ਇਮਰਾਨ ਹਾਸ਼ਮੀ ਜਲਦੀ ਹੀ ਫਿਲਮ ‘ਦਿ ਬਾਡੀ’ ਵਿੱਚ ਨਜ਼ਰ ਆਉਣ ਵਾਲਾ ਹੈ। ਉਸ ਨੇ ਪਿੱਛੇ ਜਿਹੇ ਅਮਿਤਾਭ ਬੱਚਨ ਨਾਲ ਆਪਣੀ ਅਗਲੀ ਫਿਲਮ ‘ਚਿਹਰੇ’ ਦੀ ਸ਼ੂਟਿੰਗ ਕੀਤੀ ਹੈ। ਇਮਰਾਨ ਨੇ ਹਿੰਦੀ ਫਿਲਮ ਨਗਰੀ ਵਿੱਚ ਆਪਣੇ ਲਗਭਗ ਦੋ ਦਹਾਕੇ ਲੰਬੇ ਕਰੀਅਰ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਫਿਲਮੀ ਦੁਨੀਆ 'ਚ ਹੋਣ ਵਾਲੇ ਸੰਘਰਸ਼ ਦਾ ਕਦੇ ਅੰਤ ਨਹੀਂ ਹੁੰਦਾ। ਇਮਰਾਨ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ਵਿੱਚ ਖੁਦ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਲ ਚੁਣੌਤੀ ਹੈ, ਇਸ ਲਈ ਜੇ ਕੋਈ ਅਭਿਨੇਤਾ ਕਹਿੰਦਾ ਹੈ ਕਿ ਉਹ ਅਸੁਰੱਖਿਅਤ ਨਹੀਂ ਹੈ ਤਾਂ ਉਹ ਝੂਠ ਬੋਲਦਾ ਹੈ। ਪੇਸ਼ ਹਨ ਇਮਰਾਨ ਨਾਲ ਇੱਕ ਗੱਲਬਾਤ ਦੇ ਮੁੱਖ ਅੰਸ਼ :
* ਕੁਝ ਸਮਾਂ ਪਹਿਲਾਂ ਤੁਸੀਂ ਕਿਹਾ ਸੀ ਕਿ ਅਭਿਨੇਤਾਵਾਂ ਦੇ ਮਨ 'ਚ ਅਸੁਰੱਖਿਆ ਦੀ ਭਾਵਨਾ ਹੁੰਦੀ ਹੈ। ਇਹ ਕਿਉਂ ਹੈ?
-ਜਿਵੇਂ ਮੈਂ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਅਭਿਨੇਤਾ ਸ਼ਾਇਦ ਸਭ ਤੋਂ ਵੱਧ ਅਸੁਰੱਖਿਅਤ ਵਿਅਕਤੀ ਹੈ। ਮੈਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹਾਂ ਤਾਂ ਇਸ ਦੀ ਵਜ੍ਹਾ ਹੈ ਕਿ ਸਾਡੀ ਫਿਲਮ ਨਗਰੀ ਵਿਸ਼ਾਲ ਹੈ, ਜਿਸ ਨੇ ਹਮੇਸ਼ਾ ਟੈਲੇਂਟ ਦਾ ਸਵਾਗਤ ਕੀਤਾ ਹੈ। ਅੱਜ ਇਥੇ ਚੰਗੀ ਗੱਲ ਹੈ ਕਿ ਕਈ ਪੱਖਾਂ 'ਤੇ ਕੰਮ ਮਿਲ ਰਿਹਾ ਹੈ ਅਤੇ ਜੇ ਕਿਸੇ 'ਚ ਟੈਲੇਂਟ ਹੈ ਤਾਂ ਉਸ ਨੂੰ ਕੁਝ ਨਾ ਕੁਝ ਕੰਮ ਜ਼ਰੂਰ ਮਿਲਦਾ ਰਹੇਗਾ। ਜੇ ਤੁਹਾਨੂੰ ਕੋਈ ਕਹਿੰਦਾ ਹੈ ਕਿ ਉਹ ਅਸੁਰੱਖਿਅਤ ਨਹੀਂ ਤਾਂ ਝੂਠ ਬੋਲਦਾ ਹੈ। ਇਥੇ ਕੰਪੀਟੀਸ਼ਨ 'ਚ ਰਹਿਣਾ ਸੌਖਾ ਨਹੀਂ। ਸਭ ਦਾ ਸੰਘਰਸ਼ ਚੱਲਦਾ ਹੈ। ਇਹੀ ਇਸ ਕਾਰੋਬਾਰ ਦੀ ਪ੍ਰਕ੍ਰਿਤੀ ਹੈ। ਇੱਕ ਚੀਜ਼ ਦੇ ਕਾਰਨ ਦੂਜੀ ਚੀਜ਼ ਦਾ ਰਾਹ ਬਣਦਾ ਹੈ। ਮੇਰੇ ਕੋਲ ਕੋਈ ਯੋਜਨਾ ਨਹੀਂ। ਮੌਕਾ ਲੱਭੇ ਅਤੇ ਅੱਗੇ ਵਧੇ।
* ਇੰਡਸਟਰੀ ਵਿੱਚ ਆ ਰਹੇ ਨਵੇਂ ਟੈਲੇਂਟ ਬਾਰੇ ਤੁਹਾਡੀ ਕੀ ਰਾਇ ਹੈ?
-ਅਸਲ ਵਿੱਚ ਨਵੇਂ ਕਲਾਕਾਰਾਂ ਤੋਂ ਸਾਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਉਹ ਨਵੇਂ ਆਡੀਆਜ਼ ਲੈ ਕੇ ਆਉਂਦੇ ਹਨ। ਜੇ ਤੁਹਾਡੇ 'ਚ ਕਾਬਲੀਅਤ ਹੈ ਤਾਂ ਤੁਹਾਨੂੰ ਕੰਮ ਮਿਲਦਾ ਰਹੇਗਾ, ਇਸ ਲਈ ਉਨ੍ਹਾਂ ਤੋਂ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ।
* ਨਵੇਂ ਕਲਾਕਾਰ ਕੋਲ ਕੀ ਹੈ, ਜੋ ਤੁਹਾਡੇ ਕਰੀਅਰ ਦੀ ਸ਼ੁਰੂਆਤ 'ਚ ਤੁਹਾਡੇ ਕੋਲ ਨਹੀਂ ਸੀ?
- ਮੌਜੂਦਾ ਪੀੜ੍ਹੀ ਨੂੰ ਜ਼ਿਆਦਾ ਐਕਪੋਜ਼ਰ ਮਿਲਿਆ ਹੈ। ਮੇਰਾ ਬੇਟਾ ਅਯਾਨ ਫਿਲਮਾਂ ਦੇਖ ਕੇ ਜੋ ਕੁਝ ਸਿੱਖ ਰਿਹਾ ਹੈ, ਉਹ ਨੌਜਵਾਨ ਦੇ ਰੂਪ 'ਚ ਮੇਰੇ ਤੋਂ ਕਿਤੇ ਵੱਧ ਹੈ। ਉਸ ਦੀ ਡਿਜੀਟਲ ਮਾਧਿਅਮਾਂ, ਯੂ-ਟਿਊਬ, ਸੋਸ਼ਲ ਮੀਡੀਆ ਤੱਕ ਪਹੁੰਚ ਹੈ। ਮੇਰਾ ਜਨਮ ਅੱਸੀ ਦੇ ਦਹਾਕੇ ਵਿੱਚ ਹੋਇਆ ਸੀ, ਜਦੋਂ ਸਿਰਫ ਇੱਕ ਚੈਨਲ ਦੂਰਦਰਸ਼ਨ ਸੀ। ਅਸੀਂ ਉਸ ਤੋਂ ਜੋ ਕੁਝ ਵੀ ਹੋ ਸਕਦਾ ਸੀ, ਸਿਖਿਆ ਅਤੇ ਸਮਝਿਆ। ਬਾਅਦ 'ਚ ਸੈਟੇਲਾਈਟ ਟੀ ਵੀ ਆਇਆ। ਜਦੋਂ ਨੌਜਵਾਨਾਂ ਨੂੰ ਇੰਨਾ ਕੁਝ ਦੇਖਣ ਅਤੇ ਸਮਝਣ ਦਾ ਮੌਕਾ ਮਿਲੇਗਾ ਤਾਂ ਜ਼ਾਹਰ ਹੈ ਕਿ ਉਹ ਕਮਾਲ ਦਾ ਕੰਮ ਕਰਨ ਲਈ ਤਿਆਰ ਰਹਿਣਗੇ।
* ਤੁਹਾਨੂੰ ਤਾਂ ਇੰਡਸਟਰੀ 'ਚ ਲਗਭਗ ਦੋ ਦਹਾਕੇ ਹੋਣ ਵਾਲੇ ਹਨ। ਇਸ ਸਮੇਂ ਆਪਣੇ ਕਰੀਅਰ ਨੂੰ ਕਿਹੜੇ ਪੜਾਅ 'ਤੇ ਮਹਿਸੂਸ ਕਰਦੇ ਹੋ?
- ਮੈਂ ਇਸ ਸਮੇਂ ਇੱਕ ਵੱਡੇ ਦਿਲਚਸਪ ਪੜਾਅ 'ਤੇ ਹਾਂ ਅਤੇ ਇਸ ਦੌਰ ਦਾ ਪੂਰਾ ਆਨੰਦ ਲੈ ਰਿਹਾ ਹਾਂ। ਕਾਰਨ ਇਹ ਹੈ ਕਿ ਇਸ ਸਮੇਂ ਮੈਨੂੰ ਚੰਗੇ ਕਿਰਦਾਰ ਨਿਭਾਉਣ ਦੇ ਮੌਕੇ ਮਿਲ ਰਹੇ ਹਨ। ਇਹ ਮੇਰੇ ਲਈ ਬਿਹਤਰੀਨ ਸਮਾਂ ਹੈ। ਅਤੀਤ 'ਚ ਘਰ ਚਲਾਉਣੇ ਲਈ ਮੈਂ ਕੁਝ ਫਿਲਮਾਂ ਨਾ ਚਾਹੰੁਦੇ ਹੋਏ ਵੀ ਕੀਤੀਆਂ ਸਨ, ਜੋ ਮੇਰੀ ਸੋਚ ਦੇ ਮੁਤਾਬਕ ਨਹੀਂ ਸੀ, ਪਰ ਹੁਣ ਚੰਗਾ ਸਮਾਂ ਹੈ।
* ਆਪਣੇ ਕਰੀਅਰ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਕਿਵੇਂ ਦੇਖਦੇ ਹੋ?
- ਤੁਹਾਨੂੰ ਹਰ ਫਿਲਮ ਨਾਲ ਖੁਦ ਨੂੰ ਮੁੜ ਸਥਾਪਤ ਕਰਨਾ ਪਵੇਗਾ। ਇਹ ਅਸਲ ਵਿੱਚ ਅਭਿਨੇਤਾਵਾਂ ਲਈ ਚੰਗਾ ਸਮਾਂ ਹੈ। ਡਿਜੀਟਲ ਮਾਧਿਅਮ ਤੁਹਾਨੂੰ ਵਿਸ਼ਵ ਭਰ ਦੇ ਦਰਸ਼ਕਾਂ ਤੱਕ ਪਹੁੰਚਣ ਦਾ ਮੌਕਾ ਦਿੰਦਾ ਹੈ।
* ਅੱਗੋਂ ਕਿਹੜੀਆਂ ਫਿਲਮਾਂ ਵਿੱਚ ਨਜ਼ਰ ਆਓਗੇ?
- ਮੇਰੇ ਕੋਲ ਕੁਝ ਬਹੁਤ ਚੰਗੀਆਂ ਫਿਲਮਾਂ ਹਨ। ਇਨ੍ਹਾਂ 'ਚ ਰਿਸ਼ੀ ਕਪੂਰ ਨਾਲ ਜਲਦੀ ਫਿਲਮ ‘ਦਿ ਬਾਡੀ’ ਵਿੱਚ ਨਜ਼ਰ ਆਵਾਂਗਾ। ਇਹ ਇੱਕ ਥ੍ਰਿਲਰ ਫਿਲਮ ਹੈ। ਹੋਰ ਫਿਲਮਾਂ ਵਿੱਚ ਅਮਿਤਾਭ ਬੱਚਨ ਦੇ ਨਾਲ ‘ਚਿਹਰੇ' ਤੋਂ ਇਲਾਵਾ ‘ਏਜਰਾ’ ਅਤੇ ‘ਮੁੰਬਈ ਸਾਗਾ’ ਸ਼ਾਮਲ ਹਨ।