ਚੰਡੀਗੜ੍ਹ, 21 ਸਤੰਬਰ (ਪੋਸਟ ਬਿਊਰੋ): ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪੰਜਾਬੀਆਂ ਦਾ ਮਾਣ ਮੰਨੇ ਜਾਂਦੇ ਗਾਇਕ ਗੁਰਦਾਸ ਮਾਨ ਦੀ ਕੈਨੇਡਾ ਦੇ ਇਕ ਰੇਡੀਓ ਨੂੰ ਦਿੱਤੀ ਇੰਟਰਵੀਊ ਦਾ ਇੱਕ ਛੋਟਾ ਜਿਹਾ ਕਲਿੱਪ ਕਾਫੀ ਵਾਇਰਲ ਹੋ ਰਿਹਾ ਹੈ। ਇਸ ਕਲਿੱਪ 'ਚ ਗੁਰਦਾਸ ਮਾਨ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਹੈ ਤਾਂ ਹਿੰਦੀ ਸਾਡੀ ਮਾਸੀ ਹੈ ਤੇ ਇਸਨੂੰ ਸਿੱਖਣ 'ਚ ਕੋਈ ਹਰਜ਼ ਵੀ ਨਹੀਂ ਹੋਣਾ ਚਾਹੀਦਾ। ਜਿਸ 'ਤੇ ਹਰ ਕੋਈ ਟਿੱਪਣੀ ਕਰ ਰਿਹਾ ਹੈ।
ਵੀਡੀਓ ਦੇਖਣ ਲਈ ਦਿੱਤੇ ਲਿੰਕ ਤੇ ਕਲਿਕ ਕਰੋ...
https://www.youtube.com/watch?v=hX-JOvNC2nU&feature=youtu.be
https://www.facebook.com/punjabipostcanada/videos/2431460506943203/
ਗੁਰਦਾਸ ਮਾਨ ਦੇ ਕਹੇ ਇੰਨ੍ਹਾਂ ਸ਼ਬਦਾਂ 'ਤੇ ਸੋਸ਼ਲ ਮੀਡੀਆ 'ਤੇ ਅਜਿਹਾ ਵਿਵਾਦ ਛਿੜਿਆ ਕਿ ਹਰ ਕੋਈ ਉਸਦੇ ਖਿਲਾਫ ਪੋਸਟਾਂ ਸ਼ੇਅਰ ਕਰ ਰਿਹਾ ਹੈ। ਇੱਥੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਭਾਸ਼ਾ ਲਈ ਕੁਝ ਗਲਤ ਨਹੀਂ ਕਿਹਾ। ਪਰ ਸੋਸ਼ਲ ਮੀਡੀਆ 'ਤੇ ਪੈਦਾ ਹੋਏ ਇਸ ਵਿਵਾਦ 'ਚੋਂ ਗੁਰਦਾਸ ਮਾਨ ਕਿਸ ਤਰ੍ਹਾਂ ਬਾਹਰ ਨਿਕਲੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਗੁਰਦਾਸ ਮਾਨ ਨੇ ਸਪਸ਼ਟ ਲਫਜ਼ਾਂ 'ਚ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਮਾਨ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ‘ਇਕ ਦੇਸ਼, ਇਕ ਭਾਸ਼ਾ’ ਹੋਵੇ। ਇੰਟਰਵੀਊ `ਚ ਗੁਰਦਾਨ ਮਾਨ ਨੇ ਕਿਹਾ ਕਿ ਦੇਸ਼ 'ਚ ਇੱਕ ਭਾਸ਼ਾ ਹੋਵੇ ਤਾਂ ਚੰਗਾ ਹੈ ਕਿਉਂਕਿ ਜੇਕਰ ਕੋਈ ਸ਼ਖਸ ਦੱਖਣ ਵੱਲ੍ਹ ਜਾਂਦਾ ਹੈ ਤਾਂ ਉਸਨੂੰ ਉਥੋਂ ਦੀ ਭਾਸ਼ਾ ਨਹੀਂ ਆਉਂਦੀ ਤੇ ਨਾ ਹੀ ਉਨ੍ਹਾਂ ਨੂੰ ਤੁਹਾਡੀ ਖੇਤਰੀ ਭਾਸ਼ਾ ਆਉਂਦੀ ਹੈ। ਦੋਵੇਂ ਇੱਕ ਦੂਜੇ ਦੇ ਮੂੰਹ ਵੱਲ੍ਹ ਦੇਖਦੇ ਰਹਿਣਗੇ ਕਿ ਅਗਲਾ ਕਹਿਣਾ ਕੀ ਚਾਹੁੰਦਾ ਹੈ। ਪਰ ਉਥੇ ਹੀ ਜੇਕਰ ਪੂਰੇ ਦੇਸ਼ 'ਚ ਇੱਕ ਭਾਸ਼ਾ, ਜੋ ਕਿ ਹਿੰਦੀ ਨੂੰ ਜਾਣਦਾ ਹੋਏਗਾ ਤਾਂ ਇਸਨੂੰ ਸਮਝਣਾ ਅਸਾਨ ਹੋਏਗਾ। ਉਸ ਨੇ ਕਿਹਾ ਕਿ ਪੰਜਾਬ `ਚ ਸਾਰੇ ਹਿੰਦੀ ਗਾਣੇ ਵੀ ਸੁਣਦੇ ਹਨ, ਜੇਕਰ ਹਿੰਦੀ ਸੁਣ ਸਕਦੇ ਹਨ ਤਾਂ ਪੜ੍ਹ ਵੀ ਸਕਦੇ ਹਾਂ। ਗੁਰਦਾਸ ਨੇ ਪੰਜਾਬੀ ਅਤੇ ਹਿੰਦੀ ਦੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਸਪਸ਼ਟ ਕਿਹਾ ਕਿ ਜੇਕਰ ਆਪਾਂ ਆਪਣੀ ਮਾਂ ਬੋਲੀ `ਤੇ ਜ਼ੋਰ ਦਿੰਦੇ ਹਾਂ ਤਾਂ ਆਪਣੀ ਮਾਸੀ ਭਾਵ ਹਿੰਦੀ `ਤੇ ਜ਼ੋਰ ਦੇਣ 'ਚ ਕੀ ਹਰਜ ਹੈ।