ਬੀਜਿੰਗ, 7 ਨਵੰਬਰ (ਪੋਸਟ ਬਿਊਰੋ)- ਚੀਨ ਨੇ ਬੱਚਿਆਂ ਵਿੱਚ ਆਨਲਾਈਨ ਗੇਮ ਖੇਡਣ ਦੀ ਵਧਦੀ ਆਦਤ ਨੂੰ ਕੰਟਰੋਲ ਕਰਨ ਦੇ ਸਖ਼ਤ ਕਦਮ ਚੁੱਕੇ ਹਨ। ਇਸ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਹੇਠ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦਿਨ ਵੇਲੇ 90 ਮਿੰਟ ਤੋਂ ਵੱਧ ਆਨਲਾਈਨ ਗੇਮ ਨਹੀਂ ਖੇਡ ਸਕਣਗੇ। ਇਹੀ ਨਹੀਂ, ਰਾਤ 10 ਵਜੇ ਤੋਂ ਸਵੇਰੇ ਅੱਠ ਵਜੇ ਤਕ ਗੇਮ ਖੇਡਣ ਉੱਤੇ ਪਾਬੰਦੀ ਰਹੇਗੀ।
ਨਵੇਂ ਨਿਰਦੇਸ਼ਾਂ ਵਿਚ ਆਨਲਾਈਨ ਗੇਮ ਖੇਡਣ ਉੱਤੇ ਖ਼ਰਚ ਹੋ ਰਹੀ ਰਾਸ਼ੀ ਉੱਤੇ ਕੈਂਚੀ ਲਾਈ ਗਈ ਹੈ। ਇਹ ਬੱਚੇ ਇਸ ਗੇਮ ਉੱਤੇ ਹਰ ਮਹੀਨੇ 200 ਯੁਆਨ (ਕਰੀਬ ਦੋ ਹਜ਼ਾਰ ਰੁਪਏ) ਤੋਂ ਵੱਧ ਖ਼ਰਚ ਨਹੀਂ ਕਰ ਸਕਣਗੇ। 16 ਤੋਂ 18 ਸਾਲ ਦੀ ਉਮਰ ਦੇ ਨਾਬਾਲਿਗ਼ਾਂ ਲਈ ਇਹ ਹੱਦ 400 ਯੁਆਨ (ਕਰੀਬ ਚਾਰ ਹਜ਼ਾਰ ਰੁਪਏ) ਰੱਖੀ ਹੈ। ਨਵੇਂ ਨਿਯਮਾਂ ਹੇਠ ਗੇਮ ਖੇਡਣ ਵਾਲੇ ਬੱਚਿਆਂ ਨੂੰ ਆਪਣੇ ਅਸਲੀ ਨਾਂ ਉੱਤੇ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਉਨ੍ਹਾਂ ਨੂੰ ਚੀਨੀ ਮੈਸੇਜਿੰਗ ਸੋਸ਼ਲ ਮੀਡੀਆ ਵੀਚੈਟ ਉੱਤੇ ਆਪਣੇ ਅਕਾਊਂਟ, ਫੋਨ ਨੰਬਰ ਜਾਂ ਆਈ ਡੀ ਨੰਬਰ ਵਰਗੇ ਵੇਰਵੇ ਦੇਣੇ ਹੋਣਗੇ। ਸਰਕਾਰ ਇਨ੍ਹਾਂ ਨਿਰਦੇਸ਼ਾਂ ਵਿਚ ਗੇਮ ਨਿਰਮਾਤਾਵਾਂ ਤੋਂ ਆਪਣੇ ਗੇਮ ਕੰਟੈਂਟ ਅਤੇ ਨਿਯਮਾਂ ਵਿਚ ਬਦਲਾਅ ਕਰਨ ਨੂੰ ਵੀ ਕਿਹਾ ਹੈ।
ਚੀਨ ਵਿਚ ਦੁਨੀਆ ਦਾ ਸਭ ਤੋਂ ਵੱਡਾ ਵੀਡੀਓ ਗੇਮ ਬਾਜ਼ਾਰ ਹੈ ਪ੍ਰੰਤੂ ਬੱਚਿਆਂ ਦੀ ਨੇੜੇ ਦੀ ਨਜ਼ਰ ਕਮਜ਼ੋਰ ਹੋਣ ਅਤੇ ਆਨਲਾਈਨ ਗੇਮ ਦੀ ਆਦਤ ਬਾਰੇ ਵੱਧਦੀਆਂ ਚਿੰਤਾਵਾਂ ਵਿਚਕਾਰ ਚੀਨੀ ਸਰਕਾਰ ਵੀਡੀਓ ਗੇਮ ਇੰਡਸਟਰੀ ਉੱਤੇ ਕੁਝ ਰੋਕਾਂ ਲਗਾ ਰਹੀ ਹੈ। ਬੱਚਿਆਂ ਦੇ ਆਨਲਾਈਨ ਗੇਮ ਖੇਡਣ ਉੱਤੇ ਕੁਝ ਰੋਕਾਂ ਲਾਉਣ ਨਾਲ ਚੀਨੀ ਸੋਸ਼ਲ ਮੀਡੀਆ ਵੀਬੋ ਉੱਤੇ ਵੀਰਵਾਰ ਬਹਿਸ ਛਿੜ ਗਈ। 21 ਕਰੋੜ ਯੂਜ਼ਰ ਵਾਲੇ ਇਸ ਸੋਸ਼ਲ ਮੀਡੀਆ ਉੱਤੇ ਇਕ ਜਣੇ ਨੇ ਲਿਖਿਆ, ‘ਨਵੇਂ ਨਿਰਦੇਸ਼ ਤੋਂ ਜ਼ਾਹਿਰ ਹੈ ਕਿ ਨਾਬਾਲਿਗ਼ ਉਮਰ ਦੇ ਬੱਚੇ ਗੇਮਾਂ ਨਹੀਂ ਖੇਡ ਸਕਦੇ, ਕਿਉਂਕਿ ਚੀਨ ਵਿਚ ਜ਼ਿਆਦਾਤਰ ਨਾਬਾਲਿਗ਼ਾਂ ਨੂੰ ਸਕੂਲ ਜਾਣਾ ਪੈਂਦਾ ਹੈ, ਜੋ ਸਵੇਰੇ ਸਾਢੇ ਛੇ ਵਜੇ ਸ਼ੁਰੂ ਹੋ ਕੇ ਰਾਤ 10 ਵਜੇ ਖ਼ਤਮ ਹੁੰਦਾ ਹੈ।`