ਓਟਵਾ, 29 ਫਰਵਰੀ (ਪੋਸਟ ਬਿਊਰੋ) : ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਨਹੀਂ ਰਹੇ। 84 ਸਾਲ ਦੀ ਉਮਰ ਵਿੱਚ ਉਨ੍ਹਾਂ ਆਖਰੀ ਸਾਹ ਲਏ।
ਐਕਸ ਉੱਤੇ ਪਾਈ ਗਈ ਪੋਸਟ ਵਿੱਚ ਕੈਰੋਲੀਨ ਮਲਰੋਨੀ ਵੱਲੋਂ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਸਮੇਂ ਸਾਰਾ ਪਰਿਵਾਰ ਉਨ੍ਹਾਂ ਦੇ ਕੋਲ ਸੀ। ਕੈਰੋਲੀਨ ਮਲਰੋਨੀ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਾਇਨ ਮਲਰੋਨੀ ਦੀ ਮੌਤ ਪਾਮ ਬੀਚ ਹਸਪਤਾਲ ਵਿੱਚ ਹੋਈ, ਜਿੱਥੇ ਪਿੱਛੇ ਜਿਹੇ ਡਿੱਗਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।ਮਲਰੋਨੀ ਨੇ ਆਖਿਆ ਕਿ ਉਨ੍ਹਾਂ ਦੇ ਪਿਤਾ ਦੀਆਂ ਅੰਤਿਮ ਰਸਮਾਂ ਬਾਰੇ ਬਾਅਦ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਮਲਰੋਨੀ 1984 ਤੋਂ 1993 ਤੱਕ ਪ੍ਰਧਾਨ ਮੰਤਰੀ ਰਹੇ। ਉਹ ਆਪਣੀਆਂ ਐਨਵਾਇਰਮੈਂਟ ਪੱਖੀ ਤੇ ਆਰਥਿਕ ਨੀਤੀਆਂ ਲਈ ਜਾਣੇ ਜਾਂਦੇ ਸਨ। ਪਿਛਲੀਆਂ ਗਰਮੀਆਂ ਵਿ਼ੱਚ ਮਲਰੋਨੀ ਵੱਲੋਂ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਇਆ ਗਿਆ ਤੇ ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਦਾ ਪ੍ਰੋਸਟੇਟ ਕੈਂਸਰ ਦਾ ਇਲਾਜ ਹੋਇਆ। ਮਲਰੋਨੀ ਦਾ ਜਨਮ 20 ਮਾਰਚ, 1939 ਨੂੰ ਕਿਊਬਿਕ ਦੇ ਉੱਤਰੀ ਕਿਨਾਰੇ ਬੇਅ ਕੌਮਿਓ ਵਿੱਚ ਹੋਇਆ।
4 ਸਤੰਬਰ, 1984 ਨੂੰ ਮਲਰੋਨੀ ਦੀ ਅਗਵਾਈ ਵਿੱਚ ਟੋਰੀਜ਼ ਦਾ ਕਿਊਬਿਕ ਉੱਤੇ ਕਬਜਾ ਹੋ ਗਿਆ।ਪ੍ਰੋਵਿੰਸ ਵੱਲੋਂ 58 ਟੋਰੀਜ਼ ਨੂੰ ਐਮਪੀਜ਼ ਵਜੋਂ ਚੁਣਿਆ ਗਿਆ। ਮਲਰੋਨੀ ਦੀ ਅਗਵਾਈ ਵਿੱਚ ਟੋਰੀਜ਼ ਨੇ 282 ਵਿੱਚੋਂ 211 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਤੇ ਇਸ ਮਗਰੋਂ ਮਲਰੋਨੀ ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਬਣੇ। 21 ਨਵੰਬਰ, 1988 ਵਿੱਚ ਦੂਜੀ ਵਾਰੀ ਮਲਰੋਨੀ ਨੂੰ ਬਹੁਗਿਣਤੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ।