ਪੰਜਾਬੀ ਪੋਸਟ ਸੰਪਾਦਕੀ
ਅੱਜ ਰੀਮੈਂਬਰੈਂਸ ਡੇਅ ਹੈ ਜਿਸਨੂੰ ਪੌਪੀ ਡੇਅ (Poppy Day) ਵੀ ਆਖਿਆ ਜਾਂਦਾ ਹੈ। ਪਹਿਲੀ ਵਿਸ਼ਵ ਜੰਗ ਤੋਂ ਬਾਅਦ ਇਸ ਦਿਵਸ ਨੂੰ ਵਿਸ਼ਵ ਭਰ ਵਿੱਚ ਕਾਮਨਵੈਲਥ ਮੁਲਕਾਂ ਵਿੱਚ ਉਹਨਾਂ ਜਾਂਬਾਜ਼ ਫੌਜੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਵਿਸ਼ਵ ਅਮਨ ਨੂੰ ਕਾਇਮ ਕਰਨ ਦੀ ਕੋਸਿ਼ਸ਼ ਵਿੱਚ ਖੁਦ ਭਿਆਨਕ ਲੜਾਈਆਂ ਅਤੇ ਜੰਗਾਂ ਦਾ ਸਿ਼ਕਾਰ ਬਣ ਕੇ ਸ਼ਹੀਦ ਹੋ ਚੁੱਕੇ ਹਨ। ਜੇ ਇਸ ਰਿਵਾਇਤ ਨੂੰ ਕੈਨੇਡੀਅਨ ਸੰਦਰਭ ਵਿੱਚ ਵੇਖਿਆ ਜਾਵੇ ਤਾਂ ਇਹ ਗੱਲ ਮਹਿਸੂਸ ਕੀਤੀ ਜਾਣ ਲੱਗੀ ਹੈ ਕਿ ਅੱਜ ਦੀ ਪੀੜੀ ਦੇ ਲੋਕਾਂ ਖਾਸਕਰਕੇ ਪਰਵਾਸੀ ਭਾਈਚਾਰੇ ਵਿੱਚ ਰੀਮੈਂਬਰੈਂਸ ਡੇਅ ਪ੍ਰਤੀ ਬਣਦਾ ਉਤਸ਼ਾਹ ਨਹੀਂ ਵੇਖਿਆ ਜਾਂਦਾ। ਪੋਪੀ ਫੁੱਲ ਨੂੰ ਮਾਣ ਨਾਲ ਛਾਤੀ ਉੱਤੇ ਸਜਾ ਕੇ ਚੱਲਣ ਦੀ ਮਰਿਆਦਾ ਅਤੇ ਸਥਾਨਕ ਲੀਜਨ ਦਫ਼ਤਰਾਂ ਵਿੱਚ ਇੱਕਤਰ ਹੋ ਕੇ ਪ੍ਰਾਰਥਨਾਵਾਂ ਕਰਨ ਦੀ ਦਰ ਹਰ ਸਾਲ ਘੱਟ ਹੁੰਦੀ ਜਾ ਰਹੀ ਹੈ। ਇਸਦੇ ਕਈ ਕਾਰਣ ਹੋ ਸਕਦੇ ਹਨ ਪਰ ਸੱਭ ਤੋਂ ਅਹਿਮ ਹੈ ਕਿ ਨਵੀਂ ਪੀੜੀ ਦੇ ਕੈਨੇਡੀਅਨ ਬੱਚੇ ਆਪਣੇ ਇਤਿਹਾਸ ਪ੍ਰਤੀ ਸਹੀ ਮਾਤਰਾ ਵਿੱਚ ਜਾਗਰੂਕ ਨਹੀਂ ਹਨ ਅਤੇ ਨਵੇਂ ਆਏ ਪਰਵਾਸੀ ਖੁਦ ਨੂੰ ਕੈਨੇਡੀਅਨ ਇਤਿਹਾਸ ਦਾ ਹਿੱਸਾ ਮਹਿਸੂਸ ਨਹੀਂ ਕਰਦੇ।
ਜਦੋਂ ਅਸੀਂ ਪਰਵਾਸੀਆਂ ਦੀ ਗੱਲ ਕਰਦੇ ਹਾਂ ਤਾਂ ਸਿਰਫ਼ ਪੰਜਾਬੀ ਪਰਵਾਸੀ ਨਹੀਂ ਸਗੋਂ ਇਹ ਮੁਰਾਦ ਵਿਸ਼ਵ ਦੇ ਹਰ ਖਿੱਤੇ ਵਿੱਚੋਂ ਆਉਣ ਵਾਲੇ ਪਰਵਾਸੀਆਂ ਬਾਰੇ ਹੈ। ਕੈਨੇਡਾ ਵਿੱਚ ਸਿੱਖ ਪਰਵਾਸੀਆਂ ਨੂੰ ਇਸ ਦਿਵਸ ਨਾਲ ਸਾਂਝ ਬਣਾਉਣ ਵਾਸਤੇ ਇੰਗਲੈਂਡ਼ ਦੀਆਂ ਗਲੀਆਂ ਵਿੱਚ ਪੁਰਾਣੇ ਸਮਾਨ ਵਿੱਚ ਵਿਕਣ ਲਈ ਰੱਖੇ ਹੋਏ ਪ੍ਰਾਈਵੇਟ ਫੌਜੀ ਬੁੱਕਮ ਸਿੰਘ ਦੇ ਮੈਡਲ ਦੇ ਲੱਭਣ ਤੱਕ ਉਡੀਕ ਕਰਨੀ ਪਈ। ਇਸ ਮੈਡਲ ਦੇ ਕੈਨੇਡਾ ਪੁੱਜਣ ਦੀ ਇੱਕ ਅਨੋਖੀ ਕਹਾਣੀ ਹੈ ਜਿਸਦਾ ਰਿਚਾਇਤਾ ਸੰਦੀਪ ਸਿੰਘ ਬਰਾੜ ਵਧਾਈ ਦਾ ਪਾਤਰ ਹੈ ਜਿਸਦੀ ਹਿੰਮਤ ਸਦਕਾ ਵਰਤਮਾਨ ਅਤੇ ਸਾਬਕਾ ਸਿੱਖ ਫੌਜੀ ਕਿਚਨਰ ਵਿੱਚ ਰੀਮੈਂਬਰੈਂਸ ਡੇਅ ਮਨਾਉਣ ਵਾਸਤੇ ਜੁੜਦੇ ਹਨ। ਵੈਸੇ ਵੀ ਸਿੱਖ ਭਾਈਚਾਰੇ ਲਈ ਫੌਜੀ ਰਿਵਾਇਤਾਂ ਦੀ ਕਦਰ ਕਰਨ ਅਤੇ ਉਹਨਾਂ ਦੀਆਂ ਘਾਲਣਾਵਾਂ ਉੱਤੇ ਫੁੱਲ ਚੜਾਉਣ ਦਾ ਇਤਿਹਾਸ ਚਾਰ ਸੌ ਸਾਲ ਤੋਂ ਵੱਧ ਪੁਰਾਣਾ ਹੈ ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀ ਤਲਵਾਰ ਨੂੰ ਪਹਿਨਣਾ ਆਰੰਭ ਕੀਤਾ ਸੀ। ਜੁਰਮ ਸਾਹਵੇਂ ਖੜਾ ਹੋ ਜਾਣ ਦਾ ਵਲਵਲਾ ਸਿੱਖੀ ਸੁਭਾਅ ਦਾ ਅਨਿੱਖੜਵਾਂ ਅੰਗ ਹੈ।
ਸਿੱਖੀ ਵਿੱਚ ਜੰਗਜੂ ਬਿਰਤੀ ਦੀ ਅਮੁੱਲਾ ਮਨੁੱਖੀ ਗੁਣ ਸਮਝ ਕੇ ਕਦਰ ਕੀਤੀ ਜਾਂਦੀ ਹੈ ਪਰ ਤਾਂ ਵੀ ਪੰਜਾਬ ਜਾਂ ਹੋਰ ਥਾਵਾਂ ਤੋਂ ਆਏ ਬਹੁਤ ਸਾਰੇ ਪੰਜਾਬੀ ਪਰਵਾਸੀ ਰੀਮੈਂਬਰੈਂਸ ਡੇਅ ਦੀ ਛੋਹ ਤੋਂ ਕੋਰੇ ਰਹਿ ਜਾਂਦੇ ਹਨ। ਕਿਸੇ ਮੁਲਕ ਅਤੇ ਸਮਾਜ ਦਾ ਅਮੀਰ ਗਰੀਬ ਹੋਣਾ ਇੱਕ ਅਲੱਗ ਵਿਸ਼ਾ ਹੈ ਜਦੋਂ ਕਿ ਦੇਸ਼ ਭਗਤੀ ਦੀ ਭਾਵਨਾ ਰੱਖਣਾ ਬੁਨਿਆਦੀ ਜਜ਼ਬਾ ਹੋਣਾ ਚਾਹੀਦਾ ਹੈ। ਸਾਡੇ ਵਿੱਦਿਅਕ ਸਿਸਟਮ ਵਿੱਚ ਇਹ ਨੁਕਸ ਹੈ ਕਿ ਨਵੀਂ ਪੀੜੀ ਦੇ ਬੱਚਿਆਂ ਨੂੰ ਉਹਨਾਂ ਦੇ ਗੌਰਵਮਈ ਵਿਰਸੇ ਨਾਲ ਜੁੜਨ ਵਾਸਤੇ ਬਣਦੇ ਯੋਜਨਾਬੱਧ ਯਤਨ ਨਹੀਂ ਕੀਤੇ ਜਾ ਰਹੇ। ਸਿੱਟੇ ਵਜੋਂ ਕੈਨੇਡੀਅਨ ਫੌਜਾਂ ਨੂੰ ਸਹੀ ਮਾਤਰਾ ਵਿੱਚ ਜਵਾਨ ਅਤੇ ਅਫ਼ਸਰ ਨਹੀਂ ਮਿਲ ਰਹੇ ਜਿਸ ਕਾਰਣ ਫੌਜ ਦੀ ਨਫ਼ਰੀ ਵਿੱਚ 10 ਤੋਂ 15% ਤੱਕ ਦੀ ਕਮੀ ਹੋ ਚੁੱਕੀ ਹੈ। ਫੌਜ ਵਿੱਚ ਨੌਜਵਾਨਾਂ ਦੇ ਘੱਟ ਭਰਤੀ ਘੱਟ ਹੋਣ ਦੇ ਕਈ ਕਾਰਣ ਹਨ ਜਿਹਨਾਂ ਵਿੱਚ ਸਿਵਲ ਸੈਕਟਰ ਵਿੱਚ ਬੇਰੁਜ਼ਗਾਰੀ ਦਾ ਘੱਟ ਹੋਣਾ, ਕੈਨੇਡੀਅਨ ਜਨਸੰਖਿਆ ਦਾ ਵਿਸ਼ਵ ਦੇ ਵੱਖੋ ਵੱਖਰੇ ਹਿੱਸਿਆਂ ਚੋਂ ਉਹਨਾਂ ਪਰਵਾਸੀਆਂ ਸਹਾਰੇ ਵੱਧਣਾ ਹੈ ਜਿਹਨਾਂ ਦੀ ਫੌਜ ਦੀ ਨੌਕਰੀ ਕਰਨ ਵਿੱਚ ਰੁਚੀ ਨਹੀਂ ਹੁੰਦੀ।
ਰੀਮੈਂਬਰੈਂਸ ਡੇਅ ਇੱਕ ਅਵਸਰ ਹੈ ਜੋ ਸਾਡੀ ਆਪਣੇ ਮੁਲਕ ਨਾਲ ਸਾਂਝ ਨੂੰ ਪੀਢਾ ਕਰਨ ਕਰਨ ਲਈ ਚੁਣਿਆ ਗਿਆ ਹੈ। ਪਰਵਾਸੀ ਭਾਈਚਾਰਿਆਂ, ਖਾਸਕਰਕੇ ਜਿਹਨਾਂ ਵਿੱਚ ਫੌਜ ਵਿੱਚ ਨੌਕਰੀ ਕਰਨ ਦੀ ਰਿਵਾਇਤ ਘੱਟ ਰਹੀ ਹੈ ਜਾਂ ਬਿਲਕੁਲ ਨਹੀਂ ਰਹੀ, ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਇਹ ਸੰਦੇਸ਼ ਵੀ ਫੈਲਾਏ ਜਾਣ ਦੀ ਲੋੜ ਹੈ ਕਿ ਜੋ ਅਜ਼ਾਦੀ ਅੱਜ ਅਸੀਂ ਮਾਣ ਰਹੇ ਹਾਂ ਉਸਨੂੰ ਮੁਹਈਆ ਕਰਵਾਉਣ ਵਿੱਚ ਲੱਖਾਂ ਬਹਾਦਰਾਂ ਫੌਜੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਫੌਜ ਵਿੱਚ ਭਰਤੀ ਹੋਣਾ ਇੱਕ ਅੱਛਾ ਰੁਜ਼ਗਾਰ ਤਾਂ ਹੈ ਹੀ, ਇਹ ਮਨੁੱਖ ਦੇ ਬਹਾਦਰ ਹੋਣ ਦੀ ਨਿਸ਼ਾਨੀ ਅਤੇ ਕਿਸੇ ਵਾਸਤੇ ਖੁਦ ਨੂੰ ਕੁਰਬਾਨ ਕਰਨ ਦੇ ਜਜ਼ਬੇ ਦੀ ਪ੍ਰਤੀਕ ਹੈ। ਰੀਮੈਂਬਰੈਂਸ ਡੇਅ ਮਹਿਜ ਵਿਖਾਵਾ ਨਹੀਂ ਸਗੋਂ ਦੇਸ਼ ਕੌਮ ਲਈ ਕੁੱਝ ਸਾਰਥਕ ਕਰ ਗੁਜ਼ਰਨ ਲਈ ਹੋਕਾ ਦੇਣ ਦਾ ਦਿਨ ਹੈ।