ਚੰਡੀਗੜ੍ਹ, 11 ਅਗਸਤ (ਪੋਸਟ ਬਿਊਰੋ): ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਅਮਲੋਹ ਤੇ ਪੰਚਾਇਤਾਂ ਨੂੰ ਜਾਰੀ ਸਰਕਾਰੀ ਫੰਡਾਂ ਵਿੱਚ 40,85,175 ਰੁਪਏ ਦੀ ਕਰਨ ਹੇਰਾਫੇਰੀ ਦੇ ਦੋਸ਼ ਹੇਠ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਡੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ ਅਤੇ ਇੱਕ ਨਿੱਜੀ ਵਿਅਕਤੀ ਹੰਸਪਾਲ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਸ ਘਪਲੇਬਾਜੀ ਸਬੰਧੀ ਅਮਲੋਹ ਦੇ ਤੱਤਕਾਲੀ ਬੀ.ਡੀ.ਪੀ.ਓ. ਕੁਲਵਿੰਦਰ ਸਿੰਘ ਰੰਧਾਵਾ (ਹੁਣ ਡੀ.ਡੀ.ਪੀ.ਓ) ਸਮੇਤ ਪੰਜ ਵਿਅਕਤੀਆਂ ਵਿਰੁੱਧ ਵਿਜੀਲੈਂਸ ਥਾਣਾ ਪਟਿਆਲਾ ਰੇਂਜ ਵਿਖੇ ਆਈ.ਪੀ.ਸੀ. ਦੀ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਤੇ 13 (2) ਤਹਿਤ ਐਫ.ਆਈ.ਆਰ. ਨੰਬਰ 37 ਮਿਤੀ 09.08.2024 ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਉਕਤ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਕੁੱਝ ਪ੍ਰਾਈਵੇਟ ਫਰਮਾਂ ਅਤੇ ਇੱਕ ਨਿੱਜੀ ਵਿਅਕਤੀ ਦੇ ਨਾਂ 'ਤੇ ਜਾਅਲੀ ਫੰਡ ਜਾਰੀ ਕਰਕੇ ਸਰਕਾਰੀ ਫੰਡਾਂ ਵਿੱਚ 40,85,175 ਰੁਪਏ ਦੀ ਹੇਰਾਫੇਰੀ ਕੀਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਮੁਲਜ਼ਮ ਕੁਲਵਿੰਦਰ ਸਿੰਘ ਰੰਧਾਵਾ (ਤਤਕਾਲੀ ਬੀਡੀਪੀਓ ਅਮਲੋਹ) ਅਤੇ ਇੱਕ ਨਿੱਜੀ ਵਿਅਕਤੀ ਹੰਸਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।