ਓਟਵਾ, 10 ਅਪਰੈਲ (ਪੋਸਟ ਬਿਊਰੋ) : ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਚੋਣ ਪ੍ਰਕਿਰਿਆ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਵਿੱਚ ਨੈਸ਼ਨਲ ਪਬਲਿਕ ਇੰਕੁਆਰੀ ਦੇ ਸਾਹਮਣੇ ਪੇਸ਼ ਹੋ ਕੇ ਗਵਾਹੀ ਦਿੱਤੀ।
ਟਰੂਡੋ ਨੇ ਇਸ ਦੌਰਾਨ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਚਿੰਤਾ ਪ੍ਰਗਟਾਈ। ਕਮਿਸ਼ਨ ਆਫ ਇਨਕੁਆਰੀ ਨਾਲ ਫਰਵਰੀ ਵਿੱਚ ਕੀਤੀ ਗਈ ਇੰਟਰਵਿਊ ਵਿੱਚ ਟਰੂਡੋ ਨੇ ਆਖਿਆ ਸੀ ਕਿ ਇਸ ਤਰ੍ਹਾਂ ਦੀ ਪਹੁੰਚ ਨਾਲ ਜਮਹੂਰੀ ਪ੍ਰਕਿਰਿਆ ਵਿੱਚ ਕੈਨੇਡੀਅਨਜ਼ ਦੇ ਵਿਸ਼ਵਾਸ ਨੂੰ ਵੱਡੀ ਸੱਟ ਵੱਜੀ ਹੈ।ਆਪਣੀ ਗਵਾਹੀ ਵਿੱਚ ਟਰੂਡੋ ਨੇ ਬੁੱਧਵਾਰ ਨੂੰ ਆਖਿਆ ਕਿ ਇਸ ਤਰ੍ਹਾਂ ਦੀ ਜਾਣਕਾਰੀ ਲੀਕ ਹੋਣਾ ਕਾਫੀ ਗਲਤ ਹੈ ਕਿਉਂਕਿ ਲਿਬਰਲ ਸਰਕਾਰ ਵੱਲੋਂ ਵਿਦੇਸ਼ੀ ਜਾਂ ਕਿਸੇ ਵੀ ਤਰ੍ਹਾਂ ਦੀ ਦਖ਼ਲ ਨੂੰ ਪਛਾਨਣ ਤੇ ਉਸ ਨਾਲ ਨਜਿੱਠਣ ਲਈ ਪੂਰਾ ਮੈਕੇਨਿਜ਼ਮ ਕਾਇਮ ਕੀਤਾ ਗਿਆ ਸੀ।
ਟਰੂਡੋ ਨੇ ਇਹ ਵੀ ਆਖਿਆ ਕਿ ਖੁਫੀਆ ਜਾਣਕਾਰੀ ਦੇ ਇੱਕ ਨਿੱਕੇ ਜਿਹੇ ਟੁਕੜੇ ਦੇ ਅਧਾਰ ਉੱਤੇ ਵੱਡੇ ਸਿੱਟੇ ਕੱਢਣਾ ਸਹੀ ਨਹੀਂ, ਉਹ ਵੀ ਉਦੋਂ ਜਦੋਂ ਪੂਰੇ ਮਸੌਦੇ ਦੀ ਜਾਣਕਾਰੀ ਨਾ ਹੋਵੇ ਤੇ ਉਸ ਦੀ ਭਰੋਸੇਯੋਗਤਾ ਦਾ ਵਿਸ਼ਲੇਸ਼ਣ ਨਾ ਕੀਤਾ ਗਿਆ ਹੋਵੇ। ਜਿ਼ਕਰਯੋਗ ਹੈ ਕਿ ਪਿਛਲੀਆਂ ਦੋ ਜਨਰਲ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਮੀਡੀਆ ਨੂੰ ਜਾਰੀ ਕੀਤੀ ਗਈ ਅਣਪਛਾਤੀ ਜਾਣਕਾਰੀ ਕਾਰਨ ਹੀ ਇਹ ਮਸਲਾ ਕਾਫੀ ਭੱਖ ਗਿਆ ਤੇ ਇਸ ਲਈ ਪਬਲਿਕ ਜਾਂਚ ਕਰਵਾਉਣੀ ਪਈ।
ਟਰੂਡੋ ਨੇ ਬੁੱਧਵਾਰ ਨੂੰ ਆਖਿਆ ਕਿ ਜਿਸ ਕਿਸੇ ਨੇ ਵੀ ਇਹ ਜਾਣਕਾਰੀ ਲੀਕ ਕੀਤੀ ਉਸ ਤੋਂ ਬਾਅਦ ਸਨਸਨੀਖੇਜ ਢੰਗ ਨਾਲ ਛਪੀਆਂ ਮੀਡੀਆ ਖਬਰਾਂ ਕਾਰਨ ਮਾਮਲਾ ਹੋਰ ਉਲਝ ਗਿਆ। ਟਰੂਡੋ ਦੇ ਮੰਤਰੀ ਮੰਡਲ ਦੇ ਮੈਂਬਰਾਂ, ਸਿਆਸੀ ਪਾਰਟੀ ਦੇ ਨੁਮਾਇੰਦਿਆਂ, ਸੀਨੀਅਰ ਬਿਊਰਕ੍ਰੈਟਸ ਤੇ ਖੁਫੀਆ ਅਧਿਕਾਰੀਆਂ ਵੱਲੋਂ ਕਈ ਦਿਨਾਂ ਤੱਕ ਗਵਾਹੀਆਂ ਦਿੱਤੇ ਜਾਣ ਤੋਂ ਬਾਅਦ ਟਰੂਡੋ ਬੁੱਧਵਾਰ ਨੂੰ ਪੇਸ਼ ਹੋਏ। ਇਸ ਸੁਣਵਾਈ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰੇ ਮਾਪਦੰਡਾਂ ਦੀ ਸੂਚੀ ਜਾਰੀ ਕੀਤੀ ਜਿਹੜੇ ਉਨ੍ਹਾਂ ਦੀ ਸਰਕਾਰ ਵੱਲੋਂ 2015 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਅਪਣਾਏ ਤੇ ਲਾਗੂ ਕੀਤੇ ਗਏ ਸਨ।
ਜਿ਼ਕਰਯੋਗ ਹੈ ਕਿ ਇਨਕੁਆਰੀ ਦੌਰਾਨ ਪਹਿਲਾਂ ਹੀ ਇਹ ਦੱਸਿਆ ਜਾ ਚੁੱਕਿਆ ਹੈ ਕਿ ਕੁੱਝ ਅਪੁਸ਼ਟ ਖਬਰਾਂ ਤੋਂ ਸਾਹਮਣੇ ਆਇਆ ਸੀ ਕਿ ਚੀਨ ਤੇ ਕੁੱਝ ਹੋਰ ਮੁਲਕ ਕੈਨੇਡੀਅਨ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰ ਰਹੇ ਹਨ ਪਰ ਇਸ ਬਾਰੇ ਹੁਣ ਤੱਕ ਬਹੁਤ ਘੱਟ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਇਹ ਸਿੱਧ ਹੋ ਸਕੇ ਕਿ ਅਜਿਹੇ ਮੁਲਕ ਆਪਣੇ ਕੰਮ ਵਿੱਚ ਸਫਲ ਹੋਏ ਜਾਂ ਨਹੀਂ।