-ਪ੍ਰੈੱਸ ਕਲੱਬ ਮੋਹਾਲੀ ਵੱਲੋਂ ਕਰਵਾਈ ਗਈ ‘ਦੀਵਾਲੀ ਨਾਈਟ’ ਚ ਕੀਤੀ ਸਿ਼ਰਕਤ
ਮੋਹਾਲੀ, 27 ਅਕਤੂਬਰ (ਗਿਆਨ ਸਿੰਘ): ਪੇਂਡੂ ਵਿਕਾਸ ਤੇ ਪੰਚਾਇਤ, ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਇੱਥੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਸੈਰ ਸਪਾਟਾ ਉਦਯੋਗ ਨੂੰ ਹੁਲਾਰਾ ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਅਮੀਰ ਸੱਭਿਆਚਾਰਕ ਵਿਰਾਸਤ ਵਾਲਾ ਪ੍ਰਦੇਸ਼ ਹੈ, ਜਿੱਥੇ ਸੈਰ ਸਪਾਟਾ ਸਨਅਤ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਪ੍ਰੈਸ ਕਲੱਬ ਐਸ ਏ ਐਸ ਨਗਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੋਹਾਲੀ ਸ਼ਹਿਰ ਦੇ ਵਿੱਚ ਸੱਭਿਆਚਾਰਕ, ਧਾਰਮਿਕ ਅਤੇ ਸਮਾਜ ਸੇਵਾ ਦੇ ਕੰਮਾਂ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਦੇ ਮੈਂਬਰਾਂ ਦੀ ਭਲਾਈ ਲਈ ਵੀ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਕਾਬਿਲੇ ਤਾਰੀਫ ਹੈ। ਮੰਤਰੀ ਸੌਂਦ ਨੇ ਹੋਰ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਨਾਲ ਸੰਬੰਧਿਤ ਸਕੀਮਾਂ ਨੂੰ ਪਹਿਲ ਦੇ ਆਧਾਰ ‘ਤੇ ਲਾਗੂ ਕੀਤਾ ਜਾ ਰਿਹਾ ਹੈ ਅਤੇ ਅੱਜ ਪੰਜਾਬ ਦੇ ਮੰਤਰੀ, ਵਿਧਾਇਕ ਅਤੇ ਹਰ ਪਾਰਟੀ ਵਰਕਰ ਵੱਲੋਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਸਮਾਂ ਰਹਿੰਦਿਆਂ ਹੱਲ ਕੀਤਾ ਜਾ ਰਿਹਾ ਹੈ।
ਕੈਬਿਨਟ ਮੰਤਰੀ ਸੌਂਦ ਨੇ ਕਿਹਾ ਕਿ ਪਿਛਲੇ ਦਿਨੀਂ ਹੀ ਉਨ੍ਹਾਂ ਵੱਲੋਂ ਆਪਣੇ ਕੋਲ ਮੌਜੂਦ ਉਦਯੋਗ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਲਈ ਗਈ ਹੈ ਅਤੇ ਉਦਯੋਗ ਜਗਤ ਨਾਲ ਸੰਬੰਧਿਤ ਵਪਾਰੀ ਵਰਗ ਦੀਆਂ ਲਟਕਦੀਆਂ ਮੰਗਾਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪ੍ਰੈਸ ਕਲੱਬ ਐਸ.ਏ.ਐਸ ਨਗਰ ਵੱਲੋਂ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਅਤੇ ਜਰਨਲ ਸਕੱਤਰ ਪਰਦੀਪ ਸਿੰਘ ਹੈਪੀ ਦੀ ਅਗਵਾਈ ਹੇਠ ਕਰਵਾਈ ਗਈ ਇਸ ਸੰਗੀਤਕ ਚਾਨਣੀ ਰਾਤ-2024 ਦੇ ਦੌਰਾਨ ਮੁੱਖ ਮਹਿਮਾਨ ਵਜੋਂ ਮੋਹਾਲੀ ਦੇ ਫੇਸ-6 ਵਿਖੇ ਸਥਿਤ ਡਬਲਿਊ ਡਬਲਿਊ ਆਈ.ਸੀ.ਐਸ. ਦੇ ਕੰਪਲੈਕਸ ਵਿੱਚ ਸ਼ਿਰਕਤ ਕੀਤੀ ਗਈ, ਜਦ ਕਿ ਸਮਾਗਮ ਦਾ ਉਦਘਾਟਨ ਵਿਧਾਇਕ ਐੱਸ ਏ ਐੱਸ ਨਗਰ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਚੇਅਰਪਰਸਨ ਜਿ਼ਲ੍ਹਾ ਯੋਜਨਾ ਕਮੇਟੀ, ਮੋਹਾਲੀ, ਇੰਜੀਨੀਅਰ ਪ੍ਰਭਜੋਤ ਕੌਰ, ਆਪ ਨੇਤਾ ਹਰਸੁਖਇੰਦਰ ਸਿੰਘ ਬੱਬੀ ਬਾਦਲ, ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ ਕੁਲਜੀਤ ਸਿੰਘ ਬੇਦੀ, ਆਪ ਨੇਤਾ ਸੁਰਿੰਦਰ ਸਿੰਘ ਰੋਡਾ ਸੁਹਾਣਾ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।
ਸੱਭਿਆਚਾਰਕ ਸਮਾਗਮ ਦੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ, ਬਾਈ ਹਰਦੀਪ ਅਤੇ ਸਤਵੀਰ ਸੱਤੀ ਨੇ ਹਾਜ਼ਰੀਨ ਦਾ ਮਨੋਰੰਜਨ ਕੀਤਾ। ਸੱਭਿਆਚਾਰਕ ਸ਼ਾਮ ਦੇ ਦੌਰਾਨ ਫਿਲਮ ਅਭਿਨੇਤਰੀ ਪੂਨਮ ਸੂਦ, ਵੀਡੀਓ ਡਾਇਰੈਕਟਰ ਜਸਵਿੰਦਰ ਸਿੰਘ ਜੱਸੀ, ਪ੍ਰਸਿੱਧ ਉਦਯੋਗਪਤੀ ਮਨਜੀਤ ਸਿੰਘ ਖੁਰਲ ਦਾ ਪ੍ਰੈੱਸ ਕਲੱਬ ਐੱਸ.ਏ.ਐੱਸ ਨਗਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਟੇਟ ਐਵਾਰਡੀ ਫੂਲਰਾਜ ਸਿੰਘ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੌਰਾਨ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ ਵੱਲੋਂ ਹਾਜ਼ਰੀਨ ਮਹਿਮਾਨਾਂ ਦਾ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ ਗਿਆ।