ਸੰਜੀਵਨ ਸਿੰਘ
ਤੁਹਾਨੂੰ ਇਕ ਵਾਰ ਤਾਂ ਅੰਚਭਾ ਲੱਗੇਗਾ, ਕਿੱਥੇ ਸੈਮ ਬਹਾਦਰ ਕਿੱਥੇ ਦੇਵਾ ਆਨੰਦ।ਸੈਮ ਬਹਾਦਰ ਇਕ ਫੌਜੀ, ਦੇਵਾ ਆਨੰਦ ਆਪਣੇ ਸਮਿਆਂ ਦਾ ਸੁਨਹਿਰੀ ਪਰਦੇ ਦਾ ਚਮਕਦਾ-ਦਮਕਦਾ ਸਿਤਾਰਾ।ਇਹਨਾਂ ਦੋਵਾਂ ਦਾ ਆਪਸ ਵਿਚ ਕੀ ਮੇਲ, ਕੀ ਸਬੰਧ।ਪਰ ਫਿਲਮ ਸੈਮ ਬਹਾਦਰ ਵੇਖਣ ਤੋਂ ਬਾਅਦ ਮੈਨੂੰ ਦੋਵਾਂ ਦਾ ਮੇਲ ਵੀ ਲੱਗਿਆਂ, ਸਬੰਧ ਵੀ।ਦੋਵੇਂ ਮਝੈਲ ਹਨ।ਸੈਮ ਬਹਾਦਰ ਅੰਮ੍ਰਿਤਸਰ ਤੇ ਦੇਵਾ ਆਨੰਦ ਗੁਰਦਾਸਪੁਰ ਦੇ ਜੰਮਪਲ ਹਨ।
ਸੈਮ ਬਹਾਦਰ ਇਕ ਬੇਬਾਕ, ਇਮਾਨਦਾਰ, ਵਫ਼ਾਦਾਰ, ਬੇਖ਼ੌਫ਼, ਦਲੇਰ, ਸਿਰੜੀ ਫੋਜੀ ਵੀ ਸੀ ਤੇ ਇਨਸਾਨ ਵੀ।1932 ਤੋਂ 1973 ਆਪਣੀ ਚਾਰ ਦਹਾਕਿਆਂ ਦੀ ਨੌਕਰੀ ਦੌਰਾਨ ਸੈਮ ਬਹਾਦਰ ਨੇ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਸੂਰਮਗਤੀ ਨਾਲ ਪੰਜ ਯੁੱਧ ਲੜੇ। ਆਪਣੀ ਸੇਵਾ ਮੁੱਕਤੀ ਤੋਂ ਕੁੱਝ ਦਿਨ ਪਹਿਲਾਂ ਦੇਸ ਦੇ ਪਹਿਲੇ ਫੀਲਡ ਮਾਰਸ਼ਲ ਵਰਗੇ ਵਕਾਰੀ ਅਹੁੱਦੇ ’ਤੇ ਪਹੁੰਚਿਆਂ ਸੈਮ ਬਹਾਦਰ ਜਿੰਨ੍ਹਾਂ ਸਮਰਿਪਤ ਦੇਸ ਅਤੇ ਫੌਜ ਪ੍ਰਤੀ ਸੀ, ਉਨ੍ਹਾਂ ਹੀ ਸੁਹਿਰਦ ਆਪਣੇ ਪ੍ਰੀਵਾਰ ਵੱਲ ਵੀ।ਉਸਨੇ ਆਪਣੇ ਦੇਸ ਅਤੇ ਪ੍ਰਰਿਵਾਰ ਨੂੰ ਇੱਕੋ ਸਮੇਂ, ਇੱਕੋ ਜਿੰਨ੍ਹਾਂ ਪਿਆਰ ਕੀਤਾ।ਫੌਜ ਦੇ ਹਿੱਤਾਂ ਦੀ ਹਿਫ਼ਾਜ਼ਤ ਅਤੇ ਬੇਹਤਰੀ ਲਈ ਉਹ ਵੱਡੇ ਅਫਸਰ, ਮੰਤਰੀ, ਇੱਥੋਂ ਤੱਕ ਕੇ ਪ੍ਰਧਾਨ ਮੰਤਰੀ ਤੱਕ ਨਾਲ ਵੀ ਮੱਥਾ ਲਾਉਣ ਤੋਂ ਨਾ ਝਿਜਕਦਾ ਸੀ, ਨਾ ਹੀ ਘਬਰਾਉਂਦਾ।ਜਿਸ ਦਾ ਖਮਿਆਜ਼ਾ ਵੀ ਉਸ ਨੂੰ ਕਈ ਵਾਰ ਭੁਗਤਨਾ ਪਿਆ।ਸੈਮ ਬਹਾਦਰ ਦਾ ਪੂਰਾ ਨਾਂ ਸੈਮ ਹਰਮੁਸਜੀ ਫਰਾਮਜੀ ਜਮਸ਼ੇਦਜੀ ਮਾਨੇਕਸ਼ਾ ਸੀ ਪਰ ਇਕ ਵਾਰ ਜਦ ਉਸ ਨੇ ਫੌਜ ਦੇ ਇਕ ਜਵਾਨ ਤੋਂ ਆਪਣਾ ਨਾਂ ਪੁੱਛਿਆਂ ਤਾਂ ਫੌਜੀ ਤੋਂ ਉਸਦਾ ਪੂਰਾ ਨਾ ਲੈ ਨਹੀਂ ਹੋਇਆਂ। ਫੌਜੀ ਨੇ ਸੈਮ ਬਹਾਦਰ ਕਹਿ ਦਿੱਤਾ।ਸੈਮ ਹਰਮੁਸਜੀ ਫਰਾਮਜੀ ਜਮਸ਼ੇਦਜੀ ਮਾਨੇਕਸ਼ਾ ਨੂੰ ਇਹ ਨਾਂ ਇਨ੍ਹਾਂ ਪਸੰਦ ਆਇਆ। ਉਸ ਨੇ ਸਦਾ ਲਈ ਹੀ ਆਪਣਾ ਨਾਂ ਸੈਮ ਬਹਾਦਰ ਰੱਖ ਲਿਆ।
ਸੈਮ ਬਹਾਦਰ ਦੀ ਜ਼ਿੰਦਗੀ ’ਤੇ ਅਧਾਰਿਤ ਇਕ ਫਿਲਮ ਵੇਖੀ, ਵਿੱਕੀ ਕੌਸ਼ਲ ਨੇ ਸੈਮ ਬਹਾਦਰ ਨੂੰ ਹੂ-ਬ-ਹੂ ਪਰਦੇ ’ਤੇ ਪੇਸ਼ ਕੀਤਾ।ਜਿਸ ਦੀ ਪ੍ਰਸੰਸਾ ਵੀ ਹੋ ਰਹੀ ਹੈ।ਇਕ ਗੱਲ ਮੈਂ ਪਹਿਲਾਂ ਦੀ ਸਪਸ਼ਟ ਕਰ ਦਿਆਂ, ਮੈਂ ਫਿਲਮ ਦੀ ਸਮੀਖਿਆਂ ਬਿਲੁਕੱਲ ਵੀ ਨਹੀਂ ਕਰਨੀ, ਇਹ ਕੰਮ ਸਮੀਖਿਆਕਾਰਾਂ ਦਾ ਹੈ।ਪਰ ਫਿਲਮ ਵੇਖਣ ਦੌਰਾਨ ਇਕ ਗੱਲ ਮੈਨੂੰ ਵਾਰ ਵਾਰ ਇਹ ਸੋਚਣ ਲਈ ਮਜਬੂਰ ਕਰ ਰਹੀ ਸੀ ਕਿ ਫਿਲਮ ਵਿਚ ਵਿੱਕੀ ਕੌਸ਼ਲ ਦੀ ਬੋਲਚਾਲ ਦਾ ਲਹਿਜ਼ਾ, ਹਾਵ-ਭਾਵ ਤੇ ਤੁਰਨ-ਫਿਰਨ ਦਾ ਅੰਦਾਜ਼ ਆਪਣੇ ਸਮਿਆਂ ਦੇ ਚਰਚਿੱਤ ਤੇ ਬੇਹਤਰੀਨ ਫਿਲਮ ਅਦਾਕਾਰ ਦੇਵ ਆਨੰਦ ਨਾਲ ਮਿਲ ਰਿਹਾ ਹੈ।ਮੈਂ ਸੋਚ ਰਿਹਾ ਸੀ ਕਿ ਵਿੱਕੀ ਕੌਸ਼ਲ ਨੇ ਦੇਵਾ ਆਨੰਦ ਦੀ ਨਕਲ ਖ਼ੁਦ ਤਾਂ ਕੀਤੀ ਨਹੀਂ ਹੋ ਸਕਦੀ।ਜੇ ਕੀਤੀ ਹੋਵੇਗੀ ਤਾਂ ਨਿਰਦੇਸ਼ਕ ਦੇ ਕਹਿਣ ’ਤੇ ਹੀ ਕੀਤੀ ਹੋਵੇਗੀ।ਕਿਉਂਕਿ ਕਿਸੇ ਵੀ ਅਭਿਨੇਤਾ ਨੂੰ ਕੋਈ ਹੀ ਨਿਰਦੇਸ਼ਕ ਆਪਣੀ ਮੰਨ ਮਰਜ਼ੀ ਕਰਨ ਦੀ ਇਜਾਜ਼ਤ ਨਹੀ ਦੇ ਸਕਦਾ ਤੇ ਨਾ ਹੀ ਦੇਣੀ ਚਾਹੀਦੀ ਹੈ।
ਫੇਰ ਖ਼ਿਆਲ ਆਇਆ, ਹੋ ਸਕਦਾ ਹੈ ਸੈਮ ਬਹਾਦਰ ਹੀ ਦੇਵਾ ਆਨੰਦ ਤੋਂ ਪ੍ਰਭਾਵਿਤ ਹੋਵੇ।ਪਰ ਅਸਲੀ ਜ਼ਿੰਦਗੀ ਵਿਚ ਨਾਇਕ ਨੂੰ ਫਿਲਮੀ ਪਰਦੇ ਦੇ ਨਾਇਕ ਤੋਂ ਇਸ ਕਦਰ ਪ੍ਰਭਾਵਿਤ ਹੋਣ ਦੀ ਵਜਹ ਸਮਝ ਨਹੀਂ ਸੀ ਆ ਰਹੀ।ਮੈਂ ਸੋਚਿਆ ਕਿਉਂ ਨਾ ਸੈਮ ਬਹਾਦਰ ਤੇ ਦੇਵਾ ਆਨੰਦ ਬਾਰੇ ਕਿਉਂ ਨਾ ਗੂਗਲ ਬਾਬੇ ਤੋਂ ਪੁੱਛਿਆ ਜਾਵੇ।ਗੂਗਲ ਬਾਬੇ ਨੇ ਵੀ ਸੈਮ ਬਹਾਦਰ ਤੇ ਦੇਵਾ ਆਨੰਦ ਮੇਰੀ ਰਾਏ ਨੂੰ ਤਸਦੀਕ ਕੀਤਾ।ਸੈਮ ਬਹਾਦਰ ਤੇ ਦੇਵਾ ਆਨੰਦ ਦੀਆਂ ਜਵਾਨੀਆਂ ਦੀਆਂ ਤਸਵੀਰਾਂ ਵੇਖੀਆਂ ਜੋ ਬਹੁਤ ਹੱੱਦ ਤੱਕ ਮਿਲਦੀਆਂ-ਜੁਲਦੀਆਂ ਸਨ।ਦੋਵਾਂ ਦੀ ਵੀ. ਡੀ. ਓ. ਵੇਖਣ ’ਤੇ ਹੈਰਾਨੀ ਹੋਈ ਕਿ ਦੋਵਾਂ ਦਾ ਬੋਲਚਾਲ ਦਾ ਲਹਿਜ਼ਾ, ਹਾਵ-ਭਾਵ ਤੇ ਤੁਰਨ-ਫਿਰਨ ਦਾ ਅੰਦਾਜ਼ ਵੀ ਕਾਫੀ ਹੱਦ ਤੱੱਕ ਇੱਕੋ-ਜਿਹਾ ਸੀ।
ਦੇਵਾ ਆਨੰਦ ਦੀ ਅਦਾਕਰੀ ਤੇ ਅੰਦਾਜ਼ ਦਾ ਦੀਵਾਨਿਆ ਦੀ ਗਿਣਤੀ ਬੇਸ਼ੁਮਾਰ ਸੀ। ਉਸ ਦੀ ਅਦਕਾਰੀ ਤੇ ਅੰਦਾਜ਼ ਦੀ ਨਕਲ ਕਈ ਅਦਕਾਰਾਂ ਨੇ ਕੀਤੀ, ਅੱਜ ਵੀ ਕਰ ਰਹੇ ਹਨ।ਇਕ ਅਦਾਕਾਰ ਨੇ ਦੇਵਾ ਆਨੰਦ ਦੀ ਅਦਾਕਾਰੀ ਦੀ ਹੂ-ਬ-ਹੂ ਨਕਲ ਕਰ ਕੇ ਫਿਲਮੀ ਦੁਨੀਆਂ ਵਿਚ ਚਰਚਿਤ ਹੋਇਆ,ਉਸ ਨੇ ਦੌਲਤ ਵੀ ਕਮਾਈ ਤੇ ਸ਼ੌਹਰਤ ਵੀ।ਜਦ ਦੇਵਾ ਆਨੰਦ ਨੂੰ ਵੱਧਦੀ ਉਮਰ ਕਾਰਣ ਫਿਲਮਾਂ ਵਿਚ ਕੰਮ ਮਿਲਣਾ ਬੰਦ ਹੋ ਗਿਆ।ਉਦੋਂ ਉਹ ਅਦਾਕਾਰ ਪ੍ਰਸਿੱਧੀ ਦੀ ਸ਼ਿਖਰ ’ਤੇ ਸੀ।ਦੇਵਾ ਨੇ ਖ਼ੁਦ ਮੰਨਿਆਂ ਸੀ ਕਿ ਮੈਨੂੰ ਤਾਂ ਫਿਲਮਾਂ ਵਿਚ ਕੰਮ ਨਹੀਂ ਮਿਲ ਰਿਹਾ ਪਰ ਮੇਰੀ ਨਕਲ ਕਰ ਰਹੇ ਅਦਾਕਾਰ ਨੂੰ ਫਿਲਮਾਂ ਵਿਚ ਨਾਮ ਵੀ ਮਿਲ ਰਿਹਾ ਹੈ ਅਤੇ ਉਹ ਨਾਮਾ ਵੀ।
ਸੈਮ ਬਹਾਦਰ ਤੇ ਦੇਵਾ ਆਨੰਦ ਬਾਰੇ ਹੋਰ ਵਿਸਥਾਰ ਨਾਲ ਜਾਨਣ ’ਤੇ ਪਤਾ ਲੱਗਾ ਕਿ ਸੈਮ ਬਹਾਦਰ ਦਾ ਜਨਮ 1914 ਵਿਚ ਹੋਇਆ ਤੇ ਦੇਵਾ ਆਨੰਦ ਦਾ 1923 ਵਿਚ।ਸੈਮ ਬਹਾਦਰ ਨੇ ਆਪਣੀ ਫੌਜ ਦੀ ਨੌਕਰੀ 28 ਸਾਲ ਦੀ ਉਮਰ ਵਿਚ 1932 ਵਿਚ ਸ਼ੁਰੂ ਕੀਤੀ ਤੇ ਦੇਵਾ ਆਨੰਦ ਨੇ ਆਪਣਾ ਫਿਲਮੀ ਸਫ਼ਰ 1946 ਵਿਚ ‘ਹਮ ਏਕ ਹੈ’ ਫਿਲਮ ਤੋਂ 22 ਸਾਲ ਦੀ ਉਮਰ ਵਿਚ।ਸੈਮ ਬਹਾਦਰ ਆਪਣੀ ਫੌਜ ਨੌਕਰੀ ਦੇ ਕੁੱਝ ਅਰਸੇ ਬਾਅਦ ਹੀ 1939 ਤੋਂ 1945 ਛੇ ਸਾਲ ਚੱਲੇ ਦੂਜੇ ਵਿਸ਼ਵ ਯੁੱਧ ਵਿਚ ਵਿਖਾਈ ਬਹਾਦਰੀ ਕਰਕੇ ਚਰਚਿੱਤ ਹੋ ਗਿਆ ਸੀ।ਪਰ ਦੇਵਾ ਆਨੰਦ ਨੂੰ ਪ੍ਰਸਿੱਧੀ ਮਿਲੀ 1965 ਵਿਚ ਪ੍ਰਦਰਿਸ਼ਤ ਹੋਈ ਫਿਲਮ ‘ਗਾਇਡ’ ਤੋਂ।
ਜਦੋਂ ਫਿਲਮ ‘ਗਾਇਡ’ ਦੀ ਸਫਲਤਾ ਨੇ ਦੇਵਾ ਆਨੰਦ ਦੇ ਬੋਲਚਾਲ ਦੇ ਲਹਿਜ਼ੇ, ਹਾਵ-ਭਾਵ ਤੇ ਤੁਰਨ-ਫਿਰਨ ਦੇ ਅੰਦਾਜ਼ ਨੂੰ ਦਰਸ਼ਕਾਂ ਵਿਚ ਮਕਬੂਲ ਕੀਤਾ।ਉਸ ਸਮੇਂ ਸੈਮ ਬਹਾਦਰ ਸਫਲਤਾ ਅਤੇ ਮਕਬੂਲੀਅਤ ਦੀ ਸਿਖ਼ਰਲੀ ਪੋੜੀ ’ਤੇ ਸੀ।ਇਸ ਲਈ ਇਹ ਕਹਿਣਾ ਵਾਜਿਬ ਹੋਵੇਗਾ ਕਿ ਦੇਵਾ ਆਨੰਦ ਨੇ ਸੈਮ ਬਹਾਦਰ ਦੇ ਅੰਦਾਜ਼ ਨੂੰ ਅਪਣਾ ਕੇ ਫਿਲਮਾਂ ਵਿਚ ਆਪਣੀ ਧਾਂਕ ਜਮਾਈ।
ਪੇਸ਼ਕਸ਼
ਸੰਜੀਵਨ ਸਿੰਘ: 94174-60656