ਓਟਵਾ, 7 ਫਰਵਰੀ (ਪੋਸਟ ਬਿਊਰੋ) : ਚੋਰੀ ਕੀਤੀਆਂ ਜਾਣ ਵਾਲੀਆਂ ਗੱਡੀਆਂ ਦੇ ਐਕਸਪੋਰਟ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ 28 ਮਿਲੀਅਨ ਡਾਲਰ ਲਾਉਣ ਦਾ ਐਲਾਨ ਕੀਤਾ ਗਿਆ ਹੈ।
ਪਬਲਿਕ ਸੇਫਟੀ ਮੰਤਰੀ ਡੌਮੀਨਿਕ ਲੀਬਲੈਂਕ ਨੇ ਬੁੱਧਵਾਰ ਨੂੰ ਇਸ ਸਬੰਧ ਵਿੱਚ ਐਲਾਨ ਕਰਦਿਆਂ ਆਖਿਆ ਕਿ ਇਸ ਰਕਮ ਨਾਲ ਕੈਨੇਡਾ ਭਰ ਵਿੱਚ ਤੇ ਕੌਮਾਂਤਰੀ ਪੱਧਰ ਉੱਤੇ ਅਜਿਹਾ ਜੁਰਮ ਕਰਨ ਵਾਲਿਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਲਈ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤੇ ਪੂਰਾ ਤਾਲਮੇਲ ਕਾਇਮ ਕੀਤਾ ਜਾਵੇਗਾ। ਇਹ ਐਲਾਨ ਆਟੋ ਚੋਰੀ ਬਾਰੇ ਹੋਣ ਵਾਲੀ ਕੌਮੀ ਸਿਖਰ ਵਾਰਤਾ ਤੋਂ ਪਹਿਲੀ ਸ਼ਾਮ ਕੀਤਾ ਗਿਆ। ਇਸ ਸਿਖਰ ਵਾਰਤਾ ਵਿੱਚ ਦੇਸ਼ ਭਰ ਤੋਂ ਸਰਕਾਰੀ ਅਧਿਕਾਰੀ, ਇੰਡਸਟਰੀ ਆਗੂ ਤੇ ਕਾਨੂੰਨ ਲਾਗੂ ਕਰਨ ਵਾਲੇ ਨੁਮਾਇੰਦੇ ਹਿੱਸਾ ਲੈਣਗੇ।
ਇਸ ਮਾਮਲੇ ਵਿੱਚ ਲਿਬਰਲ ਸਰਕਾਰ ਉੱਤੇ ਫੈਡਰਲ ਕੰਜ਼ਰਵੇਟਿਵਾਂ ਵੱਲੋਂ ਵੀ ਦਬਾਅ ਪਾਇਆ ਜਾ ਰਿਹਾ ਹੈ। ਇਸ ਹਫਤੇ ਉਨ੍ਹਾਂ ਵੱਲੋਂ ਵੀ ਇਸ ਸਮੱਸਿਆ ਨਾਲ ਨਜਿੱਠਣ ਲਈ ਨਵੇਂ ਆਈਡੀਆ ਦਿੱਤੇ ਗਏ। ਫੈਡਰਲ ਸਰਕਾਰ ਨੇ ਦੱਸਿਆ ਕਿ ਇੱਕ ਅੰਦਾਜ਼ੇ ਮੁਤਾਬਕ ਕੈਨੇਡਾ ਵਿੱਚ ਸਾਲਾਨਾ 90,000 ਕਾਰਾਂ ਚੋਰੀ ਹੋ ਰਹੀਆਂ ਹਨ। ਇਸ ਨਾਲ ਕੈਨੇਡੀਅਨ ਇੰਸ਼ੋਰੈਂਸ ਪਾਲਿਸੀ ਹੋਲਡਰਜ਼ ਤੇ ਟੈਕਸਦਾਤਾਵਾਂ ਉੱਤੇ ਇੱਕ ਬਿਲੀਅਨ ਡਾਲਰ ਦਾ ਬੋਝ ਪੈ ਰਿਹਾ ਹੈ।