-ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਗਲਵੱਕੜੀ ਪਾ ਕੇ ਪ੍ਰਧਾਨ ਮੰਤਰੀ ਦਾ ਕੀਤਾ ਸੁਵਾਗਤ
ਸਰੀ, 6 ਅਗਸਤ (ਪੋਸਟ ਬਿੂੳਰੋ): ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ ਦੂਰ ਅੰਦੇਸ਼ ਸੰਘਰਸ਼ੀ ਯੋਧਿਆਂ ਸ. ਦਰਸ਼ਨ ਸਿੰਘ ਕੈਨੇਡੀਅਨ, ਹੈਰਲਡ ਪ੍ਰਿਚਿਟ, ਲਾਰਾ ਜੈਮੀਸਨ ਤੇ ਸਰਦਾਰ ਨਗਿੰਦਰ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸਰੀ ਕੈਨੇਡਾ ਵੱਲੋਂ ਇਸ ਸਾਲ ਦੇ 28ਵੇਂ ਗਦਰੀ ਬਾਬਿਆਂ ਦੇ ਮੇਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐੱਮ ਪੀ ਸੁੱਖ ਧਾਲੀਵਾਲ, ਬੀ ਸੀ ਦੇ ਪ੍ਰੀਮੀਅਰ ਤੇ ਕੈਬਨਿਟ ਮੰਤਰੀ ਪੁੱਜੇ।
ਹਾਲੈਂਡ ਪਾਰਕ ਵਿਚ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਗਲਵੱਕੜੀ ਪਾ ਕੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ।
ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪ੍ਰਬੰਧਕਾਂ ਸਾਹਿਬ ਸਿੰਘ ਥਿੰਦ ਤੇ ਕਿਰਨਪਾਲ ਸਿੰਘ ਗਰੇਵਾਲ ਸਮੇਤ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਨੇ ਸਿਰਫ਼ ਇਸ ਵਾਰ ਦਾ ਮੇਲਾ ਹੀ ਇਨ੍ਹਾਂ ਸੰਘਰਸ਼ੀ ਦੂਰਅੰਦੇ਼ਸ਼ਾਂ ਨੂੰ ਸਮਰਪਿਤ ਕੀਤਾ ਹੈ ਅਤੇ ਨਾਲ ਹੀ ਉੱਘੇ ਵਿਦਵਾਨ ਡਾ. ਸਾਧੂ ਬਿੰਨਿੰਗ ਤੇ ਸੁਖਵੰਤ ਹੁੰਦਲ ਤੋਂ ਇਸ ਸਬੰਧੀ ਕਿਤਾਬਚਾ ਲਿਖਵਾ ਕੇ ਵਿਸ਼ਵ ਭਰ ਦੇ ਸੰਚਾਰ ਮਾਧਿਅਮਾ ਨੂੰ ਵੰਡਿਆ ਹੈ।
ਕੈਨੇਡਾ ਤੋਂ ਗੱਲਬਾਤ ਕਰਦਿਆਂ ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ 28ਵਾਂ ਗਦਰੀ ਬਾਬਿਆਂ ਦਾ ਮੇਲਾ ਇਸ ਵਾਰ ਸਰੀ ਦੇ ਹਾਲੈਂਡ ਪਾਰਕ ਵਿੱਚ ਗਦਰੀ ਯੋਧਿਆਂ ਦੀ ਵਿਰਾਸਤ ਨੂੰ ਸੰਭਾਲੀ ਰੱਖਣ ਦੇ ਯਤਨਾਂ ਤਹਿਤ ਕਰਵਾਇਆ ਗਿਆ ਜਿਸ ਵਿੱਚ ਰੀਕਾਰਡ ਤੋੜ ਇਕੱਠ ਹੋਇਆ। ਇਸ ਮੇਲੇ ਵਿੱਚ ਦਾਖਲਾ ਬਿਲਕੁਲ ਮੁਫ਼ਤ ਰੱਖਿਆ ਗਿਆ ਸੀ। ਮੇਲੇ ਵਿੱਚ ਮਿਸ ਪੂਜਾ, ਸੁਖਵਿੰਦਰ ਸੁੱਖੀ ਤੇ ਪਰਗਟ ਖਾਂ ਤੋਂ ਇਲਾਵਾ ਕਈ ਹੋਰ ਗਾਇਕ ਸ਼ਾਮਿਲ ਹੋਏ। ਸੰਸਥਾ ਵੱਲੋਂ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਸਬੰਧੀ ਰੀਕਾਰਡ ਸਹੀ ਕਰਨ ਲਈ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ।
ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਸ. ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਮੇਲੇ ਵਿੱਚ ਇਸ ਵਾਰ ਵੀ ਭਾਰੀ ਗਰਮੀ ਦੇ ਬਾਵਜੂਦ ਭਰਵਾਂ ਇਕੱਠ ਹੋਇਆ। ਮੇਲੇ ਵਿੱਚ ਸਤੀਸ਼ ਗੁਲਾਟੀ ਦੀ ਅਗਵਾਈ ਹੇਠ ਚੇਤਨਾ ਪ੍ਰਕਾਸ਼ਨ ਲੁਧਿਆਣਾ ਸਰੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਸਟਾਲ ਵੀ ਲਗਾਏ ਗਏ।