ਟੋਰਾਂਟੋ, 9 ਸਤੰਬਰ (ਪੋਸਟ ਬਿਊਰੋ): ਸਾਬਕਾ ਫ਼ੈਸ਼ਨ ਦਿੱਗਜ ਪੀਟਰ ਨਿਆਗਾਰਡ ਨੂੰ ਟੋਰਾਂਟੋ ਵਿੱਚ ਯੌਨ ਸ਼ੋਸ਼ਣ ਦੇ ਮਾਮਲਿਆਂ ਵਿੱਚ 11 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਸੋਮਵਾਰ ਨੂੰ ਜਸਟਿਸ ਰਾਬਰਟ ਗੋਲਡਸਟੀਨ ਨੇ ਇਹ ਸਜ਼ਾ ਸੁਣਾਈ। ਕਰੀਬ 10 ਮਹੀਨੇ ਪਹਿਲਾਂ ਨਵੰਬਰ 2023 ਵਿੱਚ ਨਿਆਗਾਰਡ ਨੂੰ ਯੌਨ ਸ਼ੋਸ਼ਣ ਦੇ ਚਾਰ ਮਾਮਲੀਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਪਰ ਪੰਜਵੇਂ ਮਾਮਲੇ ਅਤੇ ਜ਼ਬਰਨ ਬੰਧਕ ਬਣਾਉਣ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਉਨ੍ਹਾਂ `ਤੇ 10 ਸਾਲ ਲਈ ਹਥਿਆਰ ਪਾਬੰਦੀ, ਡੀਬੀਏ ਆਰਡਰ ਵੀ ਹੋਵੇਗਾ ਅਤੇ ਉਹ 20 ਸਾਲ ਤੱਕ ਯੌਨ ਅਪਰਾਧੀ ਰਜਿਸਟਰੀ ਵਿੱਚ ਰਹਿਣਗੇ।
ਸਜ਼ਾ ਤੋਂ ਪਹਿਲਾਂ ਹਿਰਾਸਤ ਤੋਂ ਬਾਅਦ ਨਿਆਗਾਰਡ ਦੇ ਕੋਲ ਆਪਣੀ ਸਜ਼ਾ ਪੂਰੀ ਕਰਨ ਲਈ 6.7 ਸਾਲ ਬਚੇ ਹਨ। ਜਸਟਟਿਸ ਗੋਲਡਸਟੀਨ ਨੇ ਕਿਹਾ ਕਿ ਨਿਆਗਾਰਡ 21 ਮਹੀਨਿਆਂ ਵਿੱਚ ਡੇ ਪੈਰੋਲ ਅਤੇ 27 ਮਹੀਨਿਆਂ ਵਿੱਚ ਫੁਲ ਪੈਰੋਲ ਲਈ ਯੋਗ ਹੋਣਗੇ।
ਨਿਗਾਰਡ ਇੱਕ ਫ਼ੈਸ਼ਨ ਟਾਇਕੂਨ ਸਨ ਅਤੇ ਇੱਕ ਸਮੇਂ ਉਨ੍ਹਾਂ ਨੇ ਇੱਕ ਸਫਲ ਮਹਿਲਾ ਫ਼ੈਸ਼ਨ ਕੰਪਨੀ ਦੀ ਅਗਵਾਈ ਕੀਤੀ ਸੀ। ਉਨ੍ਹਾਂ `ਤੇ 1980 ਤੋਂ ਲੈ ਕੇ 2000 ਦੇ ਮੱਧ ਤੱਕ ਆਪਣੇ ਟੋਰਾਂਟੋ ਹੈੱਡਕੁਆਟਰ ਵਿੱਚ ਕਈ ਔਰਤਾਂ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਸੀ।