ਓਟਵਾ, 27 ਮਾਰਚ (ਪੋਸਟ ਬਿਊਰੋ) : 2023 ਦੇ ਬਜਟ ਵਿੱਚ ਘੱਟ ਆਮਦਨ ਵਾਲੇ ਕੈਨੇਡੀਅਨਜ਼, ਜਿਹੜੇ ਫੂਡ ਦੀਆਂ ਦਿਨੋਂ ਦਿਨ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਹਨ, ਲਈ ਗਰੌਸਰੀ ਰਿਬੇਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧ ਵਿੱਚ ਨਵੇਂ ਮਾਪਦੰਡ ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਫੈਡਰਲ ਬਜਟ ਦਾ ਹਿੱਸਾ ਬਣਨਗੇ ਤੇ ਇਸ ਨਾਲ 11 ਮਿਲੀਅਨ ਘੱਟ ਆਮਦਨ ਵਾਲੇ ਕੈਨੇਡੀਅਨਜ਼ ਦੀ ਮਦਦ ਹੋਵੇਗੀ। ਨਵੇਂ ਮਾਪਦੰਡਾਂ ਤਹਿਤ ਯੋਗ ਜੋੜੇ ਜਿਨ੍ਹਾਂ ਦੇ ਦੋ ਬੱਚੇ ਹਨ, ਉਨ੍ਹਾਂ ਨੂੰ 467 ਡਾਲਰ ਦੀ ਪੇਅਮੈਂਟ ਹਾਸਲ ਹੋਵੇਗੀ, ਸੀਨੀਅਰ ਨੂੰ 225 ਡਾਲਰ ਜਦਕਿ ਸਿੰਗਲ ਵਿਅਕਤੀ ਨੂੰ 234 ਡਾਲਰ ਹਾਸਲ ਹੋਣਗੇ। ਸੂਤਰਾਂ ਅਨੁਸਾਰ ਹਾਊਸ ਆਫ ਕਾਮਨਜ਼ ਵਿੱਚ ਇਹ ਬਿੱਲ ਪਾਸ ਹੋਣ ਤੋਂ ਬਾਅਦ ਇਹ ਬੈਨੇਫਿਟ ਜੀਐਸਟੀ ਰਿਬੇਟ ਸਿਸਟਮ ਰਾਹੀਂ ਮੁਹੱਈਆ ਕਰਵਾਏ ਜਾਣਗੇ।
ਇਹ ਰਕਮ ਉਸ ਰਕਮ ਦੇ ਬਰਾਬਰ ਹੈ ਜਿਹੜੀ ਲਿਬਰਲਾਂ ਵੱਲੋਂ ਪਿਛਲੇ ਸਾਲ ਜੀਐਸਟੀ ਕ੍ਰੈਡਿਟ ਨੂੰ ਦੁੱਗਣਾ ਕਰਕੇ ਪੇਸ਼ ਕੀਤੀ ਗਈ ਸੀ। ਇਹ ਰਕਮ 2·5 ਬਿਲੀਅਨ ਡਾਲਰ ਦੇ ਨੇੜੇ ਤੇੜੇ ਸੀ ਤੇ ਇਸ ਫੈਸਲੇ ਨੂੰ ਸਾਰੀਆਂ ਪਾਰਟੀਆਂ ਦਾ ਸਮਰਥਨ ਹਾਸਲ ਹੋਇਆ ਸੀ।ਸਟੈਟੇਸਟਿਕਸ ਕੈਨੇਡਾ ਦੀ ਮਹਿੰਗਾਈ ਸਬੰਧੀ ਤਾਜ਼ਾ ਰਿਪੋਰਟ ਅਨੁਸਾਰ ਫੂਡ ਦੀਆਂ ਕੀਮਤਾਂ ਵਿੱਚ ਸਾਲ ਦਰ ਸਾਲ ਹੋਏ ਵਾਧੇ ਨਾਲ ਜਨਵਰੀ ਵਿੱਚ ਫੂਡ ਦੀਆਂ ਕੀਮਤਾਂ ਵਿੱਚ 11·4 ਫੀ ਸਦੀ ਵਾਧਾ ਹੋਇਆ। ਇਹ 5·9 ਫੀ ਸਦੀ ਮਹਿੰਗਾਈ ਦਰ ਤੋਂ ਦੁੱਗਣੀ ਹੈ ਤੇ ਪਿਛਲੇ ਮਹੀਨੇ ਦੀ 11 ਫੀ ਸਦੀ ਦਰ ਨਾਲੋਂ ਵੀ ਜਿ਼ਆਦਾ ਹੈ।