ਟੋਰਾਂਟੋ, 8 ਅਗਸਤ (ਪੋਸਟ ਬਿਊਰੋ): ਵੇਸਟਜੈੱਟ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਏਅਰਲਾਈਨ ਨੇ ਮੁਸਾਫਰਾਂ ਨੂੰ ਭੋਜਨ ਅਤੇ ਹੋਟਲ ਵਿੱਚ ਠਹਿਰਣ ਦੀ ਲੋੜ ਹੋਣ `ਤੇ ਕਿੰਨਾ ਭੁਗਤਾਨ ਕੀਤਾ ਜਾਵੇਗਾ, ਇਸ `ਤੇ ਕੈਪ ਲਗਾਇਆ ਹੈ, ਜਿਸਨੂੰ ਪੈਸੇਂਜਰ ਰਾਈਟਸ ਗਰੁੱਪ ਨੇ ਗ਼ੈਰਕਾਨੂੰਨੀ ਦੱਸਿਆ ਹੈ।
ਗਰੁੱਪ ਨੇ ਏਅਰਲਾਈਨ ਖਿਲਾਫ ਮੁਆਵਜ਼ੇ ਦੀ ਰਾਸ਼ੀ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਹੈ, ਜੋ ਉਡਾਨ ਵਿੱਚ ਦੇਰੀ ਜਾਂ ਰੱਦ ਹੋਣ ਕਾਰਨ ਭੋਜਨ ਅਤੇ ਹੋਟਲ ਵਿੱਚ ਠਹਿਰਣ ਦੇ ਬਿੱਲ ਨਾਲ ਮੁਸਾਫਰਾਂ ਨੂੰ ਦਿੱਤੀ ਜਾਂਦੀ ਹੈ।
ਏਅਰ ਪੈਸੇਂਜਰ ਰਾਈਟਸ ਦੇ ਪ੍ਰਧਾਨ ਗੈਬਰ ਲੁਕਾਕਸ ਨੇ ਕਿਹਾ ਕਿ ਅਸੀਂ ਬਸ ਲੋਕਾਂ ਦੀ ਜੇਬ ਵਿੱਚ ਪੈਸਾ ਵਾਪਿਸ ਪਾਉਣਾ ਚਾਹੁੰਦੇ ਹਾਂ, ਜੋ ਮੁਸਾਫਰਾਂ ਦਾ ਹੈ, ਇਹ ਉਹ ਗਰੁੱਪ ਹੈ ਜਿਸਨੇ ਵੇਸਟਜੈੱਟ ਦੀ ਅਦਾਇਗੀ ਨੀਤੀਆਂ ਲਈ ਬ੍ਰਿਟਿਸ਼ ਕੋਲੰਬੀਆ ਵਿੱਚ ਮੁਕੱਦਮਾ ਦਰਜ ਕੀਤਾ ਸੀ।
ਵੇਸਟਜੈੱਟ ਵੈੱਬਸਾਈਟ ਅਨੁਸਾਰ ਗੈਰ-ਕੈਨੇਡੀਅਨ ਡਿਸਟੀਨੇਸ਼ਨ ਲਈ ਪ੍ਰਤੀ ਰਾਤ ਹੋਟਲ ਵਿੱਚ ਠਹਿਰਣ ਲਈ 150 ਡਾਲਰ ਜਾਂ 200 ਡਾਲਰ ਦੀ ਕੈਪ ਹੈ ਅਤੇ ਭੋਜਨ ਖ਼ਰਚ ਲਈ ਪ੍ਰਤੀ ਦਿਨ 45 ਡਾਲਰ ਦੀ ਕੈਪ ਹੈ।
ਗਰੁੱਪ ਦਾ ਕਹਿਣਾ ਹੈ ਕਿ ਇਹ ਕੈਪਸ ਕਾਨੂੰਨ ਦੇ ਵਿਰੁੱਧ ਹਨ। ਲੁਕਾਕਸ ਨੇ ਦੱਸਿਆ, ਕਾਨੂੰਨ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਜੋ ਵੇਸਟਜੈੱਟ ਨੂੰ ਮੁਸਾਫਰਾਂ ਦੇ ਭੋਜਨ ਅਤੇ ਹੋਟਲ ਨੂੰ ਪੂਰੀ ਤਰ੍ਹਾਂ ਨਾਲ ਕਵਰ ਨਾ ਕਰਨ ਦਾ ਬਹਾਨਾ ਪ੍ਰਦਾਨ ਕਰੇ, ਜਦੋਂ ਕਿਸੇ ਕਾਰਨ ਉਡਾਨ ਪੂਰੀ ਤਰ੍ਹਾਂ ਨਾਲ ਵਾਹਕ ਦੇ ਕਾਬੂ ਵਿੱਚ ਹੋਵੇ।
ਆਮ ਤੌਰ `ਤੇ ਜੇਕਰ ਕੋਈ ਉਡਾਨ ਰੱਦ ਹੋ ਜਾਂਦੀ ਹੈ, ਤਾਂ ਏਅਰਲਾਈਨ ਭੋਜਨ ਅਤੇ ਹੋਟਲ ਦੇ ਕਮਰੇ ਲਈ ਵਾਊਚਰ ਪ੍ਰਦਾਨ ਕਰੇਗੀ, ਜਾਂ ਤੁਹਾਨੂੰ ਖੁਦ ਹੀ ਉਨ੍ਹਾਂ ਲਈ ਭੁਗਤਾਨ ਕਰਨਾ ਪੈ ਸਕਦਾ ਹੈ ਅਤੇ ਏਅਰਲਾਈਨ ਵੱਲੋਂ ਬਾਅਦ ਵਿੱਚ ਅਦਾਇਗੀ ਕੀਤੀ ਜਾਵੇਗੀ।
ਮੈਕਗਿਲ ਯੂਨੀਵਰਸਿਟੀ ਦੇ ਵਿਮਾਨਨ ਮਾਹਰ ਜਾਨ ਗਰੇਡੇਕ ਨੇ ਕਿਹਾ ਕਿ ਆਖਰੀ ਮਿੰਟਾਂ ਵਿੱਚ 150 ਡਾਲਰ ਵਿੱਚ ਹੋਟਲ ਲੱਭਣਾ ਬੇਹੱਦ ਮੁਸ਼ਕਿਲ ਹੈ।
ਉਨ੍ਹਾਂ ਨੇ ਕਿਹਾ ਕਿ ਜੁਲਾਈ ਵਿੱਚ, ਜੇਕਰ ਤੁਸੀਂ ਵੈਨਕੂਵਰ ਵਿੱਚ ਸੀ ਤਾਂ ਤੁਹਾਨੂੰ 500 ਡਾਲਰ ਤੋਂ ਘੱਟ ਵਿੱਚ ਹੋਟਲ ਦਾ ਕਮਰਾ ਨਹੀਂ ਮਿਲ ਸਕਦਾ ਸੀ ਅਤੇ ਜੇਕਰ ਤੁਸੀਂ (ਹੋਂਡਾ) ਇੰਡੀ ਰੇਸਿੰਗ ਈਵੇਂਟ ਦੌਰਾਨ ਟੋਰਾਂਟੋ ਵਿਚ ਸੀ, ਤਾਂ ਤੁਹਾਨੂੰ 400 ਡਾਲਰ ਤੋਂ ਘੱਟ ਵਿੱਚ ਹੋਟਲ ਨਹੀਂ ਮਿਲ ਸਕਦਾ ਸੀ। ਇਸ ਲਈ ਇਹ ਇਸ ਗੱਲ `ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਸ਼ਹਿਰ ਵਿੱਚ ਹੋ।
ਮੁਕੱਦਮੇ ਵਿੱਚ ਪੈਸੇਂਜਰ ਰਾਈਟਸ ਗਰੁੱਪ ਨੇ ਵੇਸਟਜੈੱਟ ਨੂੰ ਆਪਣੀ ਵੈੱਬਸਾਈਟ ਤੋਂ ਕੈਪ ਦੀ ਜਾਣਕਾਰੀ ਹਟਾਉਣ ਦੀ ਮੰਗ ਕੀਤੀ ਹੈ।