੋਰਾ ਦਿੰਦੀ ਹੈ-
ਕਾਹਨੂੰ ਆ ਗਿਐਂ ਸਰੋ੍ਹਂ ਦਾ ਫੁੱਲ ਬਣਕੇ
ਮਾਪਿਆਂ ਨੇ ਨਹੀਂਓਂ ਤੋਰਨੀ
ਉਸ ਦਾ ਸ਼ਿਕਵਾ ਹੈ-
ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ
ਓਦੋਂ ਕਿਉਂ ਨਾ ਆਇਆ ਮਿੱਤਰਾ
ਇਨ੍ਹੀ ਦਿਨੀਂ ਜਦੋਂ ਮੁਟਿਆਰਾਂ ਟੋਲੀ ਬਣਾ ਕੇ ਖੇਤਾਂ ਵਿੱਚੋਂ ਸਰ੍ਹੋਂ ਦਾ ਸਾਗ ਤੋੜਨ ਜਾਂਦੀਆਂ ਹਨ ਤਾਂ ਖੇਤਾਂ ਵਿੱਚ ਫਿਰਦਾ ਜੱਟ ਸਾਗ ਤੋੜਦੀ ਮੁਟਿਆਰ ਨੂੰ ਦੇਖ ਕੇ ਲਲਕਾਰਾ ਮਾਰਦਾ ਹੈ:
ਕਿਹੜੀ ਐਂ ਤੂੰ ਸਾਗ ਤੋੜਦੀ
ਹੱਥ ਸੋਚ ਕੇ ਗੰਦਲ ਨੂੰ ਪਾਈਂ
ਮੁਟਿਆਰ ਬੇਝਿਜਕ ਹੋ ਕੇ ਮੋੜਵਾਂ ਜਵਾਬ ਦਿੰਦੀ ਹੈ:
ਕਾਹਨੂੰ ਮਾਰਦੈਂ ਜੱਟਾ ਲਲਕਾਰੇ
ਕਿਹੜਾ ਤੇਰੇ ਅੰਬ ਤੋੜਲੇ
ਇਸ ਰੁੱਤੇ ਕਣਕਾਂ ਨਿੱਸਰ ਰਹੀਆਂ ਹੁੰਦੀਆਂ ਹਨ। ਜੱਟ ਭਰ ਜੋਬਨ 'ਤੇ ਆਈ ਕਣਕ ਦੀ ਫ਼ਸਲ ਨੂੰ ਦੇਖ ਕੇ ਨਸ਼ਿਆ ਜਾਂਦਾ ਹੈ। ਉਸ ਨੂੰ ਹੁਣ ਕਿਸ ਵੀ ਪਰਵਾਹ ਹੈ:
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ,
ਕਣਕਾਂ ਨਿੱਸਰ ਗਈਆਂ
ਸ਼ਾਨਾ ਮੱਤਾ ਬਸੰਤ ਪੰਚਮੀ ਦਾ ਇਹ ਤਿਉਹਾਰ ਕੇਵਲ ਬਸੰਤ ਰੁੱਤ ਦੀ ਆਮਦ ਨੂੰ ਜੀ ਆਇਆਂ ਨਹੀਂ ਆਖਦਾ, ਬਲਕਿ ਜਨ ਸਾਧਾਰਨ ਲਈ ਖੁਸ਼ਹਾਲੀ, ਸਦਭਾਵਨਾ ਅਤੇ ਮੁਹੰਬਤ ਦਾ ਸੰਦੇਸ਼ ਲੈ ਕੇ ਵੀ ਆਉਂਦਾ ਹੈ। ਇਸ ਮੌਸਮ ਵਿੱਚ ਦਰੱਖਤਾਂ ਦੇ ਫੁੱਟਦੇ ਨਵੇਂ ਪੱਤੇ ਮੌਲਦੀ ਜ਼ਿੰਦਗੀ ਦਾ ਸੁਨੇਹਾ ਦਿੰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ