Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ

January 04, 2024 04:19 AM

-ਸਰਵਣ ਸਿੰਘ-

ਅਜੀਤਪਾਲ ਸਿੰਘ ਦਾ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰਨ ਦਾ ਰਿਕਾਰਡ ਹੈ। ਉਹ ਵਾਰ ਵਾਰ ਹਾਕੀ ਟੀਮਾਂ ਦਾ ਕੈਪਟਨ ਬਣਿਆ। ਏਸ਼ਿਆਈ ਖੇਡਾਂ ਵਿਚ ਵੀ, ਵਿਸ਼ਵ ਹਾਕੀ ਕੱਪਾਂ ਤੇ ਓਲੰਪਿਕ ਖੇਡਾਂ ਵਿਚ ਵੀ। ਉਹ ਹਾਕੀ ਦਾ ਹਰਫਨਮੌਲਾ ਖਿਡਾਰੀ ਸੀ। ਭਾਰਤ ਨੇ 1971 ਤੋਂ ਸ਼ੁਰੂ ਹੋਇਆ ਵਿਸ਼ਵ ਹਾਕੀ ਕੱਪ ਇੱਕੋ ਵਾਰ ਜਿੱਤਿਆ, ਉਹ ਵੀ ਉਹਦੀ ਕਪਤਾਨੀ ਵਿਚ। ਜਿੰਨੀ ਵਾਰ ਉਹ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਬਣਿਆ, ਸ਼ਾਇਦ ਹੀ ਕੋਈ ਹੋਰ ਖਿਡਾਰੀ ਕਿਸੇ ਦੇਸ਼ ਦੀਆਂ ਹਾਕੀ ਟੀਮਾਂ ਦਾ ਕਪਤਾਨ ਬਣਿਆ ਹੋਵੇ। ਤਦੇ ਉਹਦੇ ਬਾਰੇ ਲਿਖੇ ਆਪਣੇ ਪਹਿਲੇ ਸ਼ਬਦ ਚਿੱਤਰ ਦਾ ਨਾਂ ਮੈਂ ‘ਦਲਾਂ ਦਾ ਮੋਹਰੀ’ ਰੱਖਿਆ ਸੀ। ਦਲਾਂ ਦਾ ਮੋਹਰੀ ਨੂੰ ਹਾਕੀ ਦੇ ਪ੍ਰਸਿੱਧ ਟੂਰਨਾਮੈਂਟਾਂ, ਵਿਦੇਸ਼ੀ ਟੂਰਾਂ ਤੇ ਅੰਤਰਰਾਸ਼ਟਰੀ ਮੈਚਾਂ ਵਿਚ ਤਾਂ ਕਪਤਾਨ ਬਣਾਉਣਾ ਹੀ ਪੈਣਾ ਸੀ, ਉਹਨੀਂ ਦਿਨੀਂ ਜੇ ਵਰਲਡ ਇਲੈਵਨ ਬਣਾਈ ਜਾਂਦੀ ਤਾਂ ਉਸ ਦਾ ਕਪਤਾਨ ਵੀ ਅਜੀਤਪਾਲ ਸਿੰਘ ਨੂੰ ਹੀ ਬਣਾਉਣਾ ਪੈਂਦਾ!

 
ਉਸ ਨੇ ਓਲੰਪਿਕ ਖੇਡਾਂ `ਚੋਂ ਦੋ ਮੈਡਲ, ਵਿਸ਼ਵ ਹਾਕੀ ਕੱਪਾਂ `ਚੋਂ ਤਿੰਨ ਮੈਡਲ ਤੇ ਏਸ਼ਿਆਈ ਖੇਡਾਂ `ਚੋਂ ਦੋ ਮੈਡਲ ਜਿੱਤੇ। ਕੌਮੀ ਪੱਧਰ `ਤੇ ਦਰਜਨਾਂ ਕੱਪ ਤੇ ਟਰਾਫੀਆਂ ਜਿੱਤੀਆਂ। ਸਕੂਲਾਂ/ਕਾਲਜਾਂ ਤੇ ਯੂਨੀਵਰਸਿਟੀਆਂ ਦੇ ਕੱਪਾਂ ਟਰਾਫੀਆਂ ਤੋਂ ਲੈ ਕੇ ਭਾਰਤ ਸਰਕਾਰ ਦੇ ਅਰਜਨਾ ਅਵਾਰਡ ਅਤੇ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ। ਉਸ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ 2022 `ਚ ਸਪੋਰਟਸ ਸਟਾਰ ਏਸਸ ਅਵਾਰਡ ਦਿੱਤਾ ਗਿਆ। ਉਹ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ ਓਲੰਪਿਕ ਖੇਡਾਂ ਵਿਚ ਭਾਰਤ ਦਾ ਚੀਫ ਡੀ ਮਿਸ਼ਨ ਬਣਾਇਆ ਗਿਆ। ਪਰ ਮੌਕੇ `ਤੇ ਬਿਮਾਰ ਹੋ ਜਾਣ ਕਰਕੇ ਉਹ ਲੰਡਨ ਦੀਆਂ ਓਲੰਪਿਕ ਖੇਡਾਂ ਸਮੇਂ ਭਾਰਤੀ ਦਲ ਦੀ ਅਗਵਾਈ ਨਾ ਕਰ ਸਕਿਆ। ਉਸ ਤੋਂ ਪਹਿਲਾਂ ਖਿਡਾਰੀ ਨਹੀਂ ਬਲਕਿ ਸਿਆਸੀ ਨੇਤਾ, ਸਰਕਾਰੀ ਅਫਸਰ ਤੇ ਖੇਡ ਅਧਿਕਾਰੀ ਹੀ ਚੀਫ ਡੀ ਮਿਸ਼ਨ ਬਣਾਏ ਜਾਂਦੇ ਸਨ।
ਮੈਂ ਅਜੀਤਪਾਲ ਨੂੰ ਖੁਦ ਹਾਕੀ ਖੇਡਦਾ ਤੇ ਕੋਚਿੰਗ ਕੈਂਪਾਂ `ਚ ਕੋਚਿੰਗ ਲੈਂਦੇ ਵੇਖਿਆ। ਉਸ ਨੂੰ ਮਿਲਦਾ ਗਿਲਦਾ ਵੀ ਰਿਹਾ। ਕਦੇ ਜਲੰਧਰ, ਕਦੇ ਦਿੱਲੀ ਤੇ ਕਦੇ ਪਟਿਆਲੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਚ। ਉਹ ਸੋਹਣਾ ਸੁਨੱਖਾ, ਬਣਦਾ ਤਣਦਾ ਤੇ ਸਾਊ ਖਿਡਾਰੀ ਸੀ। ਖੇਡ ਮੈਦਾਨ `ਚ ਖੜ੍ਹਾ ਜਚਦਾ ਸੀ। ਉਹਦਾ ਜਨਮ ਹਾਕੀ ਦਾ ਘਰ ਕਹੇ ਜਾਂਦੇ ਪਿੰਡ ਸੰਸਾਰਪੁਰ ਵਿਚ 1 ਅਪ੍ਰੈਲ 1947 ਨੂੰ ਸਾਧੂ ਸਿੰਘ ਕੁਲਾਰ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ ਸੀ। ਸੰਸਾਰਪੁਰ ਜਲੰਧਰ ਛਾਉਣੀ ਨਾਲ ਲੱਗਦਾ ਛੋਟਾ ਜਿਹਾ ਪਿੰਡ ਹੈ ਜਿਸ ਨੇ ਹਾਕੀ ਦੇ 14 ਓਲੰਪੀਅਨਾਂ ਨੂੰ ਜਨਮ ਦਿਤਾ। ਉਸ ਪਿੰਡ ਬਾਰੇ ਲਤੀਫ਼ਾ ਜੁੜ ਗਿਆ ਸੀ ਕਿ ਉਥੇ ਬੱਚਾ ਜੰਮਦਾ ਹੀ ਤਦ ਸੀ ਜੇ ਉਸ ਨੂੰ ਹਾਕੀ ਫੜਾਈ ਜਾਂਦੀ! ਜਦ ਕਿ ਸਚਾਈ ਇਹ ਸੀ ਕਿ ਹਾਕੀ ਕੁਝ ਦਿਨ ਜੱਚਾ ਬੱਚਾ ਦੇ ਸਿਰ੍ਹਾਣੇ ਰੱਖੀ ਜਾਂਦੀ।
ਸੰਸਾਰਪੁਰ ਦੇ ਜੰਮਪਲ ਡਾ. ਪੋਪਿੰਦਰ ਸਿੰਘ ਕੁਲਾਰ ਨੇ ਪੁਸਤਕ ‘ਹਾਕੀ ਦਾ ਘਰ ਸੰਸਾਰਪੁਰ’ ਲਿਖੀ ਹੈ ਜਿਸ ਦੀਆਂ ਕੁਝ ਸਤਰਾਂ ਹਨ: ਸੰਸਾਰਪੁਰ ਹਾਕੀ ਦਾ ਮੱਕਾ ਹੈ। ਹਾਕੀ ਦਾ ਬਾਗ ਬਗੀਚਾ। ਇਸ ਦੀ ਮਿੱਟੀ ਵਿਚੋਂ ਖਿਡਾਰੀਆਂ ਦੀ ਮਹਿਕ ਆਉਂਦੀ ਹੈ ਜਿਸ ਨੇ ਹੀਰਿਆਂ ਵਰਗੇ ਖਿਡਾਰੀ ਪੈਦਾ ਕੀਤੇ। ਸੰਸਾਰਪੁਰ ਦੇ ਜਿ਼ਆਦਾਤਰ ਹਾਕੀ ਖਿਡਾਰੀ ਇਕੋ ਗਲੀ ਦੇ ਜੰਮਪਲ ਹਨ ਜਿਨ੍ਹਾਂ ਦੇ ਜੱਦੀ ਘਰ 100 ਕੁ ਗਜ਼ ਦੇ ਘੇਰੇ ਵਿਚ ਪੈਂਦੇ ਹਨ। ਭਾਰਤ ਦੇ ਪੁਰਾਤਤਵ ਵਿਭਾਗ ਨੂੰ ਇਹ ਗਲ਼ੀ ‘ਵਿਰਾਸਤੀ ਗਲ਼ੀ’ ਵਜੋਂ ਸੰਭਾਲਣੀ ਚਾਹੀਦੀ ਹੈ। ਪਿੰਡ ਦਾ ਗਰਾਊਂਡ ਵੀ ਹਾਕੀ ਦਾ ਵਿਰਾਸਤੀ ਖੇਡ ਮੈਦਾਨ ਹੈ ਜਿਥੇ ਸੈਂਕੜੇ ਖਿਡਾਰੀਆਂ ਨੇ ਹਾਕੀ ਖੇਡਣੀ ਸਿੱਖੀ ਤੇ ਦੇਸ਼ ਵਿਦੇਸ਼ ਦੀਆਂ ਹਾਕੀ ਟੀਮਾਂ ਵਿਚ ਖੇਡੇ।
ਅਜੀਤਪਾਲ ਦਾ ਨਿੱਕਾ ਨਾਂ ‘ਛਿੰਦਾ’ ਸੀ। ਉਹ ਅਜੇ ਸੱਤ ਅੱਠ ਸਾਲ ਦਾ ਸੀ ਜਦੋਂ ਉਸ ਦੇ ਚਾਚੇ ਨੇ ਹਾਕੀ ਸਟਿਕ ਦਾ ਤੋਹਫ਼ਾ ਦਿਤਾ। ਉਸ ਨੇ ਸਕੂਲੀ ਪੜ੍ਹਾਈ ਬੋਰਡ ਹਾਇਰ ਸੈਕੰਡਰੀ ਸਕੂਲ ਜਲੰਧਰ ਛਾਉਣੀ ਤੋਂ ਕੀਤੀ ਤੇ ਕਾਲਜ ਦੀ ਪੜ੍ਹਾਈ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ। 1963 ਵਿਚ ਉਹ ਪੰਜਾਬ ਸਕੂਲਾਂ ਦੀ ਹਾਕੀ ਟੀਮ `ਚ ਚੁਣਿਆ ਗਿਆ। ਉਦੋਂ ਉਹ ਫੁੱਲ ਬੈਕ ਖੇਡਦਾ ਸੀ। 1964 ਤੋਂ ਉਹ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਟੀਮ ਵਿਚ ਖੇਡਣ ਲੱਗਾ ਜਿਸ ਨੇ ਤਿੰਨ ਸਾਲ ਪੰਜਾਬ ਯੂਨੀਵਰਸਿਟੀ ਦੀ ਹਾਕੀ ਚੈਂਪੀਅਨਸਿ਼ਪ ਜਿੱਤੀ। ਇਸ ਦੌਰਾਨ ਉਹ ਫੁੱਲ ਬੈਕ ਤੋਂ ਸੈਂਟਰ ਹਾਫ਼ ਖੇਡਣ ਵਾਲਾ ਖਿਡਾਰੀ ਬਣ ਗਿਆ। 1966 ਵਿਚ ਉਸ ਨੇ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦੀ ਕਪਤਾਨੀ ਕੀਤੀ। 1966 ਤੋਂ ਉਹ ਪੰਜਾਬ ਰਾਜ ਦੀ ਟੀਮ ਵੱਲੋਂ ਖੇਡਣ ਲੱਗਾ। 1968 ਵਿਚ ਉਹ ਭਾਰਤੀ ਯੂਨੀਵਰਸਿਟੀਆਂ ਦੀ ਕੰਬਾਈਂਡ ਟੀਮ ਵੱਲੋਂ ਖੇਡਿਆ। ਹਾਕੀ ਦੇ ਸਿਰ `ਤੇ ਬੀਐੱਸਐੱਫ ਦੇ ਖੇਡ ਕੋਟੇ ਵਿਚ ਭਰਤੀ ਹੋ ਗਿਆ ਤੇ ਅਸਿਸਟੈਂਟ ਕਮਾਂਡੈਂਟ ਵਜੋਂ ਰਿਟਾਇਰ ਹੋਇਆ ਤੇ ਦਿੱਲੀ ਦਾ ਵਸਨੀਕ ਬਣ ਗਿਆ। ਉਸ ਦਾ ਵਿਆਹ ਬਾਸਕਟਬਾਲ ਦੀ ਨੈਸ਼ਨਲ ਖਿਡਾਰਨ ਕਿਰਨ ਗਰੇਵਾਲ ਨਾਲ ਹੋਇਆ ਸੀ ਜਿਸ ਦੀ 2023 ਵਿਚ ਮ੍ਰਿਤੂ ਹੋ ਗਈ।
ਅਜੀਤਪਾਲ ਹਾਕੀ ਮੈਦਾਨ ਵਿਚ ਖੇਡਦਾ ਸਭਨਾਂ ਦਾ ਧਿਆਨ ਖਿੱਚਦਾ ਸੀ। ਉਹਦੇ ਜੁੱਸੇ ਵਿਚ ਲਚਕ ਤੇ ਛੋਹਲਾਪਣ ਸੀ। ਉਸ ਦਾ ਰੰਗ ਗੋਰਾ, ਜੂੜੇ ਤੇ ਰੁਮਾਲ, ਕੱਦ 5 ਫੁੱਟ 10 ਇੰਚ ਤੇ ਸਰੀਰਕ ਵਜ਼ਨ 73 ਕਿਲੋਗਰਾਮ ਸੀ। ਅਜੇ ਵੀ ਉਹਦੀ ਤੋਰ ਵਿਚ ਲਟਕ ਤੇ ਮਟਕ ਹੈ। ਉਹਦੇ ਕੋਲੋਂ ਗੇਂਦ ਕੱਢਣੀ ਬੜੀ ਮੁਸ਼ਕਲ ਹੁੰਦੀ ਸੀ। ਗੇਂਦ ਉਹਦੀ ਹਾਕੀ ਨਾਲ ਚਿਪਕ ਜਾਂਦੀ। ਪਤਾ ਉਦੋਂ ਲੱਗਦਾ ਜਦੋਂ ਅਛੋਪਲੇ ਜਿਹੇ ਉਹ ਬਾਲ ਆਪਣੇ ਫਾਰਵਰਡ ਖਿਡਾਰੀ ਕੋਲ ਅਜਿਹੀ ਥਾਂ ਪੁਚਾਉਂਦਾ ਜਿਥੋਂ ਉਹ ਸੌਖ ਨਾਲ ਹੀ ਗੋਲ ਕਰ ਸਕੇ।
1966 `ਚ 19 ਸਾਲ ਦੀ ਉਮਰੇ ਉਹ ਪਹਿਲੀ ਵਾਰ ਭਾਰਤੀ ਹਾਕੀ ਟੀਮ ਵਿਚ ਚੁਣਿਆ ਗਿਆ ਜਿਸ ਨੇ ਜਪਾਨ ਦਾ ਟੂਰ ਲਾਇਆ। 1967 ਵਿਚ ਉਹ ਲੰਡਨ ਦਾ ਪ੍ਰੀ ਓਲੰਪਿਕ ਟੂਰਨਾਮੈਂਟ ਖੇਡਿਆ। 1968 ਵਿਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ `ਚ ਭਾਰਤੀ ਟੀਮ ਦਾ ਮੈਂਬਰ ਚੁਣਿਆ ਗਿਆ ਜਿਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉਥੇ ਜਰਮਨੀ ਦੀ ਟੀਮ ਵਿਰੁੱਧ ਉਸ ਨੂੰ ਸੈਂਟਰ ਹਾਫ਼ ਖਿਡਾਇਆ ਤਾਂ ਟੀਮ ਦੀ ਕਾਰਗੁਜ਼ਾਰੀ ਹੋਰ ਵੀ ਬਿਹਤਰ ਰਹੀ। ਉਦੋਂ ਤੋਂ ਉਹਦੀ ਸੈਂਟਰ ਹਾਫ਼ ਪੁਜ਼ੀਸ਼ਨ ਹਮੇਸ਼ਾ ਲਈ ਪੱਕੀ ਹੋ ਗਈ। 1970 ਵਿਚ ਬੈਂਕਾਕ ਦੀਆਂ ਏਸਿ਼ਆਈ ਖੇਡਾਂ `ਚ ਉਸ ਨੇ ਖੇਡ ਦੇ ਹੋਰ ਵੀ ਚੰਗੇ ਜੌਹਰ ਵਿਖਾਏ ਤੇ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ।
1971 ਵਿਚ ਉਸ ਨੂੰ ਪਹਿਲੀ ਵਾਰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਸ ਟੀਮ ਨੇ ਸਿੰਘਾਪੁਰ ਦਾ ਪੈਸਟਾ ਸੁਆਂ ਇੰਟਰਨੈਸ਼ਨਲ ਹਾਕੀ ਟੂਰਨਮੈਂਟ ਜਿੱਤਿਆ। ਉਸੇ ਸਾਲ ਬਾਰਸੀਲੋਨਾ ਦੇ ਪਹਿਲੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ `ਚ ਉਸ ਨੂੰ ਫਿਰ ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ। ਉਦੋਂ ਉਹ 24ਵੇਂ ਸਾਲ ਵਿਚ ਸੀ। 1972 ਵਿਚ ਉਸ ਨੇ ਮਿਊਨਿਖ਼ ਦੀਆਂ ਓਲੰਪਿਕ ਖੇਡਾਂ `ਚ ਭਾਗ ਲਿਆ ਜਿਥੇ ਓਲੰਪਿਕ ਖੇਡਾਂ ਦਾ ਇਕ ਹੋਰ ਕਾਂਸੀ ਦਾ ਤਗ਼ਮਾ ਜਿੱਤਿਆ। 1973 ਵਿਚ ਉਹ ਵਿਸ਼ਵ ਹਾਕੀ ਕੱਪ ਖੇਡਣ ਐਮਸਟਰਡਮ ਗਿਆ ਜਿਥੇ ਭਾਰਤੀ ਟੀਮ ਦੂਜੇ ਸਥਾਨ `ਤੇ ਰਹੀ। 1974 ਵਿਚ ਉਸ ਨੇ ਭਾਰਤੀ ਟੀਮ ਦਾ ਕਪਤਾਨ ਬਣ ਕੇ ਤਹਿਰਾਨ ਦੀਆਂ ਏਸਿ਼ਆਈ ਖੇਡਾ `ਚ ਭਾਗ ਲਿਆ ਜਿਥੇ ਫਿਰ ਚਾਂਦੀ ਦਾ ਤਗ਼ਮਾ ਜਿੱਤਿਆ। ਉਥੇ ਆਲ ਸਟਾਰਜ਼ ਏਸ਼ੀਆ ਟੀਮ ਬਣਾਈ ਗਈ ਜੋ ਆਲ ਸਟਾਰਜ਼ ਯੂਰਪ ਵਿਰੁੱਧ ਮੈਚ ਖੇਡੀ। ਫਿਰ ਕਰਾਚੀ ਵਿਚ ਉਹ ਰੈਸਟ ਆਫ਼ ਵਰਲਡ ਟੀਮ ਵੱਲੋਂ ਪਾਕਿਸਤਾਨ ਵਿਰੁੱਧ ਖੇਡਿਆ ਤੇ ਪਾਕਿਸਤਾਨ ਵਿਚ ਆਪਣੀ ਖੇਡ ਦਾ ਸਿੱਕਾ ਜਮਾਇਆ।
ਉਤੋਂ 1975 ਦਾ ਵਿਸ਼ਵ ਹਾਕੀ ਕੱਪ ਆ ਰਿਹਾ ਸੀ। ਉਸ ਸਮੇਂ ਭਾਰਤੀ ਹਾਕੀ ਟੀਮ ਦੀ ਹਾਲਤ ਪਤਲੀ ਸੀ। ਉਸ ਪਾਸ ਨਾ ਏਸ਼ਿਆਈ ਖੇਡਾਂ ਦੀ ਹਾਕੀ ਦਾ ਗੋਲਡ ਮੈਡਲ ਸੀ, ਨਾ ਵਿਸ਼ਵ ਹਾਕੀ ਟਰਾਫੀ, ਨਾ ਓਲੰਪਿਕ ਖੇਡਾਂ ਦਾ ਸਿਲਵਰ ਜਾਂ ਗੋਲਡ ਮੈਡਲ ਤੇ ਨਾ ਵਿਸ਼ਵ ਹਾਕੀ ਕੱਪ ਸੀ। ਉਸ ਹਾਲਤ ਵਿਚ ਪੰਜਾਬ ਸਰਕਾਰ ਨੇ ਭਾਰਤੀ ਹਾਕੀ ਟੀਮ ਤਿਆਰ ਕਰਨ ਦੀ ਜ਼ਿੰਮੇਵਾਰੀ ਆਪ ਚੁੱਕ ਲਈ। ਪੰਜਾਬ ਦੇ ਸਪੋਰਟਸ ਡਾਇਰੈਕਟਰ ਬਲਬੀਰ ਸਿੰਘ ਦੀ ਅਗਵਾਈ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ `ਚ ਭਾਰਤੀ ਟੀਮ ਦਾ ਕੋਚਿੰਗ ਕੈਂਪ ਲਾਇਆ ਗਿਆ।
ਅਸ਼ੋਕ ਦੀਵਾਨ, ਲੈਸਲੀ ਫਰਨਾਂਡਿਸ, ਮਾਈਕਲ ਕਿੰਡੋ, ਸੁਰਜੀਤ ਸਿੰਘ, ਅਸਲਮ ਸ਼ੇਰ ਖਾਂ, ਵਰਿੰਦਰ ਸਿੰਘ, ਅਜੀਤਪਾਲ ਸਿੰਘ, ਮੁਹਿੰਦਰ ਸਿੰਘ, ਓਂਕਾਰ ਸਿੰਘ, ਵੀ. ਜੇ. ਫਿਲਿਪਸ, ਬੀ. ਪੀ. ਗੋਵਿੰਦਾ, ਆਰ. ਜੇ. ਐੱਸ. ਚਿਮਨੀ, ਐੱਸ. ਆਰ. ਪਵਾਰ, ਹਰਚਰਨ ਸਿੰਘ, ਅਸ਼ੋਕ ਕੁਮਾਰ ਸਿੰਘ ਤੇ ਪੀ. ਈ. ਕੈਲ੍ਹੇ ਭਾਰਤੀ ਟੀਮ `ਚ ਚੁਣੇ ਗਏ। ਉਨ੍ਹਾਂ ਖਿਡਾਰੀਆਂ ਦੀ ਉਮਰ 20 ਤੋਂ 29 ਸਾਲ ਵਿਚਕਾਰ ਸੀ ਜਿਨ੍ਹਾਂ ਦੀ ਔਸਤ ਉਮਰ 24 ਸਾਲ ਬਣਦੀ ਸੀ। ਦੇਸ਼ ਦੀਆਂ ਵਧੀਆ ਹਾਕੀ ਟੀਮਾਂ ਨੂੰ ਕੈਂਪ ਦੌਰਾਨ ਚੰਡੀਗੜ੍ਹ ਸੱਦਿਆ ਜਾਂਦਾ ਤੇ ਕੁਝ ਇਕਨਾਂ ਨੂੰ ਹਫ਼ਤਾ ਹਫ਼ਤਾ ਠਹਿਰਾਇਆ ਵੀ ਜਾਂਦਾ। ਉਨ੍ਹਾਂ ਨਾਲ ਮੈਚ ਖੇਡੇ ਜਾਂਦੇ। ਭਾਰਤੀ ਟੀਮ ਦੇ ਕਾਰਪਸ ਆਫ਼ ਸਿਗਨਲਜ਼, ਈਸਟਰਨ ਕਮਾਂਡ, ਪੰਜਾਬ ਪੁਲਿਸ, ਬਾਰਡਰ ਸਕਿਉਰਿਟੀ ਫੋਰਸ, ਇੰਡੀਅਨ ਏਅਰ ਫੋਰਸ, ਕੰਬਾਈਂਡ ਯੂਨੀਵਰਸਿਟੀਜ਼ ਪੰਜਾਬ ਤੇ ਹਰਿਆਣਾ ਰਾਜ ਬਿਜਲੀ ਬੋਰਡ ਦੀਆਂ ਟੀਮਾਂ ਨਾਲ ਮੈਚ ਹੁੰਦੇ। ਕੈਂਪ ਦੌਰਾਨ ਅਜਿਹੇ 35 ਮੈਚ ਖੇਡੇ ਗਏ।

1975 ਦਾ ਤੀਜਾ ਵਰਲਡ ਹਾਕੀ ਕੱਪ ਕੁਆਲਾਲੰਪੁਰ ਹੋਣਾ ਸੀ। ਉਹਦੇ ਲਈ 12 ਟੀਮਾਂ ਮੈਦਾਨ ਵਿਚ ਸਨ। ਪੂਲ ਏ ਵਿਚ ਪਾਕਿਸਤਾਨ, ਮਲੇਸ਼ੀਆ, ਨਿਊਜ਼ੀਲੈਂਡ, ਹਾਲੈਂਡ, ਸਪੇਨ ਤੇ ਪੋਲੈਂਡ ਦੀਆਂ ਟੀਮਾਂ ਸਨ। ਪੂਲ ਬੀ ਵਿਚ ਭਾਰਤ, ਜਰਮਨੀ, ਅਰਜਨਟੀਨਾ, ਇੰਗਲੈਂਡ, ਆਸਟ੍ਰੇਲੀਆ ਤੇ ਘਾਨਾ ਦੀਆਂ ਟੀਮਾਂ ਨੇ ਖੇਡਣਾ ਸੀ। ਪੂਲ ਮੈਚਾਂ ਵਿਚ ਪਾਕਿਸਤਾਨ ਦੀ ਟੀਮ ਪੋਲੈਂਡ ਤੇ ਹਾਲੈਂਡ ਦੀਆਂ ਟੀਮਾਂ ਵਿਰੁੱਧ ਬਰਾਬਰ ਖੇਡ ਕੇ ਤੇ ਬਾਕੀ ਤਿੰਨ ਟੀਮਾਂ ਨੂੰ ਜਿੱਤ ਕੇ ਚੋਟੀ ਉਤੇ ਰਹੀ। ਭਾਰਤੀ ਟੀਮ ਤਿੰਨ ਟੀਮਾਂ ਨੂੰ ਹਰਾ ਕੇ, ਅਰਜਨਟੀਨਾ ਤੋਂ ਹਾਰ ਕੇ ਤੇ ਆਸਟ੍ਰੇਲੀਆ ਨਾਲ ਮੈਚ ਬਰਾਬਰ ਖੇਡ ਕੇ ਅੱਵਲ ਆਈ। ਏ ਪੂਲ `ਚੋਂ ਪਾਕਿਸਤਾਨ ਤੇ ਮਲੇਸ਼ੀਆ ਅਤੇ ਬੀ ਪੂਲ `ਚੋਂ ਭਾਰਤ ਤੇ ਜਰਮਨੀ ਦੀਆਂ ਟੀਮਾਂ ਸੈਮੀ ਫਾਈਨਲ ਖੇਡੀਆਂ।
ਕੁਆਲਾ ਲੰਪੁਰ ਵਿਚ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧ ਰਿਹਾ ਸੀ ਰੱਬ ਅੱਗੇ ਅਰਜੋਈਆਂ ਵੀ ਵਧ ਰਹੀਆਂ ਸਨ। ਇਹ ਮਨੋਵਿਗਿਆਨਕ ਟੇਕ ਸੀ। ਟੀਮ ਨਾਲ ਗਿਆ ਡਾ. ਰਾਜਿੰਦਰ ਕਾਲੜਾ ਮਨੋਵਿਗਿਆਨੀ ਵੀ ਸੀ। ਉਹ ਖਿਡਾਰੀਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਦਾ ਧਿਆਨ ਰੱਖ ਰਿਹਾ ਸੀ। ਲੋੜ ਪੈਣ `ਤੇ ਵਹਿਮਾਂ ਭਰਮਾਂ ਦਾ ਇਲਾਜ ਵੀ ਕਰੀ ਜਾਂਦਾ। ਫੁੱਲ ਬੈਕ ਸੁਰਜੀਤ ਸਿੰਘ ਨੂੰ ਵਹਿਮ ਹੋ ਗਿਆ ਕਿ ਉਸ ਦੀ ਜਰਸੀ ਦਾ ਨੰਬਰ 4 ਉਸ ਲਈ ਮਨਹੂਸ ਹੈ। ਜਦੋਂ ਇਹ ‘ਬਿਮਾਰੀ’ ਡਾ. ਕਾਲੜੇ ਦੇ ਧਿਆਨ ਵਿਚ ਲਿਆਂਦੀ ਤਾਂ ਕਾਲੜੇ ਨੇ ਬੈਂਕਾਕ `ਚ ਰਹਿੰਦੇ ਕਿਸੇ ਭਾਰਤੀ ਤੋਂ ਗੁੜ ਤੇ ਤਿਲ ਮੰਗਾਏ। ਗੁੜ ਤੇ ਤਿਲ ‘ਮੰਤਰ’ ਕੇ ਸੁਰਜੀਤ ਨੂੰ ਖਾਣ ਲਈ ਦਿੱਤੇ। ਸੁਰਜੀਤ ਫਿਰ ਸਿਖਰ ਦੀ ਫਾਰਮ ਵਿਚ ਖੇਡਣ ਲੱਗਾ। ਇਓਂ ਵਹਿਮ ਦਾ ਇਲਾਜ ਵੀ ਵਹਿਮ ਨਾਲ ਹੀ ਹੋਇਆ!
ਕੱਪ ਦਾ ਫਾਈਨਲ ਮੈਚ 15 ਮਾਰਚ 1975 ਨੂੰ ਸੀ। ਸੈਮੀ ਫਾਈਨਲ `ਚ ਜਰਮਨੀ ਨੂੰ ਵੱਧ ਗੋਲਾਂ `ਤੇ ਹਰਾਉਣ ਕਰਕੇ ਪਾਕਿਸਤਾਨ ਦੀ ਪੁਜ਼ੀਸ਼ਨ ਬਿਹਤਰ ਸਮਝੀ ਜਾ ਰਹੀ ਸੀ। ਭਾਰਤੀ ਟੀਮ `ਚ ਅਸ਼ੋਕ ਦੀਵਾਨ ਗੋਲਚੀ, ਅਸਲਮ ਤੇ ਸੁਰਜੀਤ ਫੁੱਲ ਬੈਕ, ਵਰਿੰਦਰ, ਅਜੀਤਪਾਲ ਤੇ ਮੁਹਿੰਦਰ ਹਾਫ਼ ਬੈਕ, ਫਿਲਿਪਸ, ਅਸ਼ੋਕ, ਪਵਾਰ, ਗੋਵਿੰਦਾ ਤੇ ਹਰਚਰਨ ਫਾਰਵਰਡ ਖਿਡਾਰੀ ਸਨ ਜਿਸ ਦਾ ਕੈਪਟਨ ਫਿਰ ਅਜੀਤਪਾਲ ਸੀ। ਸੱਤਰ ਹਜ਼ਾਰ ਸੀਟਾਂ ਵਾਲਾ ਸਟੇਡੀਅਮ ਕੰਢਿਆਂ ਤਕ ਭਰਪੂਰ ਸੀ। ਦਰਸ਼ਕਾਂ ਦੀਆਂ ਹੱਲਸ਼ੇਰੀਆਂ ਨਾਲ ਹੱਥਾਂ `ਚ ਫੜੇ ਭਾਰਤੀ ਤੇ ਪਾਕਿਸਤਾਨੀ ਝੰਡੇ ਲਹਿਰਾ ਰਹੇ ਸਨ। ਮੈਚ ਦੇ ਪਹਿਲੇ ਪਲਾਂ ਵਿਚ ਭਾਰਤੀ ਟੀਮ ਹਾਵੀ ਰਹੀ। ਪਰ 16ਵੇਂ ਮਿੰਟ `ਚ ਮਿਲੇ ਪੈਨਲਟੀ ਕਾਰਨਰ ਦਾ ਭਾਰਤੀ ਟੀਮ ਫਾਇਦਾ ਨਾ ਉਠਾ ਸਕੀ। ਪਹਿਲਾਂ ਪਾਕਿਸਤਾਨ ਦਾ ਇਕ ਪੈਨਲਟੀ ਕਾਰਨਰ ਵੀ ਬੇਕਾਰ ਚਲਾ ਗਿਆ ਸੀ। 25ਵੇਂ ਮਿੰਟ `ਚ ਪਾਕਿਸਤਾਨੀ ਟੀਮ ਨੇ ਫੀਲਡ ਗੋਲ ਕਰ ਦਿੱਤਾ। 29ਵੇਂ ਮਿੰਟ `ਚ ਭਾਰਤ ਨੂੰ ਮਿਲਿਆ ਦੂਜਾ ਪੈਨਲਟੀ ਕਾਰਨਰ ਵੀ ਅਜਾਈਂ ਚਲਾ ਗਿਆ। ਅੱਧੇ ਸਮੇਂ ਤਕ ਪਾਕਿਸਤਾਨ 1-0 ਗੋਲ ਨਾਲ ਅੱਗੇ ਸੀ।
ਦੂਜਾ ਅੱਧ ਸ਼ੁਰੂ ਹੋਇਆ ਤਾਂ ਭਾਰਤੀ ਟੀਮ ਦੇ ਹੱਲੇ ਹੋਰ ਤੇਜ਼ ਹੋ ਗਏ। ਗੇਂਦ ਵਾਰ-ਵਾਰ ਪਾਕਿਸਤਾਨ ਦੀ ਡੀ `ਚ ਜਾਣ ਲੱਗੀ। 44ਵੇਂ ਮਿੰਟ `ਚ ਭਾਰਤ ਨੂੰ ਫਿਰ ਪੈਨਲਟੀ ਕਾਰਨਰ ਮਿਲ ਗਿਆ। ਇਸ ਵਾਰ ਸੁਰਜੀਤ ਸਿੰਘ ਨੇ ਗੋਲ ਦਾ ਫੱਟਾ ਖੜਕਾ ਕੇ ਮੈਚ 1-1 ਦੀ ਬਰਾਬਰੀ `ਤੇ ਲੈ ਆਂਦਾ। 51ਵੇਂ ਮਿੰਟ `ਚ ਹਰਚਰਨ ਨੇ ਦੋ ਜਣਿਆਂ ਨੂੰ ਡਾਜ ਮਾਰ ਕੇ ਬਾਲ ਫਿਲਿਪਸ ਵੱਲ ਸੁੱਟਿਆ। ਉਸ ਨੇ ਅਸ਼ੋਕ ਨੂੰ ਪਾਸ ਦਿੱਤਾ ਜਿਸ ਨੇ ਦੂਜਾ ਗੋਲ ਕਰ ਦਿੱਤਾ। ਇੰਜ ਭਾਰਤ 2-1 ਗੋਲਾਂ ਨਾਲ ਵਿਸ਼ਵ ਕੱਪ ਜਿੱਤ ਗਿਆ। ਟੋਕੀਓ ਦੀਆਂ ਓਲੰਪਿਕ ਖੇਡਾਂ ਤੋਂ 11 ਸਾਲ ਬਾਅਦ ਭਾਰਤ ਫਿਰ ਹਾਕੀ ਦਾ ਵਰਲਡ ਚੈਂਪੀਅਨ ਬਣ ਗਿਆ। ਉਦੋਂ ਅਜੀਤਪਾਲ ਦੀ ਮਸ਼ਹੂਰੀ ਸਿਖਰਾਂ ਛੂਹ ਗਈ ਤੇ ਉਸ ਨੂੰ ਵਿਸ਼ਵ ਦਾ ਮਹਾਨ ਖਿਡਾਰੀ ਐਲਾਨਿਆ ਗਿਆ।
1976 ਵਿਚ ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਸਮੇਂ ਅਜੀਤਪਾਲ ਨੂੰ ਫਿਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਪਰ ਉਥੇ ਭਾਰਤੀ ਟੀਮ ਦੀ ਕਾਰਗੁਜ਼ਾਰੀ ਆਸ ਤੋਂ ਕਿਤੇ ਘੱਟ ਰਹੀ ਤੇ ਉਸ ਨੂੰ 7ਵੇਂ ਸਥਾਨ `ਤੇ ਰਹਿਣ ਦਾ ਸਬਰ ਕਰਨਾ ਪਿਆ। ਉਸ ਪਿੱਛੋਂ ਅਜੀਤਪਾਲ ਨੇ 1980 ਦੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਕਰਾਚੀ `ਚ ਭਾਗ ਲਿਆ ਪਰ ਪਹਿਲਾਂ ਵਾਲੀ ਗੱਲ ਨਾ ਬਣੀ ਤੇ ਉਹ ਸਰਗਰਮ ਹਾਕੀ ਤੋਂ ਰਿਟਾਇਰ ਹੋ ਕੇ ਦਿੱਲੀ ਦੇ ਪਟਰੋਲ ਪੰਪ ਦੇ ਕਾਰੋਬਾਰ ਵਿਚ ਪੈ ਗਿਆ। ਸਰੀਰ ਨਾਲ ਹਾਕੀ ਖੇਡਣੀ ਭਾਵੇਂ ਉਸ ਨੇ ਛੱਡ ਦਿੱਤੀ ਸੀ ਪਰ ਦਿਲ ਉਸ ਦਾ ਅਜੇ ਵੀ ਹਾਕੀ ਲਈ ਹੀ ਧੜਕਦਾ ਹੈ।
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’